ਖੇਤੀਬਾੜੀ

ਕਿਸਾਨੀ ਸੰਘਰਸ਼ ਦੇ ਰੰਗਾਂ 'ਚ ਰੰਗੀਆਂ ਵਿਆਹ ਸ਼ਗਨਾਂ ਦੀਆਂ ਰਸਮਾਂ, ਘਰਾਂ 'ਚ ਬੈਠੇ ਲੋਕ ਇੰਝ ਦੇ ਰਹੇ ਸਮਰਥਨ

By Jagroop Kaur -- December 09, 2020 3:12 pm -- Updated:Feb 15, 2021

ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਬਾਅਦ ਕਿਸਾਨ ਸੜਕਾਂ ਅਤੇ ਰੇਲ ਗੱਡੀਆਂ ਦੀਆਂ ਲਾਈਨਾਂ 'ਤੇ ਬੈਠ ਕੇ ਧਰਨੇ ਦੇਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਰੁਖ ਕੀਤਾ ਹੋਇਆ ਹੈ। ਜਿਥੇ ਅੱਜ ਅਹਿਮ ਮੀਟਿੰਗ ਵੀ ਹੋਈ ਅਤੇ ਇਸ ਮੀਟਿੰਗ ਦੇ ਵਿਚ ਬਹੁਤ ਸਾਰੀਆਂ ਤਜਵੀਜ਼ਾਂ ਸਾਹਮਣੇ ਆਈਆਂ ਹਨ। ਜਿਥੇ ਇਕ ਪਾਸੇ ਪਿਛਲੇ ਦੋ ਹਫਤਿਆਂ ਤੋਂ ਕਿਸਾਨਾਂ ਵੱਲੋਂ ਦਿੱਲੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪੰਜਾਬ 'ਚ ਘਰਾਂ 'ਚ ਰਹਿ ਕੇ ਵੀ ਲੋਕ ਕਿਸਾਨਾਂ ਦੇ ਹੱਕ 'ਚ ਹਨ |

ਜਿਥੇ ਘਰਾਂ 'ਚ ਲੋਕ ਵਿਆਹ ਸਮਾਗਮਾਂ ਦੇ ਮੌਕੇ ਵੀ ਦਿੱਲੀ 'ਚ ਬੈਠੇ ਕਿਸਾਨਾਂ ਦੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੌਂਸਲੇ ਲਈ ਦੁਆਵਾਂ ਕੀਤੀਆਂ ।ਇਸ ਦੀ ਮਿਸਾਲ ਦੇਖਣ ਨੂੰ ਮਿਲੀ ਮਲੋਟ ਦੇ ਇਕ ਪਰਿਵਾਰ ਵੱਲੋਂ ਜਿਥੇ ਵਿਆਹ ਵਾਲੇ ਲਾੜੇ ਨੇ ਵਿਆਹ ਚ ਆਉਣ ਵਾਲੇ ਬਰਾਤੀਆਂ ਮਹਿਮਾਨਾਂ ਵੱਲੋਂ ਪਾਏ ਜਾਣ ਵਾਲੇ ਸ਼ਗਨ ਦੇ ਲਈ ਇਕ ਗੁੱਲਕ ਰੱਖੀ ਗਈ|

ਤਾਂ ਜੋ ਮਹਿਮਾਨਾਂ ਵੱਲੋਂ ਜੋ ਵੀ ਸ਼ਗੁਨ ਦੀ ਰਕਮਮ ਹੋਵੇਗੀ , ਉਹ ਰਕਮ ਦਿੱਲੀ ਬਰਡਰਾਂ 'ਤੇ ਬੈਠੇ ਕਿਸਾਨਾਂ ਨੂੰ ਦਿੱਤੀ ਜਾਵੇਗੀ , ਤਾਂ ਜੋ ਉਹਨਾਂ ਦੀ ਮਾਲੀ ਮਦਦ ਹੋ ਸਕੇ। ਉਥੇ ਹੀ ਇਕ ਅਜਿਹਾ ਹੀ ਇਕ ਮਾਮਲਾ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਵੇਖਣ ਨੂੰ ਮਿਲਿਆ,

