ਤ੍ਰਿਪਤ ਬਾਜਵਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਲਈ ਮੁਆਫੀ ਮੰਗੇ: ਸ਼੍ਰੋਮਣੀ ਅਕਾਲੀ ਦਲ

sad

ਤ੍ਰਿਪਤ ਬਾਜਵਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਲਈ ਮੁਆਫੀ ਮੰਗੇ: ਸ਼੍ਰੋਮਣੀ ਅਕਾਲੀ ਦਲ

ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਅਜੇ ਵੀ ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਦਾ ਬਚਾਅ ਕਿਉਂ ਕਰ ਰਿਹਾ ਹੈ

ਕਿਹਾ ਕਿ ਤ੍ਰਿਪਤ ਇਹ ਵੀ ਨਹੀਂ ਜਾਣਦਾ ਕਿ ਖਾਲਸਾ ਸਿਰਜਣਾ ਦਾ ਤਿੰਨ ਸੌ ਸਾਲਾ ਸਮਗਾਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਸੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਕਿਹਾ ਹੈ ਕਿ ਉਹ ਸਿੱਖਾਂ ਦੀ ਸਰਬ ਉੱਚ ਸੰਸਥਾ ਬਾਰੇ ਆਪਣੇ ਮੂੰਹ ਖੋਲ੍ਹਣ ਤੋਂ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਕਰਵਾਈ ਅਣਮਨੁੱਖੀ ਕਾਰਵਾਈ ਆਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਹਜ਼ਾਰਾਂ ਨਿਰਦੋਸ਼ ਦੇ ਕਤਲ ਲਈ ਮੁਆਫੀ ਮੰਗੇ ਅਤੇ ਕਾਂਗਰਸ ਪਾਰਟੀ ਨੂੰ ਛੱਡੇ।

ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਬਾਰੇ ਆਪਣੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਵਿੱਤਰ ਨਾਂ ਆਪਣੇ ਖੂਨ ਦੇ ਪਿਆਸੇ ਬੁੱਲਾਂ ਉੱਤੇ ਲਿਆਉਣਾ ਕਾਂਗਰਸੀਆਂ ਆਗੂਆਂ ਨੂੰ ਸ਼ੋਭਦਾ ਨਹੀਂ ਹੈ।

ਹੋਰ ਪੜ੍ਹੋ: ਹਰਸਿਮਰਤ ਕੌਰ ਬਾਦਲ ਪਹੁੰਚੇ ਫਿਲੌਰ, ਪੀੜਤਾਂ ਨੂੰ ਖੁਦ ਵੰਡੀ ਰਾਹਤ ਸਮੱਗਰੀ (ਤਸਵੀਰਾਂ)

ਉਹਨਾਂ ਕਿਹਾ ਕਿ ਤ੍ਰਿਪਤ ਬਾਜਵਾ ਪਹਿਲਾ ਸਿੱਖ ਵਿਰੋਧੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਵੇ ਅਤੇ ਫਿਰ ਇਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਟੈਂਕ ਚੜਾਉਣ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਹਜ਼ਾਰਾਂ ਨਿਰਦੋਸ਼ ਸਿੰਘਾਂ-ਸਿੰਘਣੀਆਂ ਦਾ ਕਤਲੇਆਮ ਕਰਨ ਅਤੇ ਦਿੱਲੀ, ਕਾਨਪੁਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਕਤਲੇਆਮ ਲਈ ਮੁਆਫੀ ਮੰਗੇ।

ਉਹਨਾਂ ਕਿਹਾ ਕਿ ਉਹਨਾਂ ਦਾ ਆਗੂ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਸਿੱਖਾਂ ਦੇ ਕਾਤਲ ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਵਰਗਿਆਂ ਦਾ ਬਚਾਅ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਮਾਮਲਿਆਂ ਬਾਰੇ ਬੋਲਣ ਦਾ ਹੱਕ ਹਾਸਿਲ ਕਰਨ ਤੋਂ ਪਹਿਲਾਂ ਤ੍ਰਿਪਤ ਬਾਜਵਾ ਇਹਨਾਂ ਸਾਰੇ ਬੱਜਰ ਪਾਪਾਂ ਲਈ ਮੁਆਫੀ ਮੰਗੇ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਵੇ।

ਚੰਦੂਮਾਜਰਾ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਝੁਕਾਇਆ ਹੈ। ਉਹਨਾਂ ਨੂੰ ਜਦੋਂ ਵੀ ਸੱਦਿਆ ਗਿਆ ਉਹ ਹਾਜ਼ਰ ਹੋਏ ਹਨ। ਉਹਨਾਂ ਕਿਹਾ ਕਿ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਵਾਲੇ ਇਕਲੌਤੇ ਸਿੱਖ ਆਗੂ ਹਨ, ਜਿਹਨਾਂ ਨੂੰ ਸਨਮਾਨਪੂਰਬਕ ਛੱਡ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਬਾਜਵਾ ਨੂੰ ਸੰਵੇਦਨਸ਼ੀਲ ਮੁੱਦਿਆਂ ਉਤੇ ਟਿੱਪਣੀ ਕਰਨ ਤੋਂ ਪਹਿਲਾਂ ਤੱਥ ਛਾਣ ਲੈਣੇ ਚਾਹੀਦੇ ਹਨ ਅਤੇ ਇਤਿਹਾਸ ਦਾ ਗਿਆਨ ਲੈ ਲੈਣਾ ਚਾਹੀਦਾ ਹੈ।

ਉਸ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ ਕੀਤੇ ਪਾਪਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਕਾਂਗਰਸ ਨੂੰ ਛੱਡ ਦੇਣਾ ਚਾਹੀਦਾ ਹੈ।ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਤ੍ਰਿਪਤ ਇਹ ਵੀ ਨਹੀਂ ਜਾਣਦਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਖਾਲਸਾ ਸਿਰਜਣਾ ਦਾ ਤਿੰਨ ਸੌ ਸਾਲਾ ਸਮਗਾਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਸੀ। ਉਹਨਾਂ ਕਿਹਾ ਕਿ ਉਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਤਿੰਨੋ ਸੈਨਾਵਾਂ ਦੇ ਮੁਖੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ ਜਦਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਇਹਨਾਂ ਤਾਕਤਾਂ ਦਾ ਇਸਤੇਮਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਲਈ ਕੀਤਾ ਸੀ।

-PTC News