ਕ੍ਰਿਕਟ ‘ਚ ਗੇਂਦ ਨੂੰ ਚਮਕਾਉਣ ਲਈ ‘ਲਾਰ’ ਦੀ ਵਰਤੋਂ ‘ਤੇ ਲੱਗ ਸਕਦੀ ਹੈ ਪਾਬੰਦੀ

https://www.ptcnews.tv/wp-content/uploads/2020/05/WhatsApp-Image-2020-05-19-at-6.48.01-PM.jpeg

ਖੇਡ ਜਗਤ- ਕ੍ਰਿਕਟ ‘ਚ ਗੇਂਦ ਨੂੰ ਚਮਕਾਉਣ ਲਈ ‘ਲਾਰ’ ਦੀ ਵਰਤੋਂ ‘ਤੇ ਲੱਗ ਸਕਦੀ ਹੈ ਪਾਬੰਦੀ:ਕੋਰੋਨਾਵਾਇਰਸ ਤੋਂ ਬਚਾਅ ਹਿਤ ਜਿੱਥੇ ਹਰੇਕ ਦੇਸ਼ ਦੀਆਂ ਸਰਕਾਰਾਂ ਕਰੜੇ ਪ੍ਰਬੰਧ ਕਰਨ ‘ਚ ਜੁਟੀਆਂ ਹਨ , ਉੱਥੇ ਖੇਡ ਜਗਤ ਤੋਂ ਵੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਕੋਰੋਨਾ ਦੇ ਖਤਰੇ ਦੀ ਠੱਲ੍ਹ ਪੈਣ ਤੋਂ ਬਾਅਦ ਅਗਾਮੀ ਸਮੇਂ ਦੌਰਾਨ ਕ੍ਰਿਕਟ ‘ਚ ਗੇਂਦ ਨੂੰ ਚਮਕਾਉਣ ਲਈ ਸਾਲਾਂ ਤੋਂ ਇਸਤੇਮਾਲ ਕੀਤੀ ਜਾ ਰਹੀ ਲਾਰ (ਸਲਾਈਵਾ) ਦੀ ਵਰਤੋਂ ‘ਤੇ ਹੁਣ ਪਾਬੰਦੀ ਲਗਾਈ ਜਾ ਸਕਦੀ ਹੈ ।

ਕੋਰੋਨਾ ਨੂੰ ਕਾਬੂ ‘ਚ ਕਰਨ ਉਪਰੰਤ ਜਦੋਂ ਵੀ ਖੇਡ ਜਗਤ ਦੀ ਮੰਨੀ ਪ੍ਰਮੰਨੀ ਖੇਡ ਕ੍ਰਿਕਟ ਦੀ ਦੁਬਾਰਾ ਸ਼ੁਰੂਆਤ ਹੋਵੇਗੀ ਤਾਂ ਅਨੁਮਾਨ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਕ੍ਰਿਕਟ ਕਮੇਟੀ ਗੇਂਦ ‘ਤੇ ਲਾਰ ਲਗਾਉਣ ਉੱਪਰ ਪਾਬੰਦੀ ਲਗਾ ਸਕਦੀ ਹੈ । ਜ਼ਿਕਰਯੋਗ ਹੈ ਕਿ ਅਨਿਲ ਕੁੰਬਲੇ ਦੀ ਅਗਵਾਈ ਵਾਲੀ ਆਈਸੀਸੀ ਕ੍ਰਿਕਟ ਕਮੇਟੀ ਨੇ ਸੋਮਵਾਰ ਨੂੰ ਇਹ ਸਿਫ਼ਾਰਸ਼ ਕੀਤੀ ਹੈ।

