ਲੌਕਡਾਊਨ ਦੌਰਾਨ ਕੰਮ ਬੰਦ ਹੋਣ ਕਰਕੇ ਟੀਵੀ ਅਦਾਕਾਰ ਮਨਮੀਤ ਗਰੇਵਾਲ ਨੇ ਕੀਤੀ ਖ਼ੁਦਕੁਸ਼ੀ

By Kaveri Joshi - May 17, 2020 6:05 pm

ਨਵੀਂ ਮੁੰਬਈ (ਮੁੰਬਈ)- ਲੌਕਡਾਊਨ ਦੌਰਾਨ ਕੰਮ ਬੰਦ ਹੋਣ ਕਰਕੇ ਟੀਵੀ ਅਦਾਕਾਰ ਮਨਮੀਤ ਗਰੇਵਾਲ ਨੇ ਕੀਤੀ ਖ਼ੁਦਕੁਸ਼ੀ: ਕੋਰੋਨਾਵਾਇਰਸ ਕਾਰਨ ਲਾਗੂ ਹੋਏ ਲੌਕਡਾਊਨ ਦੇ ਚਲਦੇ ਕਈ ਲੋਕ ਨਿਰਾਸ਼ਾ ਅਤੇ ਪ੍ਰੇਸ਼ਾਨੀ ਦੇ ਆਲਮ 'ਚ ਧੱਸ ਰਹੇ ਹਨ , ਖ਼ਾਸ ਕਰਕੇ ਉਹ ਲੋਕ ਜਿੰਨ੍ਹਾਂ ਦਾ ਇਸ ਸਮੇਂ ਦੌਰਾਨ ਰੋਜ਼ੀ ਰੋਟੀ ਦਾ ਸਾਧਨ ਉਹਨਾਂ ਕੋਲੋਂ ਖੁੱਸ ਗਿਆ ਹੈ। ਅਜਿਹੇ 'ਚ ਚੰਗੇ ਭਵਿੱਖ ਦੀ ਆਸ 'ਚ ਮੁੰਬਈ ਵਿਖੇ ਗਏ ਪੰਜਾਬੀ ਟੀਵੀ ਕਲਾਕਾਰ ਮਨਮੀਤ ਗਰੇਵਾਲ ਵੱਲੋਂ ਲੌਕਡਾਊਨ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਦੁੱਖਦਾਇਕ ਖਬ਼ਰ ਸਾਹਮਣੇ ਆਈ ਹੈ।

ਤਣਾਅ ਕਾਰਨ ਚੁੱਕਿਆ ਇਹ ਕਦਮ :-

ਅਦਾਕਾਰ ਮਨਮੀਤ ਗਰੇਵਾਲ, ਜੋ ਟੀਵੀ ਸ਼ੋਅ 'ਆਦਤ ਸੇ ਮਜਬੂਰ' ਵਿੱਚ ਆਪਣੀ ਅਦਾਕਾਰੀ ਲਈ ਮਸ਼ਹੂਰ ਸੀ , ਨੇ ਸ਼ੁੱਕਰਵਾਰ ਰਾਤ ਨੂੰ ਪੱਖੇ ਨਾਲ ਫਾਹਾ ਲੈ ਲਿਆ। ਉਹ ਖਾਰਗੜ੍ਹ 'ਚ ਆਪਣੀ ਪਤਨੀ ਸਮੇਤ ਰਹਿ ਰਿਹਾ ਸੀ ਅਤੇ ਕੋਰੋਨਾਵਾਇਰਸ ਦੇ ਚਲਦੇ ਕੰਮ ਗਵਾਉਣ ਕਾਰਨ ਤਣਾਅ 'ਚ ਸੀ , ਜਿਸ ਕਾਰਨ ਉਸਨੇ ਅਜਿਹਾ ਖੌਫ਼ਨਾਕ ਕਦਮ ਚੁੱਕਿਆ ।

ਜ਼ਿਕਰਯੋਗ ਹੈ ਕਿ ਲੌਕਡਾਊਨ ਕਾਰਨ ਕਈ ਫ਼ਿਲਮਾਂ ਦਾ ਕੰਮ ਅੱਧ ਵਿਚਾਲੇ ਲਟਕ ਗਿਆ ਹੈ ਤੇ ਕਈ ਟੀਵੀ ਸੀਰੀਅਲ ਦੇ ਅਗਲੇ ਐਪੀਸੋਡਾਂ ਦੀ ਸ਼ੂਟਿੰਗ ਨਹੀਂ ਹੋ ਪਾ ਰਹੀ ਹੈ । ਮਨਪ੍ਰੀਤ ਗਰੇਵਾਲ ਫ਼ਿਲਮੀ ਦੁਨੀਆਂ 'ਚ ਬਤੌਰ ਅਦਾਕਾਰ ਪੂਰੀ ਮਿਹਨਤ ਕਰ ਰਿਹਾ ਸੀ ਪਰ ਕੋਰੋਨਾ ਦੇ ਪ੍ਰਭਾਵ ਦੇ ਚਲਦਿਆਂ ਦੇਸ਼ 'ਚ ਤਾਲਾਬੰਦੀ ਲਾਗੂ ਹੋ ਗਈ ਅਤੇ ਸ਼ੂਟਿੰਗਾਂ ਦਾ ਸਾਰਾ ਕੰਮ ਠੱਪ ਹੋ ਗਿਆ , ਇਸੇ ਦੌਰਾਨ ਉਸਦਾ ਰੁਜ਼ਗਾਰ ਦਾ ਜ਼ਰੀਆ ਵੀ ਬੰਦ ਹੋਇਆ ਪਿਆ ਸੀ । ਆਰਥਿਕ ਤੰਗੀ ਅਤੇ ਕਰਜ਼ੇ ਦਾ ਭਾਰ ਮਹਿਸੂਸ ਕਰਦੇ ਹੋਏ ਉਸਨੇ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ ।

