ਮੁੱਖ ਖਬਰਾਂ

ਪੰਜਾਬ 'ਚ ਖੁੱਲ੍ਹੇ ਹੋਟਲ , ਰੈਸਟੋਰੈਂਟ ,ਸ਼ਾਪਿੰਗ ਮਾਲ ਤੇ ਧਾਰਮਿਕ ਸਥਾਨ ,ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

By Shanker Badra -- June 08, 2020 12:07 pm

ਪੰਜਾਬ 'ਚ ਖੁੱਲ੍ਹੇ ਹੋਟਲ , ਰੈਸਟੋਰੈਂਟ ,ਸ਼ਾਪਿੰਗ ਮਾਲ ਤੇ ਧਾਰਮਿਕ ਸਥਾਨ ,ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ:ਚੰਡੀਗੜ੍ਹ : ਲਾਕਡਾਊਨ ਕਰਕੇ ਕਰੀਬ 2 ਮਹੀਨੇ ਬਾਅਦ ਅੱਜ ਤੋਂ ਦੇਸ਼ 'ਚ ਸ਼ਾਪਿੰਗ ਮਾਲ, ਧਾਰਮਿਕ ਸਥਾਨ, ਹੋਟਲ ਤੇ ਰੈਸਟੋਰੈਂਟ ਮੁੜ ਤੋਂ ਖੁੱਲ੍ਹ ਗਏ ਹਨ। ਇਨ੍ਹਾਂ 'ਚ ਨਵੇਂ ਨਿਯਮਾਂ ਤਹਿਤ ਦਾਖ਼ਲੇ ਲਈ ਟੋਕਨ ਸਿਸਟਮ ਲਾਗੂ ਹੋਵੇਗਾ। ਇਸ ਦੌਰਾਨ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਸੂਬੇ 'ਚ ਅੱਜ ਤੋਂ ਸ਼ਾਪਿੰਗ ਮਾਲ, ਹੋਟਲ ਤੇ ਰੈਸਟੋਰੈਂਟ ਵੀ ਖੁੱਲ੍ਹਣਗੇ। ਕੇਂਦਰ ਸਰਕਾਰ ਵਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਤਹਿਤ ਪੰਜਾਬ ਗ੍ਰਹਿ ਵਿਭਾਗ ਨੇ ਇਸ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਧਾਰਮਿਕ ਸਥਾਨਾਂ ਸਬੰਧੀ ਹਦਾਇਤਾਂ 

ਸੋਮਵਾਰ ਤੋਂ ਧਾਰਮਿਕ ਸਥਾਨਾਂ 'ਚ ਲੋਕਾਂ ਦੇ ਦਾਖਲੇ ਨੂੰ ਸ਼ਰਤਾਂ 'ਤੇ ਇਜਾਜ਼ਤ ਦਿੰਦਿਆਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਫਿਲਹਾਲ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਹੀ ਖੁੱਲ੍ਹ ਸਕਣਗੇ। ਇਸ ਦੌਰਾਨ ਧਾਰਮਿਕ ਸਥਾਨਾਂ 'ਚ ਲੋਕਾਂ ਦੇ ਪੂਜਾ ਲਈ ਆਉਣ ਲਈ ਸਮਾਂ ਤੈਅ ਕਰਨਾ ਪਵੇਗਾ। ਸਾਰੇ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸ਼ਰਧਾਲੂਆਂ ਦੇ ਮਾਸਕ ਪਾਉਣ, ਸਰੀਰਕ ਦੂਰੀ ਤੇ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਦੇ ਪ੍ਰਬੰਧ ਕਰਨੇ ਪੈਣਗੇ। ਫਿਲਹਾਲ ਧਾਰਮਿਕ ਸਥਾਨਾਂ 'ਚ ਇਕ ਸਮੇਂ 'ਚ 20 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ। ਧਾਰਮਿਕ ਸਥਾਨਾਂ 'ਚ ਨਾ ਤਾਂ ਪ੍ਰਸ਼ਾਦ ਵੰਡਿਆ ਜਾ ਸਕੇਗਾ ਤੇ ਨਾ ਹੀ ਖਾਣ ਜਾਂ ਲੰਗਰ ਵਰਗੇ ਪ੍ਰਬੰਧ ਕੀਤੇ ਜਾ ਸਕਣਗੇ।

