ਪਤੀ ਦੇ ਨਾਜਾਇਜ਼ ਸੰਬੰਧਾਂ ਦੇ ਨਾਲ ਨਾਲ ਔਰਤ ਵੱਲੋਂ ਪੁਲਿਸ 'ਤੇ ਵੀ ਵੱਡੇ ਸਵਾਲ !

By PTC NEWS - August 31, 2020 2:08 pm

ਐੱਸਏਐੱਸ ਨਗਰ - ਪਰਿਵਾਰਿਕ ਕਲੇਸ਼ ਨੂੰ ਲੈ ਕੇ ਮੋਹਾਲੀ 'ਚ ਬੜਾ ਹਾਈ ਵੋਲਟੇਜ ਡਰਾਮਾ ਹੋਇਆ, ਜਿਸ 'ਚ ਪਤਨੀ ਨੇ ਪਤੀ ਨੂੰ ਕਿਸੇ ਗ਼ੈਰ ਮਹਿਲਾ ਨਾਲ ਹੋਟਲ 'ਚ ਰੰਗੇ ਹੱਥੀਂ ਫ਼ੜ ਲਿਆ। ਮਹਿਲਾ ਨੇ ਜਿੱਥੇ ਆਪਣੇ ਪਤੀ 'ਤੇ ਇੱਕ ਬੇਟੀ ਦਾ ਬਾਪ ਹੋਣ ਦੇ ਬਾਵਜੂਦ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਰੱਖਣ ਦਾ ਇਲਜ਼ਾਮ ਲਗਾਇਆ, ਉੱਥੇ ਹੀ ਪੁਲਿਸ 'ਤੇ ਵੀ ਪੱਖਪਾਤੀ ਰਵੱਈਆ ਅਪਨਾਉਣ ਦੇ ਦੋਸ਼ ਲਗਾਏ।
Wife nabbed husband with girlfriend in hotel Mohali
ਇਲਜ਼ਾਮ ਲਗਾਉਣ ਵਾਲੀ ਮਹਿਲਾ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਸੈਕਟਰ-32 'ਚ ਨਰਸਿੰਗ ਅਫ਼ਸਰ, ਅਤੇ ਉਸ ਦਾ ਪਤੀ ਪੰਜਾਬ ਪੁਲਿਸ 'ਚ ਕਾਂਸਟੇਬਲ ਵਜੋਂ ਤਾਇਨਾਤ ਹੈ। ਔਰਤ ਦਾ ਕਹਿਣਾ ਹੈ ਕਿ ਐਤਵਾਰ (30 ਅਗਸਤ 2020) ਨੂੰ ਉਸ ਨੇ ਆਪਣੇ ਪਤੀ ਨੂੰ ਮੋਹਾਲੀ ਫ਼ੇਸ 5 ਦੇ ਇੱਕ ਹੋਟਲ 'ਚ ਇੱਕ ਗ਼ੈਰ ਮਹਿਲਾ ਦੇ ਨਾਲ ਰੰਗੇ ਹੱਥੀਂ ਫੜਿਆ। ਪਰ ਪੁਲਿਸ ਨੇ ਉਸ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਨ ਦੀ ਥਾਂ, ਪੁਲਿਸ ਮੁਲਾਜ਼ਮ ਹੋਣ ਕਾਰਨ ਉਸ ਦੇ ਪਤੀ ਦਾ ਸਾਥ ਦਿੱਤਾ। ਔਰਤ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਦੀ ਗੁਹਾਰ ਸੁਣਨ ਦੀ ਬਜਾਏ, ਉਸ ਨੂੰ ਉਸ ਦੀ ਸਾਢੇ 3 ਸਾਲ ਦੀ ਬੱਚੀ ਅਤੇ ਪਰਿਵਾਰ ਸਮੇਤ ਥਾਣੇ 'ਚੋਂ ਬਾਹਰ ਕੱਢ ਕੇ ਗੇਟ ਬੰਦ ਕਰ ਦਿੱਤਾ ਗਿਆ।