ਦੋਸਤ ਨੇ ਕੀਤਾ ਖੁਲਾਸਾ:-

ਸਪਾਟਬੁਆਏ ਨਾਲ ਇੱਕ ਇੰਟਰਵਿਊ ਵਿੱਚ ਮਨਮੀਤ ਦੇ ਦੋਸਤ ਮਨਜੀਤ ਸਿੰਘ ਨੇ ਸਾਰੀ ਘਟਨਾ ਬਾਰੇ ਦੱਸਿਆ। ਉਸਨੇ ਖੁਲਾਸਾ ਕੀਤਾ ਕਿ ਮਨਮੀਤ ਦੀ ਪਤਨੀ ਖਾਣਾ ਪਕਾ ਰਹੀ ਸੀ ਜਦੋਂ ਉਸਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਪੱਖੇ ਤੋਂ ਲਟਕਣ ਲਈ ਕੁਰਸੀ ਦੀ ਵਰਤੋਂ ਕੀਤੀ। ਉਹਨਾਂ ਕਿਹਾ ਕਿ ਉਹ ਸ਼ਾਮ ਨੂੰ ਠੀਕ ਲੱਗ ਰਿਹਾ ਸੀ ਅਤੇ ਬਾਅਦ 'ਚ ਆਪਣੇ ਕਮਰੇ 'ਚ ਚਲਾ ਗਿਆ ਅਤੇ ਕਮਰਾ ਬੰਦ ਕਰ ਲਿਆ , ਉਸ ਵਕਤ ਉਸਦੀ ਪਤਨੀ ਖਾਣਾ ਬਣਾ ਰਹੀ ਸੀ , ਜਦੋਂ ਉਸਨੇ ਕੁਰਸੀ ਦਾ ਖੜਾਕ ਸੁਣਿਆ ਤਾਂ ਉਹ ਬੈੱਡ ਰੂਮ ਵੱਲ ਗਈ ਅਤੇ ਉਸਨੂੰ ਬਚਾਉਣ ਵਾਸਤੇ ਫੜ੍ਹ ਕੇ ਉਤਾਰਨ ਦੀ ਕੋਸ਼ਿਸ਼ ਕੀਤੀ ਇਥੋਂ ਤੱਕ ਕਿ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ , ਪਰ ਕੋਈ ਵੀ ਉਸਨੂੰ ਹੇਠਾਂ ਉਤਾਰਨ ਲਈ ਉਸਦੀ ਮਦਦ ਕਰਨ ਲਈ ਨਹੀਂ ਆਇਆ । ਫਿਰ ਸੁਰੱਖਿਆ ਗਾਰਡ ਨੇ ਆ ਕੇ ਦੁੱਪਟਾ ਕੱਟਿਆ ਅਤੇ ਉਸਨੂੰ ਹੇਠਾਂ ਉਤਾਰਿਆ ।

ਦੱਸ ਦੇਈਏ ਕਿ ਮਨਮੀਤ ਗਰੇਵਾਲ ਨੂੰ ਦੋ ਟੀਵੀ ਸ਼ੋਅ ‘ਆਦਤ ਸੇ ਮਜਬੂਰ’ ਅਤੇ ‘ਕੁਲਦੀਪਕ’ ਵਿੱਚ ਕਾਫ਼ੀ ਪ੍ਰਸਿੱਧੀ ਹਾਸਿਲ ਕੀਤੀ ਸੀ । ਮਨਮੀਤ ਟੀਵੀ ਸੀਰੀਅਲ 'ਚ ਛੋਟੇ-ਛੋਟੇ ਕਿਰਦਾਰ ਨਿਭਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਅਤੇ ਇਸ ਇੰਤਜ਼ਾਰ 'ਚ ਸੀ ਕਿ ਜਲਦ ਉਸਦੀ ਕਿਸਮਤ ਦੇ ਸਿਤਾਰੇ ਚਮਕਣਗੇ ,ਪਰ ਲੌਕਡਾਊਨ ਨੇ ਉਸਦੇ ਸਾਰੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ , ਜਿਸਦੇ ਚਲਦੇ ਉਸਨੇ ਖ਼ੁਦਕੁਸ਼ੀ ਕਰ ਲਈ ।

adv-img
adv-img