ਲਾਕਡਾਉਨ 5.0 : ਜਾਣੋਂ 8 ਜੂਨ ਤੋਂ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ ,ਪੜ੍ਹੋ ਪੂਰੀ ਜਾਣਕਾਰੀ

By Shanker Badra - May 30, 2020 9:05 pm

ਲਾਕਡਾਉਨ 5.0 : ਜਾਣੋਂ 8 ਜੂਨ ਤੋਂ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ ,ਪੜ੍ਹੋ ਪੂਰੀ ਜਾਣਕਾਰੀ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ 'ਚ ਲਾਕਡਾਉਨ 5.0 ਲਾਗੂ ਕਰ ਦਿੱਤਾ ਹੈ। ਇਹ ਲਾਕਡਾਉਨ ਕੰਟੇਨਮੈਂਟ ਜ਼ੋਨ 'ਚ1 ਜੂਨ ਤੋਂ 30 ਜੂਨ ਤੱਕ ਰਹੇਗਾ। ਸਰਕਾਰ ਨੇ ਧਾਰਮਿਕ ਥਾਵਾਂ, ਹੋਟਲ, ਸੈਲੂਨ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਲਾਕਡਾਉਨ 5.0 ਨੂੰ ਅਨਲੌਕ -1 ਦਾ ਨਾਮ ਦਿੱਤਾ ਗਿਆ ਹੈ। ਹੁਣ ਲਾਕਡਾਉਨ ਪੂਰੇ ਦੇਸ਼ ਵਿੱਚ 30 ਜੂਨ ਤੱਕ ਸਿਰਫ ਕੰਟੇਨਮੈਂਟ ਜ਼ੋਨ ਵਿੱਚ ਰਹੇਗਾ ਜਦਕਿ ਬਾਕੀ ਇਲਾਕਿਆਂ ਨੂੰ ਤਿੰਨ ਫੇਜ਼ 'ਚ ਖੁੱਲ੍ਹਿਆ ਜਾਵੇਗਾ। ਕੰਟੇਨਮੈਂਟ ਜ਼ੋਨ ਦੇ ਬਾਹਰ ਸਰਕਾਰ ਨੇ ਇਸ ਨੂੰ ਪੜਾਅਵਾਰ ਛੋਟ ਦਿੱਤੀ ਹੈ।

ਪੜ੍ਹੋ : ਫ਼ੇਜ਼-1, 2 ਤੇ 3 'ਚ ਕਿਹੜੀਆਂ ਗਤੀਵਿਧੀਆਂ ਦੀ ਮਨਜੂਰੀ ਹੋਵੇਗੀ ਅਤੇ ਕਿਸ 'ਤੇ ਪਾਬੰਦੀ ਰਹੇਗੀ।

ਫ਼ੇਜ਼-1

ਕੇਂਦਰ ਸਰਕਾਰ ਨੇ ਪਹਿਲੇ ਪੜਾਅ ਤਹਿਤ 8 ਜੂਨ ਤੋਂ ਧਾਰਮਕ ਸਥਾਨਾਂ ਅਤੇ ਜਨਤਕ ਪੂਜਾ ਥਾਵਾਂ, ਹੋਟਲ, ਸੈਲੂਨ,ਰੈਸਟੋਰੈਂਟ ਅਤੇ ਹੋਰ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਸ਼ਰਤਾਂ ਵੀ ਲਾਗੂ ਰਹਿਣਗੀਆਂ।

ਫ਼ੇਜ਼-2

ਸਕੂਲ, ਕਾਲਜ, ਵਿਦਿਅਕ ਅਦਾਰੇ, ਐਜੂਕੇਸ਼ਨ, ਟ੍ਰੇਨਿੰਗ ਅਤੇ ਕੋਚਿੰਗ ਸੈਂਟਰਆਦਿ ਖੁੱਲ੍ਹ ਸਕਣਗੇ ਪਰ ਇਨ੍ਹਾਂ ਬਾਰੇ ਸੂਬਾਂ ਸਰਕਾਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਦੇ ਲਈ ਸਾਰੀਆਂ ਸੂਬਾ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸੰਸਥਾਵਾਂ, ਮਾਪਿਆਂ ਅਤੇ ਸਾਰੇ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਫ਼ੇਜ਼-3

