ਵਿਜੀਲੈਂਸ ਬਿਊਰੋ ਵੱਲੋਂ ਚੰਡੀਗੜ ਨੇੜੇ ਬਹੁਕੀਮਤੀ ਜ਼ਮੀਨ ਦੇ ਮਾਲ ਰਿਕਾਰਡ ’ਚ ਹੇਰਾਫੇਰੀ ਕਰਨ ਦਾ ਪਰਦਾਫ਼ਾਸ਼  

Vigilance Bureau exposes Scams of valuable land records near Chandigarh
ਵਿਜੀਲੈਂਸ ਬਿਊਰੋ ਵੱਲੋਂ ਚੰਡੀਗੜ ਨੇੜੇ ਬਹੁਕੀਮਤੀ ਜ਼ਮੀਨ ਦੇ ਮਾਲ ਰਿਕਾਰਡ ’ਚ ਹੇਰਾਫੇਰੀ ਕਰਨ ਦਾ ਪਰਦਾਫ਼ਾਸ਼  

ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਨੇ ਚੰਡੀਗੜ ਨਾਲ ਲਗਦੇ ਐਸ.ਏ.ਐਸ. ਨਗਰ ਜਿਲੇ ਦੇ ਪਿੰਡਾਂ ਦੀ ਬਹੁਕੀਮਤੀ ਜ਼ਮੀਨ ਉਪਰ ਲੈਂਡਮਾਫੀਆ ਵੱਲੋ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਕਾਬਜ਼ ਹੋਣ ਜਾਂ ਮੁਨਾਫਾ ਖੱਟਣ ਲਈ ਕੀਤੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਚਾਰ ਮਾਲ ਅਧਿਕਾਰੀਆਂ ਸਮੇਤ ਸੱਤ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਚਾਰ ਦੋਸ਼ੀਆਂ ਇਕਬਾਲ ਸਿੰਘ ਪਟਵਾਰੀ ਸਮੇਤ ਪ੍ਰਾਈਵੇਟ ਵਿਅਕਤੀਆਂ ਵਿੱਚੋਂ ਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੰਸਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿੰਨਾਂ ਨੂੰ ਸਥਾਨਕ ਅਦਾਲਤ ਵੱਲੋਂ ਤਿੰਨ ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਭੂਮਾਫੀਆਂ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਪਿੰਡ ਮਾਜਰੀਆਂ, ਸਬ ਤਹਿਸੀਲ ਮਾਜਰੀ, ਜਿਲਾ ਐਸ.ਏ.ਐਸ ਨਗਰ ਦੀ ਜਮੀਨ ਦੇ ਤਕਸੀਮ ਦੇ ਇੰਤਕਾਲ ਮੌਕੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਖੇਵਟ ਨੰਬਰਾਂ ਵਿੱਚ ਮਲਕੀਅਤ ਤਬਦੀਲ ਕੀਤੀ ਗਈ ਅਤੇ ਗਲਤ ਮੁਖਤਿਆਰਨਾਮਿਆਂ ਰਾਹੀਂ ਆਮ ਲੋਕਾਂ ਦੇ ਨਾਮ ‘ਤੇ ਤਬਦੀਲ ਕਰ ਦਿੱਤੀ ਗਈ ਤਾਂ ਜੋ ਵੱਡਾ ਮੁਨਾਫ਼ਾ ਖੱਟਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਵੰਬਰ 2020 ਵਿੱਚ ਵਿਜੀਲੈਂਸ ਬਿਊਰੋ ਨੇ ਇਸੇ ਇਲਾਕੇ ਵਿੱਚ ਸਥਿਤ ਪਿੰਡ ਕਰੋਰਾਂ ਦੀ ਬਹੁਕੀਮਤੀ ਜਮੀਨ ਨੂੰ ਅਜਿਹੀ ਮਿਲੀਭੁਗਤ ਰਾਹੀਂ ਮਲਕੀਅਤ ਤਬਦੀਲ ਕਰਕੇ ਅੱਗੇ ਵੇਚਣ ਦਾ ਪਰਦਾਫ਼ਾਸ਼ ਕੀਤਾ ਸੀ।

ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਪੜਤਾਲ ਤੋ ਬਾਅਦ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 409, 420, 465, 467, 468, 471, 477-ਏ, 201, 120-ਬੀ ਤਹਿਤ ਥਾਣਾ ਵਿਜੀਲੈਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ,ਜਿੰਨਾਂ ਵਿੱਚ ਦੋਸ਼ੀਆਂ ਵਜੋਂ ਵਰਿੰਦਰਪਾਲ ਸਿੰਘ ਧੂਤ ਨਾਇਬ ਤਹਿਸੀਲਦਾਰ, ਰੁਪਿੰਦਰ ਸਿੰਘ ਮਣਕੂ ਜੁਆਇੰਟ ਸਬ-ਰਜਿਸਟਰਾਰ, ਦੌਲਤ ਰਾਮ ਤੇ ਇਕਬਾਲ ਸਿੰਘ (ਦੋਵੇਂ ਮਾਲ ਪਟਵਾਰੀ), ਸ਼ਿਆਮ ਲਾਲ ਤੇ ਹੰਸ ਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ (ਪੱਤੀ ਗੂੜਾ) ਜਿਲਾ ਐਸ.ਏ.ਐਸ. ਨਗਰ, ਰੱਬੀ ਸਿੰਘ ਵਾਸੀ ਪਿੰਡ ਕਰੋਰਾਂ, ਜਿਲਾ ਐਸ.ਏ.ਐਸ. ਨਗਰ, ਧਰਮ ਪਾਲ ਵਾਸੀ ਅਮਲੋਹ ਜਿਲਾ ਫਹਿਤਗੜ ਸਾਹਿਬ, ਸੁੱਚਾ ਰਾਮ ਵਾਸੀ ਪਿੰਡ ਕੈਂਬਾਲਾ, ਯੂ.ਟੀ. ਚੰਡੀਗੜ, ਪਰਮਜੀਤ ਸਿੰਘ ਵਾਸੀ ਪਿੰਡ ਹਰਦਾਸਪੁਰਾ, ਜਿਲਾ ਪਟਿਆਲਾ, ਰਵਿੰਦਰ ਸਿੰਘ ਪਿੰਡ ਸੌਢਾ ਜਿਲਾ ਫਤਿਹਗੜ ਸਾਹਿਬ ਸ਼ਾਮਲ ਹਨ।

ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਮਾਜਰੀਆਂ ਹਸਬਸਤ ਨੰਬਰ 343 ਦੇ ਮਾਲ ਰਿਕਾਰਡ ਦੀ ਜਮਾਬੰਦੀ ਸਾਲ 1983-1984 ਵਿੱਚ ਪਿੰਡ ਮਾਜਰੀਆਂ ਦੇ ਕੁੱਲ ਰਕਬੇ ਵਿੱਚੋਂ ਤਕਰੀਬਨ 29,000 ਕਨਾਲ ਜਮੀਨ ਸ਼ਾਮਲਾਤ ਦਰਸਾਈ ਗਈ ਸੀ। ਸਾਲ 1991 ਵਿੱਚ ਇਹ ਜਮੀਨ ਚੱਕਬੰਦੀ ਅਫਸਰ ਦੇ ਹੁਕਮਾਂ ਅਨੁਸਾਰ ਇੰਤਕਾਲ ਨੰਬਰ 2026 ਮਿਤੀ 07.05.1991 ਰਾਹੀਂ ਇਸ ਦੀ ਮਲਕੀਅਤ ਆਮ ਲੋਕਾਂ ਦੇ ਨਾਮ ਤੇ ਤਬਦੀਲ ਕੀਤੀ ਗਈ। ਇਸ ਜਮੀਨ ਵਿੱਚੋਂ 7113 ਕਨਾਲ ਰਕਬੇ ਦੀ ਤਕਸੀਮ ਇੰਤਕਾਲ ਨੰਬਰ 3159, ਮਿਤੀ 21.05.2004 ਰਾਹੀਂ ਕੀਤੀ ਜਾਣੀ ਪਾਈ ਗਈ ਹੈ।

