ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਰੈੱਡ ਅਲਰਟ ਜਾਰੀ

Weather update : Summer breaks record, red alert issued in these states including Punjab
ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਰੈੱਡ ਅਲਰਟ ਜਾਰੀ

ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਰੈੱਡ ਅਲਰਟ ਜਾਰੀ:ਚੰਡੀਗੜ੍ਹ: ਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਤੋਂ ਭਿਆਨਕ ਗਰਮੀ ਪੈ ਰਹੀ ਹੈ। ਭਾਰਤ ਦੇ ਉੱਤਰੀ ਹਿੱਸੇ ਵਿਚ 29 ਮਈ ਤੱਕ ਕੜਾਕੇਦਾਰ ਧੁੱਪ ਦੇ ਨਾਲ ਤੱਤੀ ਲੂ ਵਗਦੀ ਰਹੇਗੀ। ਉੱਤਰ ਤੇ ਕੇਂਦਰੀ ਭਾਰਤ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ ਸਮੇਤ ਦੇਸ਼ ਦੇ 9 ਰਾਜਾਂ ‘ਚ ਗਰਮੀ ਕਹਿਰ ਢਾਅ ਰਹੀ ਹੈ।

ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਪੰਜਾਬ, ਦਿੱਲੀ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿਚ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕ ਧੁੱਪ ‘ਚ ਨਾ ਨਿੱਕਲਣ ਕਿਉਂਕਿ ਇਸ ਸਮੇਂ ਤੱਤੀ ਲੂ ਸਿਖਰ ‘ਤੇ ਹੋਵੇਗੀ।

ਭਾਰਤੀ ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਐਤਵਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ‘ਚ ਦੇਸ਼ ਦੇ ਕੁਝ ਹਿੱਸਿਆਂ ਵਿਚ ਪਾਰਾ47 ਡਿਗਰੀ ਤੋਂ ਉਪਰ ਜਾ ਸਕਦਾ ਹੈ। ਗਰਮੀ ਦੇ ਮੌਸਮ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਸਮੇਂ ਵਿਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ।

ਭਾਰਤੀ ਮੌਸਮ ਵਿਭਾਗ ਨੇ ਆਪਣੇ ਰੋਜ਼ਾਨਾ ਬੁਲੇਟਿਨ ਵਿਚ ਦੱਸਿਆ ਕਿ ਅਗਲੇ ਪੰਜ ਦਿਨਾਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼,  ਤੇ ਤੇਲੰਗਾਨਾ ਦੇ ਕੁਝ ਇਲਾਕਿਆਂ ਵਿਚ ਬੇਹੱਦ ਗਰਮ ਹਵਾਵਾਂ ਚੱਲਣਗੀਆਂ ਹਨ। ਲੂ ਦੇ ਥਪੇੜਿਆਂ ਨਾਲ ਇਨ੍ਹਾਂ ਇਲਾਕਿਆਂ ਵਿਚ ਝੁਲਸਾ ਦੇਣ ਵਾਲੀ ਗਰਮੀ ਪਵੇਗੀ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ‘ਚ ਯੈਲੋ ਅਲਰਟ  ਜਾਰੀ ਕੀਤਾ ਹੈ। ਯੈਲੋ ਅਲਰਟ ਵਾਲੇ ਖੇਤਰ ਵਿੱਚ, ਗਰਮੀ ਦੀ ਲਹਿਰ ਘੱਟੋ-ਘੱਟ ਦੋ ਦਿਨਾਂ ਲਈ ਨਿਰੰਤਰ ਰਹੇਗੀ।
-PTCNews