ਕਰਜ਼ੇ ਤੇ ਬੇਰੁਜ਼ਗਾਰੀ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ‘ਚ ਸੋਗ ਦੀ ਲਹਿਰ

ਪੱਟੀ: ਪੱਟੀ ‘ਚ ਕਰਜ਼ੇ ਤੇ ਬੇਰੁਜ਼ਗਾਰੀ ਨੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ ਹੈ। 28 ਸਾਲਾ ਗੁਰਪ੍ਰੀਤ ਸਿੰਘ ਨੇ ਨਹਿਰ ‘ਚ ਛਾਲ ਮਾਰ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ। ਮਾਮਲਾ ਇਹ ਹੈ ਕਿ ਪੱਟੀ ਦੇ ਪਿੰਡ ਸੈਦੋ ਦੇ ਗੁਰਪ੍ਰੀਤ ਸਿੰਘ ‘ਤੇ ਕਰੀਬ 10 ਲੱਖ ਦਾ ਕਰਜ਼ਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਹਰੀਕੇ ਤੋਂ ਰਾਜਸਥਾਨ ਲਈ ਨਿਕਲਦੀ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਮ੍ਰਿਤਕ ਦੇ ਪਿਤਾ ਸਵਰਨ ਸਿੰਘ ਮੁਤਾਬਕ ਉਨ੍ਹਾਂ ਕੋਲ ਥੋਡ਼ੀ ਜ਼ਮੀਨ ਹੈ, ਜਿਸ ‘ਤੇ ਪੰਜਾਬ ਨੈਸ਼ਨਲ ਗ੍ਰਾਮੀਣ ਬੈਂਕ ਪੱਟੀ ਤੋਂ 2 ਲੱਖ 20 ਹਜ਼ਾਰ ਦਾ ਕਰਜ਼ਾ ਲਿਆ ਜੋ ਕਿ ਹੁਣ 5 ਲੱਖ ਬਣ ਗਿਆ।

ਹੋਰ ਪੜ੍ਹੋ: ਮਰਚੈਂਟ ਨੇਵੀ ‘ਚ ਨੌਕਰੀ ਕਰਦੇ ਅੰਮ੍ਰਿਤਧਾਰੀ ਨੌਜਵਾਨ ਲਛਮਣ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਭਾਰਤ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਅਤੇ ਬੈਂਕ ਵਾਲੇ ਅਕਸਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਜਿਸ ਕਰਕੇ ਉਨ੍ਹਾਂ ਦਾ ਲੜਕਾ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸਨੇ ਇਹ ਕਦਮ ਉਠਾਇਆ।

ਇਸ ਮੌਕੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਭੈਣ ਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਭਰਾ ਕਰਜ਼ੇ ਕਾਰਨ ਅਤੇ ਕੋਈ ਨੌਕਰੀ ਜਾ ਰੋਜ਼ਗਾਰ ਨਾ ਮਿਲਣ ਕਰਕੇ ਪ੍ਰੇਸ਼ਾਨ ਸੀ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

-PTC News