ਸ਼ਾਪਿੰਗ ਮਾਲ ਸਬੰਧੀ ਹਦਾਇਤਾਂ 

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੀਮਤ ਗਿਣਤੀ 'ਚ ਲੋਕਾਂ ਦੇ ਦਾਖਲੇ ਦੇ ਨਾਲ ਸ਼ਾਪਿੰਗ ਮਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਸ਼ਾਪਿੰਗ ਮਾਲ 'ਚ ਲੋਕਾਂ ਦੇ ਦਾਖਲੇ ਨੂੰ ਸੀਮਤ ਕਰਨ ਲਈ ਟੋਕਨ ਸਿਸਟਮ ਅਪਣਾਉਣਾ ਪਵੇਗਾ। ਮਾਲ 'ਚ ਲੋਕਾਂ ਦੇ ਠਹਿਰਣ ਦੀ ਵੱਧ ਤੋਂ ਵੱਧ ਹੱਦ ਵੀ ਤੈਅ ਕਰਨੀ ਪਵੇਗੀ। ਮਾਲ 'ਚ ਹਰ ਵਿਅਕਤੀ ਦੇ ਫੋਨ 'ਤੇ ਕੋਵਾ ਐਪ ਹੋਣਾ ਲਾਜ਼ਮੀ ਹੋਵੇਗਾ। ਪਰਿਵਾਰ ਦੀ ਐਂਟਰੀ ਲਈ ਕਿਸੇ ਇਕ ਮੈਂਬਰ ਦੇ ਫੋਨ 'ਚ ਐਪ ਹੋਣਾ ਜ਼ਰੂਰੀ। ਸ਼ਾਪਿੰਗ ਮਾਲ ਦੀ ਹਰੇਕ ਦੁਕਾਨ 'ਚ ਗਾਹਕਾਂ ਦੀ ਗਿਣਤੀ ਨੂੰ ਵੀ ਸੀਮਤ ਕਰਨਾ ਪਵੇਗਾ। ਦੁਕਾਨਦਾਰਾਂ ਨੂੰ ਗਾਹਕਾਂ 'ਚ 6 ਫੁੱਟ ਦੀ ਦੂਰੀ ਦੀ ਵਿਵਸਥਾ ਕਰਨੀ ਪਵੇਗੀ।

ਇਸ ਦੌਰਾਨ ਹਰ ਦੁਕਾਨ 'ਚ ਸਰੀਰਕ ਦੂਰੀ ਬਣਾ ਕੇ ਰੱਖਣ ਲਈ ਨਿਸ਼ਾਨ ਲਾਉਣੇ ਜ਼ਰੂਰੀ ਹੋਣਗੇ। ਸ਼ਾਪਿੰਗ ਮਾਲ 'ਚ ਸਿਰਫ਼ ਦਿਵਿਆਂਗ ਜਾਂ ਹੰਗਾਮੀ ਹਾਲਾਤ 'ਚ ਹੀ ਲਿਫਟ ਦੀ ਵਰਤੋਂ ਕੀਤੀ ਜਾ ਸਕੇਗੀ। ਸਰੀਰਕ ਦੂਰੀ ਦਾ ਧਿਆਨ ਰੱਖ ਕੇ ਲੋਕ ਐਸਕਲੇਟਰਾਂ ਦਾ ਇਸਤੇਮਾਲ ਕਰ ਸਕਣਗੇ। ਜ਼ਿਲ੍ਹੇ ਦੀ ਸਿਹਤ ਟੀਮ ਸ਼ਾਪਿੰਗ ਮਾਲ ਦੇ ਮੁਲਾਜ਼ਮਾਂ ਦਾ ਮੈਡੀਕਲ ਚੈੱਕਅਪ ਕਰੇਗੀ। ਸ਼ਾਪਿੰਗ ਮਾਲ 'ਚ ਰੈਸਟੋਰੈਂਟ ਤੇ ਫੂਡ ਕੋਰਟ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਇਹ ਟੇਕ-ਅਵੇ ਜਾਂ ਹੋਮ ਡਲਿਵਰੀ ਹੀ ਦੇ ਸਕਣਗੇ। ਸ਼ਾਪਿੰਗ ਮਾਲ 'ਚ ਆਮ ਲੋਕ ਲਿਫਟ ਦੀ ਵਰਤੋਂ ਨਹੀਂ ਕਰ ਸਕਣਗੇ। ਸ਼ਾਪਿੰਗ ਮਾਲ 'ਚ ਬਣੀਆਂ ਦੁਕਾਨਾਂ 'ਚ ਟਰਾਇਲ ਰੂਮ ਦੀ ਵਰਤੋਂ ਦੀ ਮਨਾਹੀ ਹੋਵੇਗੀ।