ਫ਼ੇਜ਼-3 'ਚ ਅੰਤਰਰਾਸ਼ਟਰੀ ਉਡਾਣਾਂ, ਮੈਟਰੋ , ਰੇਲ ਸੇਵਾਵਾਂ,ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ ,ਆਡੀਟੋਰੀਅਮ ਅਸੈਂਬਲੀ ਹਾਲ ਅਤੇ ਇਨ੍ਹਾਂ ਵਰਗੀਆਂ ਬਾਕੀ ਥਾਵਾਂ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਤੀਜੇ ਫ਼ੇਜ਼ 'ਚ ਹੀ ਸਮਾਜਿਕ, ਸਿਆਸੀ, ਖੇਡਾਂ, ਮਨੋਰੰਜਨ, ਸੱਭਿਆਚਾਰਕ ਗਤੀਵਿਧੀਆਂ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇਗਾ।

ਰਾਤ ਦੇ ਕਰਫਿਊ ਦਾ ਬਦਲਿਆ ਸਮਾਂ ,ਹੁਣ ਲੋਕ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਜਾ ਸਕਣਗੇ :

ਦੇਸ਼ 'ਚ ਅਜੇ ਵੀ ਰਾਤ ਦਾ ਕਰਫਿਊ ਜਾਰੀ ਰਹੇਗਾ। ਹਾਲਾਂਕਿ ਇਸ ਦੇ ਲਈ ਸਮਾਂ ਬਦਲਿਆ ਗਿਆ ਹੈ। ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਗ਼ੈਰ-ਜ਼ਰੂਰੀ ਕੰਮ ਤੋਂ ਬਾਹਰ ਨਿਕਲਣ 'ਤੇ ਰੋਕ ਰਹੇਗੀ ਜਦਕਿ ਲਾਕਡਾਉਨ-4 'ਚ ਇਹ ਸਮਾਂ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸੀ। ਇਕ ਦੂਜੇ ਸੂਬੇ ਤੱਕ ਜਾਣ 'ਤੇ ਰੋਕ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੈ। ਹੁਣ ਲੋਕ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਜਾ ਸਕਣਗੇ। ਹਾਲਾਂਕਿ ਇਸ ਲਈ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਹੁਣ ਕਿਤੇ ਆਉਣ ਜਾਣ ਤੋਂ ਪਹਿਲਾ ਕਿਸੇ ਤੋਂ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।

ਕੰਟੇਨਮੈਂਟ ਜ਼ੋਨ 'ਚ ਜਾਰੀ ਰਹੇਗਾ ਲਾਕਡਾਊਨ -5

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਲਾਕਡਾਊਨ- 5 ਹੁਣ ਸਿਰਫ਼ ਕੰਟੇਨਮੈਂਟ ਜ਼ੋਨ ਵਿਚ ਹੀ 30 ਜੁਨ ਤੱਕ ਰਹੇਗਾ। ਕੰਟੇਨਮੈਂਟ ਜ਼ੋਨ ਦੀ ਪਛਾਣ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਸਿਰਫ਼ ਕੰਟੇਨਮੈਂਟ ਜ਼ੋਨ 'ਚ ਜ਼ਰੂਰੀ ਕੰਮਾਂ 'ਤੇ ਪਾਬੰਦੀ ਰਹੇਗੀ। ਕੰਟੇਨਮੈਂਟ ਜ਼ੋਨ 'ਚ ਲੌਕਡਾਊਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਮੈਡੀਕਲ ਐਮਰਜੈਂਸੀ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਜਾਂ ਬਾਹਰ ਤੋਂ ਕੰਟੇਨਮੈਂਟ ਜ਼ੋਨ ਵਿੱਚ ਜਾਣ ਦੀ ਮਨਜੂਰੀ ਨਹੀਂ ਹੋਵੇਗੀ।
-PTCNews

adv-img
adv-img