ਪੰਜਾਬ

ਗੁੱਗਾ ਮਾੜੀ ਤੋਂ ਵਾਪਸ ਆਉਂਦੇ ਸਮੇਂ ਹਾਦਸਾਗ੍ਰਸਤ ਹੋਈ ਸ਼ਰਧਾਲੂਆਂ ਨਾਲ ਭਰੀ ਗੱਡੀ

By Jasmeet Singh -- August 16, 2022 4:10 pm

ਮੁਨੀਸ਼ ਗਰਗ, ਬਠਿੰਡਾ, 16 ਅਗਸਤ: ਸਬ ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਨਾਰੰਗ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿਚ ਇੱਕ ਛੋਟੀ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕੇ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਕੁਝ ਪਰਿਵਾਰ ਰਾਜਸਥਾਨ ਵਿਖੇ ਗੁੱਗਾ ਮਾੜੀ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਲਈ ਗਏ ਸਨ। ਪਿਕਅੱਪ ਗੱਡੀ ਵਿਚ ਕਰੀਬ 20 ਲੋਕ ਸਵਾਰ ਸਨ ਜਿਨ੍ਹਾਂ ਨੇ ਪਿਕਅਪ ਗੱਡੀ ਦੇ ਡਾਲੇ ਵਿੱਚ ਇੱਕ ਹੋਰ ਛੱਤ ਬਣਾ ਕੇ ਸਵਾਰੀਆਂ ਬਿਠਾ ਹੋਈਆਂ ਸਨ। ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਰਾਮਾ ਮੰਡੀ ਦੇ ਨਾਲ ਹਰਿਆਣਾ ਦੇ ਪਿੰਡ ਨਾਰੰਗ ਵਿਖੇ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ ਤੇ ਉਪਰ ਬੈਠੇ ਲੋਕ ਥੱਲੇ ਡਿੱਗ ਗਏ, ਜਿਸ ਦਰਮਿਆਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ।

ਜ਼ਖਮੀ ਲੋਕਾਂ ਨੂੰ ਰਾਮਾ ਮੰਡੀ ਅਤੇ ਕਾਲਾਂਵਾਲੀ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਦੋਂ ਕਿ ਤਿੰਨ ਦੀ ਮੌਤ ਹੋ ਗਈ ਹੈ। ਰਾਮਾ ਮੰਡੀ ਵਿਖੇ ਜ਼ੇਰੇ ਇਲਾਜ ਗੱਡੀ ਵਿਚ ਸਵਾਰ ਜ਼ਖਮੀਆਂ ਨੇ ਦੱਸਿਆ ਕਿ ਡਰਾਈਵਰ ਨੂੰ ਉਨ੍ਹਾਂ ਨੇ ਸਪੀਡ ਹੌਲੀ ਕਰਨ ਲਈ ਕਿਹਾ ਸੀ ਪਰ ਉਹ ਗੱਡੀ ਤੇਜ ਚਲਾ ਰਿਹਾ ਸੀ ਜਿਸ ਕਰਕੇ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੇ ਕਿਹਾ ਕਿ ਰਾਮਾਂ ਮੰਡੀ ਹਸਪਤਾਲ ਵਿੱਚ ਸਟਾਫ ਦੀ ਕਮੀ ਹੋਣ ਕਰਕੇ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲਿਆ ਤੇ ਉਹਨਾਂ 'ਚੋਂ ਜ਼ਖਮੀ ਲੋਕਾਂ ਦੀ ਮੌਤ ਹੋ ਗਈ।

ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਲਿਆਉਣ ਵਿੱਚ ਮਦਦ ਕਰਨ ਵਾਲੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਜ਼ਖ਼ਮੀਆਂ ਨੂੰ ਰਾਮਾ ਮੰਡੀ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ 'ਚ ਇੱਕ ਪੰਜ ਸਾਲ ਦੀ ਲੜਕੀ ਵੀ ਸ਼ਾਮਿਲ ਹੈ।

ਘਟਨਾ ਹਰਿਆਣਾ ਦੇ ਪਿੰਡ ਨਾਰੰਗ ਵਿਚ ਹੋਣ ਕਾਰਨ ਸਮੁੱਚੇ ਮਾਮਲੇ ਦੀ ਜਾਂਚ ਕਾਲਾਂਵਾਲੀ ਪੁਲਿਸ ਕਰ ਰਹੀ ਹੈ। ਮ੍ਰਿਤਕ ਦੀਆਂ ਲਾਸ਼ਾਂ ਰਾਮਾ ਮੰਡੀ ਸਿਵਲ ਹਸਪਤਾਲ ਅਤੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ: ਲੋਕਾਂ ਨੂੰ ਮਹਿੰਗਾਈ ਦੀ ਮਾਰ, 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਦੁੱਧ


-PTC News

  • Share