ਹੋਟਲ ਸਬੰਧੀ ਹਦਾਇਤਾਂ 

ਪੰਜਾਬ ਸਰਕਾਰ ਨੇ ਹੋਟਲ ਤੇ ਪ੍ਰਾਹੁਣਾਚਾਰੀ ਸਨਅਤ ਨੂੰ ਰਾਹਤ ਦਿੰਦਿਆਂ ਸੋਮਵਾਰ ਤੋਂ ਹੋਟਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹੋਟਲਾਂ 'ਚ ਸਵੇਰੇ 5 ਤੋਂ ਰਾਤ 9 ਵਜੇ ਤੱਕ ਖੁੱਲ੍ਹੀ ਆਵਾਜਾਈ ਤੋਂ ਇਲਾਵਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਦੌਰਾਨ ਵੀ ਯਾਤਰੀ ਆ ਜਾ ਸਕਣਗੇ ਪਰ ਇਹੀ ਆਵਾਜਾਈ ਪਹਿਲਾਂ ਤੋਂ ਬੁੱਕ ਟ੍ਰੇਨ ਜਾਂ ਏਅਰ ਟਿਕਟ ਦੇ ਆਧਾਰ 'ਤੇ ਹੀ ਹੋ ਸਕੇਗੀ। ਹੋਟਲਾਂ 'ਚ ਠਹਿਰਣ ਵਾਲਿਆਂ ਨੂੰ ਉਨ੍ਹਾਂ ਦੇ ਕਮਰਿਆਂ 'ਚ ਹੀ ਖਾਣਾ ਮੁਹੱਈਆ ਕਰਵਾਉਣਾ ਪਵੇਗਾ। ਹੋਟਲਾਂ 'ਚ ਠਹਿਰਣ ਵਾਲੇ ਮਹਿਮਾਨਾਂ ਨੂੰ ਰੈਸਟੋਰੈਂਟ 'ਚ ਖਾਣਾ ਨਹੀਂ ਦਿੱਤਾ ਜਾ ਸਕੇਗਾ।

ਰੈਸਟੋਰੈਂਟ ਸਬੰਧੀ ਹਦਾਇਤਾਂ 

ਪੰਜਾਬ ਸਰਕਾਰ ਨੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਰੈਸਟੋਰੈਂਟ ਹਾਲੇ ਸਿਰਫ਼ ਟੇਕ-ਅਵੇ ਜਾਂ ਹੋਮ ਡਲਿਵਰੀ ਦੀ ਵਿਵਸਥਾ ਸ਼ੁਰੂ ਕਰ ਸਕਣਗੇ। ਰੈਸਟੋਰੈਂਟ ਸ਼ਾਮ 8 ਵਜੇ ਹੋਮ ਡਲਿਵਰੀ ਦੀ ਸਹੂਲਤ ਦੇ ਸਕਣਗੇ। ਰੈਸਟੋਰੈਂਟਾਂ 'ਚ ਹਾਲੇ ਲੋਕਾਂ ਦੇ ਬੈਠਣ ਤੇ ਖਾਣਾ ਲੈਣ ਦੀ ਸਹੂਲਤ ਮੁਹੱਈਆ ਨਹੀਂ ਹੋਵੇਗੀ।
-PTCNews

  • Share