ਹੋਰ ਖਬਰਾਂ

ਉੱਤਰ ਪ੍ਰਦੇਸ਼ ’ਚ ਨਗਰ ਕੀਰਤਨ ਸਜਾਉਣ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ: ਭਾਈ ਲੌਂਗੋਵਾਲ

By Jashan A -- December 30, 2019 5:12 pm -- Updated:Feb 15, 2021

ਉੱਤਰ ਪ੍ਰਦੇਸ਼ ’ਚ ਨਗਰ ਕੀਰਤਨ ਸਜਾਉਣ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ: ਭਾਈ ਲੌਂਗੋਵਾਲ

ਕਿਹਾ, ਸਰਕਾਰ ਦੋਸ਼ੀ ਪੁਲਿਸ ਵਾਲਿਆਂ ਵਿਰੁੱਧ ਕਰੇ ਕਾਰਵਾਈ

ਅੰਮ੍ਰਿਤਸਰ: ਉੱਤਰ ਪ੍ਰਦੇਸ਼ ਅੰਦਰ ਨਗਰ ਕੀਰਤਨ ਕੱਢਣ ਸਮੇਂ ਪੁਲਿਸ ਵੱਲੋਂ ਸੰਗਤਾਂ ਖਿਲਾਫ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਦੱਸਣਯੋਗ ਹੈ ਕਿ ਯੂਪੀ ਅੰਦਰ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਸਮੇਂ ਨਗਰ ਕੀਰਤਨ ਸਜਾਉਣ ਤੋਂ ਰੋਕਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ 55 ਸਿੱਖ ਸੰਗਤਾਂ ’ਤੇ ਕੇਸ ਵੀ ਦਰਜ ਕਰ ਦਿੱਤਾ ਗਿਆ।

ਹੋਰ ਪੜ੍ਹੋ: ਸੁਖਬੀਰ ਬਾਦਲ ਨੇ ਗ੍ਰਹਿ ਮੰਤਰਾਲੇ ਨੂੰ ਲਾਇਸੰਸੀ ਹਥਿਆਰ ਰੱਖਣ ਦੀ ਗਿਣਤੀ 3 ਤੋਂ ਘਟਾ ਕੇ ਇੱਕ ਨਾ ਕਰਨ ਦੀ ਕੀਤੀ ਅਪੀਲ

ਇਸ ਘਟਨਾ ਨੂੰ ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਕਰਾਰ ਦਿੱਤਾ ਹੈ ਅਤੇ ਇਸ ਦੀ ਘੋਰ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਖਿਆ ਹੈ ਕਿ ਸਿੱਖ ਸੰਗਤਾਂ ਦੇਸ਼ ਦੁਨੀਆ ਅੰਦਰ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਮੌਕੇ ਨਗਰ ਕੀਰਤਨ ਸਜਾ ਕੇ ਸ਼ਰਧਾ ਪ੍ਰਗਟਾਉਂਦੀਆਂ ਹਨ ਪਰੰਤੂ ਦੁੱਖ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਅੰਦਰ ਪੀਲੀਭੀਤ ਦੇ ਇੱਕ ਪਿੰਡ ਵਿਚ ਪੁਲਿਸ ਵੱਲੋਂ ਨਗਰ ਕੀਰਤਨ ਸਜਾ ਰਹੇ ਸਿੱਖਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ।

ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਰੁੱਧ ਉੱਤਰ ਪ੍ਰਦੇਸ਼ ਪੁਲਿਸ ਦੇ ਸਿੱਖ ਵਿਰੋਧੀ ਫੈਸਲੇ ਨਾਲ ਸਿੱਖਾਂ ਅੰਦਰ ਭਾਰੀ ਰੋਸ ਹੈ। ਪੁਲਿਸ ਦੀ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੱਢਣ ’ਤੇ ਰੋਕ ਲਗਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ, ਕਿਉਂਕਿ ਸਿੱਖ ਕੌਮ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਆਪਣੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਉਣ ਦੇ ਨਾਲ ਨਾਲ ਮਨੁੱਖੀ ਭਾਚੇਚਾਰੇ ਨੂੰ ਜੋੜਦੇ ਹਨ।

ਇਸ ਸਮੇਂ ਹਰ ਧਰਮ ਦੇ ਲੋਕ ਰਲ ਮਿਲ ਕੇ ਗੁਰੂ ਘਰਾਂ ਅੰਦਰ ਸ਼ਮੂਲੀਅਤ ਕਰਦੇ ਹਨ, ਪਰੰਤੂ ਹੈਰਾਨੀਜਨਕ ਗੱਲ ਹੈ ਕਿ ਉਤਰ ਪ੍ਰਦੇਸ਼ ਪੁਲਿਸ ਵੱਲੋਂ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਯੂਪੀ ਸਰਕਾਰ ਨੂੰ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅਜਿਹਾ ਧੱਕਾ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਕਿ ਉਸ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ।

-PTC News