
ਰਿਸ਼ਤੇਦਾਰ ਆਏ, ਬਰਾਤ ਆਈ ਪਰ ਲਾੜਾ ਨਹੀਂ, ਵਿਆਹ ਫ਼ਿਰ ਵੀ ਹੋਇਆ, ਜਾਣੋ ਕਿਵੇਂ:ਹਾਪੁੜ : ਡਿਜੀਟਲ ਹੁੰਦੇ ਜਾ ਰਹੇ ਸੰਸਾਰ ‘ਚ ਅਕਸਰ ਹਰ ਕੰਮ ਦੇ ਆਨਲਾਈਨ ਹੋਣ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਉੱਤਰ ਪ੍ਰਦੇਸ਼ ‘ਚ ਸੱਚਮੁੱਚ ਹੀ ਇੱਕ ਅਨੋਖਾ ਆਨਲਾਈਨ ਵਿਆਹ ਹੋਇਆ, ਜਿਸ ‘ਚ ਸਾਰੇ ਰੀਤੀ ਰਿਵਾਜ਼ ਪੁਗਾਏ ਗਏ, ਬਰਾਤ ਆਈ ਪਰ ਲਾੜਾ ਹਾਜ਼ਰ ਨਹੀਂ ਸੀ।

ਇਸ ਆਨਲਾਈਨ ਵਿਆਹ ‘ਚ ਦੋਵਾਂ ਧਿਰਾਂ ਦੇ ਘਰ ਵਾਲੇ ਪਰਿਵਾਰ, ਰਿਸ਼ਤੇਦਾਰ, ਬਰਾਤੀ ਅਤੇ ਲਾੜੀ ਤਾਂ ਸ਼ਾਮਲ ਹੋਏ ਪਰ ਲਾੜੇ ਨੇ ਅਮਰੀਕਾ ਤੋਂ ਬਿਨਾਂ ਆਏ ਹੀ ਆਨਲਾਈਨ ਆਪਣਾ ਨਿਕਾਹ ਕਬੂਲ ਕੀਤਾ। ਇਸ ਲਾੜੇ ਦਾ ਨਾਂਅ ਹੈ ਡਾਕਟਰ ਹਾਦੀ ਹਸਨ, ਅਤੇ ਲਾੜੀ ਦਾ ਨਾਂਅ ਹੈ ਕਹਿਕਸ਼ਾਂ।

ਅਮਰੀਕਾ ‘ਚ ਕੋਰੋਨਾ ਦੀ ਦਵਾਈ ‘ਤੇ ਰਿਸਰਚ ਕਰ ਰਹੇ ਵਿਗਿਆਨੀ ਡਾਕਟਰ ਹਾਦੀ ਹਸਨ ਦਾ ਨਿਕਾਹ ਸਯਾਨਾ ਦੀ ਰਹਿਣ ਵਾਲੀ ਕਹਿਕਸ਼ਾ ਨਾਲ ਤੈਅ ਹੋਇਆ ਸੀ। ਅਮਰੀਕਾ ‘ਚ ਬੈਠੇ ਲਾੜੇ ਦੀ ਬਰਾਤ ਦਾ ਸਯਾਨਾ ਨਗਰ ‘ਚ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਹੋਇਆ। ਨਿਕਾਹ ਦੀਆਂ ਸਾਰੀਆਂ ਰਸਮਾਂ ਦੇ ਨਾਲ ਸ਼ਹਿਨਾਈ ਅਤੇ ਵਾਜੇ ਵੀ ਵੱਜੇ।

ਦਰਅਸਲ ਸਯਾਨਾ ਦੇ ਮੁਹੱਲਾ ਚੌਧਰੀਅਨ ਦੇ ਰਹਿਣ ਵਾਲੇ ਅਹਿਤੇਸ਼ਾਮ ਦੀ ਧੀ ਕਹਿਕਸ਼ਾਂ ਦਾ ਰਿਸ਼ਤਾ ਹਾਪੁੜ ਵਾਸੀ ਵਿਗਿਆਨੀ ਹਾਦੀ ਹਸਨ ਨਾਲ ਤੈਅ ਹੋਇਆ ਸੀ। ਡਾਕਟਰ ਹਾਦੀ ਅਮਰੀਕਾ ਦੀ ਯੂਨੀਵਰਸਿਟੀ ਆਫ਼ ਫਲੋਰੀਡਾ ਵਿਖੇ ਕੋਰੋਨਾ ਵਾਇਰਸ ‘ਤੇ ਰਿਸਰਚ ਕਰ ਰਹੇ ਹਨ। ਜਿਸ ਕਾਰਨ ਉਹ ਆਪਣੇ ਵਿਆਹ ‘ਚ ਸ਼ਾਮਲ ਹੋਣ ਭਾਰਤ ਨਹੀਂ ਆ ਸਕੇ।

ਇਨ੍ਹਾਂ ਕਾਰਨਾਂ ਕਰਕੇ ਡਾਕਟਰ ਹਾਦੀ ਹਸਨ ਨੇ ਵੀਡੀਓ ਕਾਨਫਰੰਸ ਰਾਹੀਂ ਮਹਿਮਾਨਾਂ ਦੀ ਮੌਜੂਦਗੀ ‘ਚ ਕਹਿਕਸ਼ਾਂ ਨਾਲ ਨਿਕਾਹ ਕਬੂਲ ਕੀਤਾ। ਲਾੜੇ ਦੇ ਪਿਤਾ ਨੇ ਦੱਸਿਆ ਕਿ ਨਿਕਾਹ ਦੇ ਕਾਗਜ਼ ਇੱਥੋਂ ਅਮਰੀਕਾ ਪਹੁੰਚਾ ਦਿੱਤੇ ਜਾਣਗੇ। ਉੱਥੇ ਹੀ ਡਾਕਟਰ ਹਸਨ ਆਪਣੀ ਪਤਨੀ ਦਾ ਵੀਜ਼ਾ ਅਪਲਾਈ ਕਰ ਦੇਵੇਗਾ। ਦੱਸਿਆ ਗਿਆ ਹੈ ਕਿ ਵੀਜ਼ਾ ਮਿਲ ਜਾਣ ਤੇ ਮਾਰਚ ‘ਚ ਲਾੜਾ ਕੁਝ ਦਿਨ ਦੀ ਛੁੱਟੀ ਲੈ ਕੇ ਭਾਰਤ ਆਏਗਾ ਅਤੇ ਲਾੜੀ ਨੂੰ ਵਿਦਾ ਕਰਵਾ ਕੇ ਅਮਰੀਕਾ ਲੈ ਜਾਵੇਗਾ। ਆਪਣੀ ਕਿਸਮ ਦੇ ਇਸ ਅਨੋਖੇ ਵਿਆਹ ਦੇ ਉੱਤਰ ਪ੍ਰਦੇਸ਼ ਸਮੇਤ ਸਾਰੇ ਦੇਸ਼ ‘ਚ ਚਰਚੇ ਹੋ ਰਹੇ ਹਨ।
-PTCNews