ਕ੍ਰਿਕਟ ਗੇਂਦ ਨੂੰ ਚਮਕਾਉਣ ਲਈ ਲਾਰ ਦਾ ਉਪਯੋਗ ਕੀਤਾ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ , ਹੁਣ ਜਦੋਂਕਿ ਸਮੂਹ ਦੇਸ਼ ਕੋਰੋਨਾ ਖ਼ਤਰੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜ਼ਾਹਿਰ ਹੈ ਕਿ ਹਰ ਪਾਸੇ ਤੋਂ ਸਾਵਧਾਨੀ ਵਰਤੀ ਜਾਵੇ । ਇਸ ਲਈ ਕ੍ਰਿਕਟ ‘ਚ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਹਾਲਾਂਕਿ ਆਈਸੀਸੀ ਦੀ ਕਮੇਟੀ ਨੂੰ ਪਸੀਨੇ ਦੀ ਵਰਤੋਂ ਨਾਲ ਕੋਈ ਸਿਹਤ ਸਮੱਸਿਆ ਨਜ਼ਰ ਨਹੀਂ ਆਈ।

ਇਸ ਵਿਸ਼ੇ ‘ਤੇ ਆਈਸੀਸੀ ਮੈਡੀਕਲ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਡਾ.ਪੀਟਰ ਹਾਰਟਕੋਰਟ ਨੇ ਦੱਸਿਆ ਕਿ ਲਾਰ ਦੇ ਮਾਧਿਅਮ ਨਾਲ ਵਾਇਰਸ ਦੇ ਪ੍ਰਸਾਰ ‘ਚ ਤੇਜ਼ੀ ਦਾ ਅਰਥ ਹੈ ਕਿ ਇਸਦਾ ਉਪਯੋਗ ਬੰਦ ਹੋਣਾ ਚਾਹੀਦਾ ਹੈ , ਮੈਡੀਕਲ ਸਲਾਹ ਦੱਸਦੀ ਹੈ ਕਿ ਪਸੀਨੇ ਜ਼ਰੀਏ ਇਸਦੇ ਪ੍ਰਸਾਰ ਦੇ ਵਧਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਇਸ ਲਈ ਗੇਂਦ ਨੂੰ ਚਮਕਾਉਣ ਲਈ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।

ਦੱਸ ਦੇਈਏ ਕਿ ਆਈਸੀਸੀ ਦੀ ਇਹ ਬੈਠਕ ਸੋਮਵਾਰ ਨੂੰ ਵੀਡੀਓ ਕਾਨਫਰਸਿੰਗ ਜ਼ਰੀਏ ਹੋਈ ਹੈ ਅਤੇ ਇਸ ਮੀਟਿੰਗ ਦੌਰਾਨ ਕੋਰੋਨਾ ਸਬੰਧੀ ਵਿਚਾਰ ਚਰਚਾ ਤੋਂ ਇਲਾਵਾ ਡੀਆਰਐੱਸ ਦਾ ਇਸਤੇਮਾਲ ਪ੍ਰਤੀ ਪਾਰੀ ਦੋ ਤੋਂ ਤਿੰਨ ਕਰਨ ਤੇ ਅੰਤਰਰਾਸ਼ਟਰੀ ਮੈਚਾਂ ਵਿਚ ਲੋਕਲ ਅੰਪਾਇਰਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ ।

ਕੋਰੋਨਾ ਤੋਂ ਬਚਾਅ ਹਿਤ ਖੇਡ ਜਗਤ ਦੀਆਂ ਹਸਤੀਆਂ ਵਲੋਂ ਉਪਰੋਕਤ ਗੱਲਬਾਤ ਦੇ ਵਿਸ਼ੇ ਤੋਂ ਪ੍ਰਤੀਤ ਹੁੰਦਾ ਹੈ ਕਿ ਜਦੋਂ ਵੀ ਹਾਲਾਤ ਅੱਗੇ ਜਾ ਕੇ ਸੁਧਰਦੇ ਹਨ ਤਾਂ ਖਿਡਾਰੀਆਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਆਉਣ ਵਾਲੇ ਸਮੇਂ ‘ਚ ਵੀ ਠੋਸ ਪ੍ਰਬੰਧ ਕੀਤੇ ਜਾਣ ਵਾਲੇ ਹਨ ।