ਉਕਤ ਔਰਤ ਨੇ ਦੱਸਿਆ ਕਿ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਅਤੇ ਪੁਲਿਸ ਕਰਮਚਾਰੀ ਪਤੀ ਨਾਲ ਉਸ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ। ਉਸ ਨੇ ਇਲਜ਼ਾਮ ਲਗਾਇਆ ਕਿ ਵਿਆਹ ਦੇ ਬਾਅਦ ਤੋਂ ਹੀ ਉਸਨੂੰ ਪਰੇਸ਼ਾਨ ਕੀਤਾ ਜਾਣ ਲੱਗਾ, ਅਤੇ ਜਦੋਂ ਉਹ ਗਰਭਵਤੀ ਹੋਈ ਤਾਂ ਉਸ ਦੇ ਸਹੁਰਾ-ਘਰ ਪਰਿਵਾਰ ਨੇ ਉਸ 'ਤੇ ਲਿੰਗ ਜਾਂਚ ਕਰਵਾਉਣ ਲਈ ਦਬਾਅ ਬਣਾਇਆ, ਜਿਸਦਾ ਉਸਦੇ ਕੋਲ ਲਿਖ਼ਤੀ ਸਬੂਤ ਹੈ। ਉਸ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਉਸਨੂੰ ਬਿਨਾਂ ਤਲਾਕ ਦਿੱਤੇ ਕਿਤੇ ਹੋਰ ਰਹਿ ਰਿਹਾ ਹੈ, ਅਤੇ ਗ਼ੈਰ ਔਰਤ ਨਾਲ ਉਸ ਨੇ ਆਪਣੇ ਪਤੀ ਨੂੰ ਕਈ ਵਾਰ ਦੇਖਿਆ।
Wife nabbed husband with girlfriend in hotel Mohali
ਪੁਲਿਸ ਦੇ ਪੱਖਪਾਤੀ ਰਵੱਈਏ ਬਾਰੇ ਇਸ ਔਰਤ ਨੇ ਕਿਹਾ ਕਿ ਪੁਲਿਸ ਉਸ ਦੀ ਸ਼ਿਕਾਇਤ ਉੱਤੇ ਇਸ ਲਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਸ ਦਾ ਪਤੀ ਮੋਹਾਲੀ ਪੁਲਿਸ 'ਚ ਤਾਇਨਾਤ ਹੈ ਅਤੇ ਡੀਐੱਸਪੀ ਦਾ ਰੀਡਰ ਰਹਿ ਚੁੱਕਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਦੇ ਕਹਿਣ ਉੱਤੇ ਪੁਲਿਸ ਨੇ ਉਸ ਦੇ ਪਤੀ ਨਾਲ ਫ਼ੜੀ ਗਈ ਔਰਤ ਨੂੰ ਵੀ ਮੌਕੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਹ ਮਹਿਲਾ ਉਸ ਦੀ ਸਿਰਫ਼ ਦੋਸਤ ਹੈ, ਜਦ ਕਿ ਉਸ ਦੀ ਪਤਨੀ ਉਸ ਉੱਤੇ ਬਿਨਾਂ ਕਾਰਨ ਸ਼ੱਕ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਖ਼ਿਲਾਫ਼ ਤਲਾਕ ਦਾ ਕੇਸ ਵੀ ਫ਼ਾਈਲ ਕੀਤਾ ਹੋਇਆ ਹੈ, ਤੇ ਮੁਕੱਦਮਾ ਅਦਾਲਤ 'ਚ ਚੱਲ ਰਿਹਾ ਹੈ।
Wife nabbed husband with girlfriend in hotel Mohali
ਦੋਵੇ ਧਿਰਾਂ ਵੱਲੋਂ ਲਿਖ਼ਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਪਤਾ ਲੱਗਿਆ ਹੈ ਕਿ ਪੁਲਿਸ ਮੁਲਾਜ਼ਮ ਪਤੀ ਨਾਲ ਜੋ ਮਹਿਲਾ ਸੀ, ਉਸ ਨਾਲ ਕੁੱਟਮਾਰ ਵੀ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦਾ ਦੀ ਗੱਲ ਕਹੀ ਜਾ ਰਹੀ ਹੈ।

adv-img
adv-img