ਜਾਂਚ ਦੌਰਾਨ ਪਾਇਆ ਗਿਆ ਹੈ ਕਿ ਉਕਤ ਤਕਸੀਮ ਦੇ ਇੰਤਕਾਲ ਨੰਬਰ 3159 ਵਿੱਚ ਛੇੜਛਾੜ ਕਰਕੇ 14 ਵਿਅਕਤੀਆਂ ਦੇ ਨਾਮ ਫਰਜੀ ਦਰਜ ਕੀਤੇ ਅਤੇ ਉਹਨਾ ਦੇ ਨਾਵਾਂ ਉਪਰ ਤਕਰੀਬਨ 558 ਏਕੜ ਜਮੀਨ ਲਗਾਈ ਗਈ ਹੈ। ਅੱਗੋਂ ਇਸ ਜਮੀਨ ਨੂੰ ਸਾਲ 2010-11 ਵਿੱਚ ਪ੍ਰਾਪਰਟੀ ਡੀਲਰ ਅਤੇ ਭੂ ਮਾਫੀਆਂ ਦਾ ਕੰਮ ਕਰਨ ਵਾਲੇ ਦੋਸ਼ੀ ਸ਼ਿਆਮ ਲਾਲ ਤੇ ਹੰਸਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ, ਜਿਲਾ ਐਸ.ਏ.ਐਸ. ਨਗਰ, ਸੁੱਚਾ ਰਾਮ ਵਾਸੀ ਕੈਂਬਵਾਲਾ (ਚੰਡੀਗੜ), ਰੱਬੀ ਸਿੰਘ ਵਾਸੀ ਪਿੰਡ ਕਰੋਰਾ, ਐਸ.ਏ.ਐਸ ਨਗਰ ਅਤੇ ਧਰਮਪਾਲ ਵਾਸੀ ਅਮਲੋਹ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਹਨਾ ਵਿੱਚ ਇਕਬਾਲ ਸਿੰਘ ਪਟਵਾਰੀ, ਨਾਇਬ ਤਹਿਸੀਲਦਾਰ ਰੁਪਿੰਦਰ ਮਣਕੂ ਆਦਿ ਸ਼ਾਮਲ ਸਨ, ਦੀ ਮੱਦਦ ਨਾਲ ਸਾਲ 2010-2011 ਵਿੱਚ ਆਪਣੇ ਨਾਵਾਂ ਪਰ ਮੁਖਤਿਆਰੇ ਆਮ ਬਣਾਏ ਗਏ ਅਤੇ ਇਨਾਂ ਮੁਖਤਿਆਰਨਾਮਿਆਂ ਰਾਹੀਂ ਉਪਰੋਕਤ ਜਮੀਨ ਆਮ ਵਿਅਕਤੀਆਂ ਨੂੰ ਵੇਚ ਦਿੱਤੀ ਗਈ।

ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 18.06.2014 ਅਤੇ ਮਿਤੀ 19.06.2014 ਨੂੰ ਕੇਵਲ 2 ਦਿਨਾਂ ਵਿੱਚ ਹੀ ਤਕਰੀਬਨ 578 ਏਕੜ ਜਮੀਨ ਦੇ 10 ਤਬਾਦਲੇ ਫਰਜੀ ਕੀਤੇ ਜਾਣੇ ਪਾਏ ਗਏ ਜਿਨ੍ਹਾਂ ਦੇ ਸਹਿ ਦਸਤਾਵੇਜ਼ਾਂ ਦੀ ਪੜਤ ਪਟਵਾਰ ਅਤੇ ਪੜਤ ਸਰਕਾਰ ਨਾਲ ਇਹ ਦਸਤਾਵੇਜ਼, ਜਿਹਨਾ ਦੇ ਆਧਾਰ ਤੇ ਇਹ ਤਬਾਦਲੇ ਕੀਤੇ ਗਏ ਸਨ, ਮਾਲ ਵਿਭਾਗ ਦੇ ਰਿਕਾਰਡ ਵਿੱਚੋਂ ਖੁਰਦ-ਬੁਰਦ ਕਰ ਦਿੱਤੇ ਗਏ। ਇਹਨਾ ਫਰਜੀ ਤਬਾਦਲਿਆਂ ਦੇ ਇੰਤਕਾਲ ਪਟਵਾਰੀ ਦੋਲਤ ਰਾਮ ਅਤੇ ਉਸ ਵਕਤ ਦੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋ ਤਸਦੀਕ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਰਾਹੀਂ ਫਰਜੀ ਮਲਕੀਅਤਾਂ ਬਣਾਕੇ ਬਨਾਰਸੀ ਪੁੱਤਰ ਬਾਬੂ ਰਾਮ, ਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਪਰਮਜੀਤ ਸਿੰਘ ਪੁੱਤਰ ਪਾਲ ਸਿੰਘ, ਸ਼ਿਆਮ ਲਾਲ ਪੁੱਤਰ ਕਾਲੂ ਰਾਮ ਆਦਿ ਵਲੋ ਆਮ ਵਿਅਕਤੀਆਂ ਨੂੰ ਇਹ ਜਮੀਨਾਂ ਵੱਖ- ਵੱਖ ਵਸੀਕਿਆਂ ਰਾਹੀਂ ਵੇਚ ਦਿੱਤੀਆਂ ਗਈਆਂ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ ‘ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ    

