ਪੰਜਾਬ

ਰਸਤਾ ਨਾ ਮਿਲਣ 'ਤੇ ਤੈਸ਼ 'ਚ ਆਏ ਨੌਜਵਾਨ ਵੱਲੋਂ ਸਕੂਲ ਬੱਸ 'ਤੇ ਫਾਇਰਿੰਗ

By Jasmeet Singh -- August 23, 2022 6:47 pm -- Updated:August 23, 2022 6:51 pm

ਜੰਡਿਆਲਾ ਗੁਰੂ, 23 ਅਗਸਤ: ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਜੰਡਿਆਲਾ ਖੇਤਰ ਵਿੱਚ ਸਕੂਲ ਬੱਸ 'ਤੇ ਇਕ ਬਾਈਕ ਸਵਾਰ ਵੱਲੋਂ ਗੋਲੀ ਚਲਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਅੱਜ ਇੱਕ ਬਾਈਕ ਸਵਾਰ ਨੌਜਵਾਨ ਨੂੰ ਸਕੂਲ ਬੱਸ ਵੱਲੋਂ ਰਸਤਾ ਨਾ ਦੇਣ 'ਤੇ ਭੜਕੇ ਨੌਜਵਾਨ ਨੇ ਸਕੂਲ ਬੱਸ 'ਤੇ ਕਥਿਤ ਤੌਰ 'ਤੇ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਕਿ ਘਟਨਾ ਦੇ ਵੇਲੇ ਬੱਸ ਵਿਚ 45 ਦੇ ਕਰੀਬ ਬੱਚੇ ਸਵਾਰ ਸਨ।

ਬੱਸ ਡਰਾਈਵਰ ਹਰਿੰਦਰ ਸਿੰਘ ਮੁਤਾਬਕ ਉਸਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਡਰਾਈਵਰ ਅਨੁਸਾਰ ਗਨੀਮਤ ਰਹੀ ਕਿ ਤੈਸ਼ 'ਚ ਆਏ ਨੌਜਵਾਨ ਨੇ ਜਿੱਥੇ ਪਹਿਲਾਂ 2 ਵਾਰ ਫਾਇਰ ਕੀਤੇ ਉਹ ਕਿਸੇ ਨੂੰ ਨਹੀਂ ਲੱਗੇ ਅਤੇ ਤੀਸਰੀ ਗੋਲੀ ਫਾਇਰ ਹੋਣ ਤੋਂ ਪਹਿਲਾਂ ਹੀ ਪਿਸਤੌਲ 'ਚ ਅੜ ਗਈ। ਜਿਸ ਤੋਂ ਬਾਅਦ ਉਸਨੇ ਪਿੰਡ ਵਾਸੀਆਂ ਦੀ ਮਦਦ ਨਾਲ ਨੌਜਵਾਨ ਨੂੰ ਮੌਕੇ 'ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਡਰਾਈਵਰ ਮੁਤਾਬਕ ਰਸਤਾ ਨਾ ਮਿਲਣ 'ਤੇ ਬਾਈਕ ਸਵਾਰ ਨੂੰ ਗੁੱਸਾ ਚੜ੍ਹ ਗਿਆ ਅਤੇ ਉਸਨੇ ਪਿਸਤੌਲ ਕੱਢ ਬੱਸ ਦੇ ਅੱਗੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਦੋ ਫਾਇਰ ਚੱਲੇ ਜਿਸ 'ਚ ਉਹ ਵਾਲ-ਵਾਲ ਬਚ ਗਿਆ ਅਤੇ ਪਿਸਤੌਲ ਜਾਮ ਹੋਣ ਕਾਰਨ ਬਾਈਕ ਸਵਾਰ ਨੂੰ ਮੌਕੇ 'ਤੇ ਹੀ ਦਬੋਚ ਕਾਬੂ ਕਰ ਲਿਆ। ਪਰ ਪੁਲਿਸ ਦਾ ਇਸ ਮਾਮਲੇ 'ਚ ਇਹ ਬਿਆਨ ਸਾਹਮਣੇ ਆਇਆ ਕਿ ਗੋਲੀ ਨਹੀਂ ਚੱਲ ਪਾਈ ਅਤੇ ਲੋਕਾਂ ਨੇ ਨੌਜਵਾਨ ਨੂੰ ਦਬੋਚ ਲਿਆ।

ਡੀਐਸਪੀ ਕੁਲਦੀਪ ਸਿੰਘ ਮੁਤਾਬਕ ਦੋਸ਼ੀ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਜੋ ਬੱਸ ਦੇ ਸਾਹਮਣੇ ਆ ਖਲੋਇਆ ਅਤੇ ਬੱਸ ਡਰਾਈਵਰ ਨਾਲ ਭਿੜ ਗਿਆ। ਜਿਸ ਤੋਂ ਬਾਅਦ ਨੌਜਵਾਨ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ, ਗੋਲੀ ਨਾ ਚਲਣ ਕਰਕੇ ਲੋਕਾਂ ਨੇ ਉਸਨੂੰ ਫੜ ਲਿਆ। ਉੱਚ-ਪੁਲਿਸ ਅਧਿਕਾਰੀ ਮੁਤਾਬਕ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਪੂਰੀ ਜਾਂਚ ਮਗਰੋਂ ਹੀ ਸਾਰੀ ਘਟਨਾ ਸਪਸ਼ਟ ਹੋ ਪਾਵੀਗੀ।


-PTC News

  • Share