ਜਿੱਥੇ ਵਿਆਹ ਸਮਾਗਮ ਤੋਂ ਇਕ ਦਿਨ ਪਹਿਲਾਂ 'ਜਾਗੋ' 'ਚ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ।ਇਸ ਦੇ ਨਾਲ ਹੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਜਾਗੋ 'ਚ ਪਰਿਵਾਰ ਅਤੇ ਆਏ ਹੋਏ ਰਿਸ਼ਤੇਦਾਰ ਵੱਲੋਂ ਡੀ. ਜੇ. 'ਤੇ ਕਿਸਾਨਾਂ ਵੱਲੋਂ ਹੋਰ ਗਾਣਿਆਂ ਦੀ ਬਜਾਏ ਕਿਸਾਨੀ ਦੇ ਨਾਲ ਸਬੰਧਤ ਗਾਣਿਆਂ 'ਤੇ ਨੱਚੇ। ਜਿਸ ਵਿੱਚ 'ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ' ਗੀਤਾਂ 'ਤੇ ਭੰਗੜਾ ਪਾਇਆ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਰ ਵੀ ਕੀਤਾ।

ਅਜਿਹੀ ਮਿਸਾਲ ਪੇਸ਼ ਕਰਕੇ ਉਨ੍ਹਾਂ ਵੱਲੋਂ ਦਿੱਲੀ 'ਚ ਬੈਠੇ ਕਿਸਾਨ ਭਰਾਵਾਂ ਅਤੇ ਰਿਸ਼ਤੇਦਾਰਾਂ ਦਾ ਹੌਸਲਾ ਵਧਾਇਆ ਗਿਆ।ਇਥੇ ਦੱਸਣਯੋਗ ਹੈ ਕਿ ਪੰਜਾਬ 'ਚ ਕਿਸਾਨੀ ਅੰਦੋਲਨ ਤੋਂ ਬਾਅਦ ਵਿਆਹਾਂ ਦੇ ਮਾਹੌਲ 'ਚ ਵੀ ਕਿਸਾਨੀ ਮੁੱਦਾ ਦਾ ਅਹਿਮ ਰੋਲ ਰਹਿਣ ਲੱਗ ਪਿਆ ਹੈ।

ਵਿਆਹਾਂ ਸ਼ਾਦੀਆਂ ਵਿੱਚ ਵੀ ਹੁਣ ਪਹਿਲਾਂ ਦਿੱਲੀ 'ਚ ਬੈਠੇ ਕਿਸਾਨ ਭਰਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ 'ਤੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਕਈ ਮੈਂਬਰ ਜੋ ਦਿੱਲੀ 'ਚ ਧਰਨੇ 'ਤੇ ਬੈਠੇ ਹਨ, ਉਹ ਇਹ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤਣਗੇ। ਜਦੋਂ ਤਕ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਕਰੇਗਾ

ਇਹ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਅਸੀਂ ਖ਼ੁਸ਼ੀ 'ਚ ਸ਼ਾਮਲ ਤਾਂ ਹੋਏ ਹਾਂ ਪਰ ਸਾਡਾ ਦਿਲ ਦਿੱਲੀ ਵਿਖੇ ਹੈ, ਕਿਉਂਕਿ ਸਾਡੇ ਕਿਸਾਨ ਭਰਾ ਅਤੇ ਰਿਸ਼ਤੇਦਾਰ ਉੱਥੇ ਧਰਨੇ 'ਤੇ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਜੇਕਰ ਇਹ ਕਾਨੂੰਨ ਵਾਪਸ ਨਹੀਂ ਹੋਏ ਤਾਂ ਇਹ ਜੰਗ ਜਾਰੀ ਰਹੀ। ਅਸੀਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਸਣੇ ਦਿੱਲੀ ਧਰਨੇ 'ਚ ਸ਼ਮੂਲੀਅਤ ਕਰਾਂਗੇ।

 

  • Share