ਵਿਜੀਲੈਂਸ ਬਿਊਰੋ ਦੇ ਮੁਖੀ ਨੇ ਦੱਸਿਆ ਕਿ ਉਪਰੋਕਤ ਤੋ ਇਲਾਵਾ 43 ਵਿਅਕਤੀਆਂ ਦਾ ਫਰਜੀ ਤਕਸੀਮ ਕੇਸ ਤਿਆਰ ਕਰਕੇ ਉਸਦਾ ਫੈਸਲਾ ਦੌਲਤ ਰਾਮ ਪਟਵਾਰੀ, ਵਰਿੰਦਰਪਾਲ ਸਿੰਘ ਧੂਤ, ਨਾਇਬ ਤਹਿਸੀਲਦਾਰ ਅਤੇ ਪ੍ਰਾਪਰਟੀ ਡੀਲਰ ਅਤੇ ਭੂਮੀ ਮਾਫੀਆਂ ਸ਼ਿਆਮ ਲਾਲ ਵਾਸੀ ਗੂੜਾ ਮਾਜਰੀਆਂ ਦੀ ਮਿਲੀ ਭੁਗਤ ਨਾਲ ਮਿਤੀ 20.12.2017 ਨੂੰ ਮੰਨਜੂਰ ਕੀਤਾ ਜਾਣਾ ਪਾਇਆ ਗਿਆ ਹੈ। ਇਸ ਫਰਜੀ ਤਕਸੀਮ ਕੇਸ ਵਿੱਚ ਕਿਸੇ ਵੀ ਪਟੀਸ਼ਨਰ ਜਾਂ ਰਿਸਪੋਡੈਂਟ ਨੂੰ ਕੋਈ ਇਤਲਾਹ ਨਹੀਂ ਕਰਵਾਈ ਗਈ, ਨਾ ਹੀ ਕਿਸੇ ਵਕੀਲ ਦਾ ਵਕਾਲਤਨਾਮਾ ਨੱਥੀ ਕੀਤਾ ਗਿਆ ਅਤੇ ਅਖਬਾਰ ਵਿੱਚ ਮਿਤੀ 14.04.2014 ਨੂੰ ਛੱਪੇ ਇੱਕ ਫਰਜੀ ਇਸ਼ਤਿਹਾਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਬਾਵਜੂਦ ਇਸ ਤਕਸੀਮ ਸਬੰਧੀ ਇੰਤਕਾਲ ਨੰਬਰ 4895 ਮਿਤੀ 21.12.2017 ਨੂੰ ਫੈਸਲੇ ਦੇ ਅਗਲੇ ਦਿਨ ਹੀ ਦੌਲਤ ਰਾਮ ਪਟਵਾਰੀ ਵੱਲੋ ਦਰਜ ਕਰ ਦਿੱਤਾ ਗਿਆ ਹੈ ਜਿਸ ਨੂੰ ਮਿਤੀ 27.12.2017 ਨੂੰ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋ ਮੰਨਜੂਰ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ।
-PTCNews