ਅਮਰੀਕਾ ਦੀਆਂ ਚੀਨ ਪ੍ਰਤੀ ਵਧੀਆਂ ਤਲਖ਼ੀਆਂ , ਕੋਵਿਡ19 ਦਾ ਸੱਚ ਜਾਨਣ ਲਈ ਜੁਟਿਆ

By Kaveri Joshi - April 18, 2020 11:04 am

ਵਾਸ਼ਿੰਗਟਨ: ਅਮਰੀਕਾ ਦੀਆਂ ਚੀਨ ਪ੍ਰਤੀ ਵਧੀਆਂ ਤਲਖ਼ੀਆਂ , ਕੋਵਿਡ19 ਦਾ ਸੱਚ ਜਾਨਣ ਲਈ ਜੁਟਿਆ: ਕੋਰੋਨਾਵਾਇਰਸ ਨੂੰ ਲੈ ਕੇ ਅਮਰੀਕਾ ਦੀਆਂ ਚੀਨ ਵਿਰੁੱਧ ਤਲਖ਼ੀਆਂ ਵੱਧਦੀਆਂ ਜਾ ਰਹੀਆਂ ਹਨ। ਅਮਰੀਕਾ ਅਨੁਸਾਰ ਕੋਰੋਨਾਵਾਇਰਸ ਦੀ ਉਪਜ ਚੀਨ ਦੀ ਲੈਬ ਵਿੱਚ ਹੋਈ ਹੈ। ਅਮਰੀਕੀ ਖੁਫੀਆ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਦੀ ਸਰਕਾਰ ਇਹ ਪਤਾ ਲਗਾ ਰਹੀ ਹੈ ਕਿ ਨਾਵਲ ਕੋਰੋਨਾਵਾਇਰਸ ਇਕ ਮਾਰਕਿਟ ਤੋਂ ਨਹੀਂ ਬਲਕਿ ਚੀਨ ਦੀ ਇੱਕ ਲੈਬ ਤੋਂ ਫੈਲਿਆ ਹੈ।

ਗੌਰਤਲਬ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਵੀ ਬੀਜਿੰਗ ਨੂੰ ਕੋਵਿਡ19 ਦੇ ਅਸਲ ਸੱਚ ਨੂੰ ਬਿਆਨ ਕਰਨ ਲਈ ਕਿਹਾ ਹੈ , ਜੋ ਉਹ ਜਾਣਦਾ ਹੈ । ਉਹਨਾਂ ਕਿਹਾ ਕਿ ਅਸੀਂ ਵੀ ਇਸ ਬਾਰੇ ਪਤਾ ਲਗਾਉਣ 'ਚ ਜੁਟੇ ਹਾਂ ਕਿ ਇਸਦੀ ਸ਼ੁਰੂਆਤ ਕਿਥੋਂ 'ਤੇ ਕਿਵੇਂ ਹੋਈ ਹੈ ।

ਟਰੰਪ ਅਨੁਸਾਰ ਉਹ ਇਸ ਸਥਿਤੀ ਦੀ ਬਹੁਤ ਡੂੰਘਾਈ ਨਾਲ ਜਾਂਚ ਕਰ ਰਹੇ ਹਨ । ਇਹ ਪੁੱਛੇ ਜਾਣ 'ਤੇ ਕਿ ਕੀ ਉਹਨਾਂ ਨੇ ਇਸ ਸੰਬੰਧੀ ਚੀਨੀ ਰਾਸ਼ਟਰਪਤੀ ਨਾਲ ਗੱਲ ਕੀਤੀ , ਉਹਨਾਂ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਚਰਚਾ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਲੈਬ ਵਾਲੀ ਗੱਲ 'ਤੇ ਉਹਨਾਂ ਨਾਲ ਕੀ ਗੱਲ ਕੀਤੀ , ਕਿਉਂਕਿ ਇਹ ਢੁੱਕਵਾਂ ਸਮਾਂ ਨਹੀਂ ਹੈ । ਉਹਨਾਂ ਕਿਹਾ ਕਿ ਅਮਰੀਕੀ ਐਕਸਪਰਟਸ ਲੈਬ ਥਿਊਰੀ ਦਾ ਪਤਾ ਲਗਾ ਰਹੇ ਹਨ ।

ਅਮਰੀਕੀ ਜਾਂਚ ਅਧਿਕਾਰੀ ਇਸ ਬਾਰੇ ਜਾਂਚ ਕਰ ਰਹੇ ਹਨ ਕਿ ਕੀ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਹੋਈ ਸੀ ਅਤੇ ਅਚਾਨਕ ਲੋਕਾਂ 'ਚ ਫੈਲਾਅ ਦਿੱਤੀ ਗਈ ਸੀ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਇਹ ਕਿਸੇ ਹਾਦਸੇ ਤਹਿਤ ਜਾਂ ਲੈਬ 'ਚ ਮੌਜੂਦ ਸਮੱਗਰੀ ਦੀ ਮਾੜੀ ਸੰਭਾਲ ਅਤੇ ਅਣਗਹਿਲੀ ਨਾਲ ਲੈਬ ਵਿਚ ਫੈਲਿਆ ਅਤੇ ਕਿਸੇ ਨੂੰ ਇਸਦੀ ਲਾਗ ਲੱਗ ਗਈ ਸੀ ਅਤੇ ਫਿਰ ਸ਼ਾਇਦ ਇਸਨੇ ਦੂਸਰਿਆਂ ਨੂੰ ਵੀ ਸੰਕਰਮਿਤ ਕਰ ਦਿੱਤਾ ਜਾਂ ਇਸ ਪਿੱਛੇ ਹੋਰ ਕੋਈ ਕਾਰਨ ਹੈ ।

ਮਿਲੀ ਜਾਣਕਾਰੀ ਮੁਤਾਬਿਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਇਕ ਪੱਤਰਕਾਰਤਾ ਸੰਮਲੇਨ 'ਚ ਇਸ ਮੁੱਦੇ ਬਾਰੇ ਸੰਬੋਧਨ ਕਰਦੇ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਕਈ ਵਾਰ ਕਿਹਾ ਹੈ ਕਿ ਇਸ ਸਬੰਧੀ ਕੋਈ ਵੀ ਸਬੂਤ ਨਹੀਂ ਹੈ ਕਿ ਕੋਰੋਨਾਵਾਇਰਸ ਲੈਬ 'ਚ ਤਿਆਰ ਕੀਤਾ ਗਿਆ ਹੈ ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਕਈ ਵਾਰ ਰਾਸ਼ਟਰਪਤੀ ਟਰੰਪ ਕੋਰੋਨਾਵਾਇਰਸ ਦੇ ਫੈਲਾਅ ਨਾਲ ਸੰਬੰਧਿਤ ਪਾਰਦਰਸ਼ਤਾ ਨੂੰ ਛੁਪਾਉਣ ਲਈ ਚੀਨ ਅਤੇ ਵਿਸ਼ਵ ਸਿਹਤ ਸੰਗਠਨ ( WHO ) ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਹਨ ਅਤੇ ਹਾਲ ਹੀ ਵਿੱਚ ਉਹਨਾਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਫੰਡਿੰਗ ਕਰਨ 'ਤੇ ਰੋਕ ਲਗਾਉਣ ਦੀ ਗੱਲ ਆਖੀ ਸੀ ।

adv-img
adv-img