adv-img
ਮਨੋਰੰਜਨ ਜਗਤ

ਮੁੱਖ ਮੰਤਰੀ ਮਾਨ ਕੋਲ ਪਹੁੰਚਣ ਤੋਂ ਪਹਿਲਾਂ Youtube ਨੇ ਖੋਹਿਆ ਜੈਨੀ ਜੌਹਲ ਦਾ 'Letter To CM'

By Jasmeet Singh -- October 9th 2022 03:27 PM -- Updated: October 9th 2022 03:31 PM

Youtube takes down Jenny Johal's 'Letter To CM': ਪੰਜਾਬੀ ਗਾਇਕਾ ਜੈਨੀ ਜੌਹਲ ਨੇ ਹਾਲ ਹੀ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਉਜਾਗਰ ਕਰਦਾ ਗੀਤ ਰਿਲੀਜ਼ ਕੀਤਾ ਸੀ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ। 'Letter To CM' ਨਾਮਕ ਆਪਣੇ ਗੀਤ 'ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਸਾਧੇ ਸਨ। ਇਸ ਗੀਤ ਰਾਹੀਂ ਜੈਨੀ ਜੌਹਲ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਅਫ਼ਸੋਸ ਗਾਇਕਾ ਦੇ ਇਸ ਗੀਤ ਨੂੰ ਰਾਤੋ ਰਾਤ ਹੀ copyright ਕੇਸ ਹੋਣ ਕਾਰਨ Youtube ਤੋਂ ਹਟਾ ਦਿੱਤਾ ਗਿਆ ਹੈ। ਗੀਤ ਨੂੰ ਬੀਤੇ ਸ਼ਨਿੱਚਰਵਾਰ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਰਾਹੀਂ ਜੈਨੀ ਜੌਹਲ ਨੇ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ?

ਜੈਨੀ ਜੌਹਲ ਦੇ ਇਸ ਨਵੇਂ ਗੀਤ ਦੇ ਬੋਲ 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੁੰਜਨ ਸ਼ਹਿਨਾਈਆਂ' ਦੇ ਨਾਲ ਮਾਨ ਦੇ ਵਿਆਹ ਦੇ ਦ੍ਰਿਸ਼ਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗਾਇਕਾ ਨੇ ਇਸ ਗੀਤ 'ਚ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰਨ, ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਅਤੇ ਸੁਰੱਖਿਆ ਵਾਪਿਸ ਲੈਣ ਦੀ ਖ਼ੁਫ਼ੀਆ ਖ਼ਬਰ ਮੀਡੀਆ 'ਚ ਲੀਕ ਹੋਣ ਦੀਆਂ ਖ਼ਬਰਾਂ ਦਾ ਵੀ ਮੁੱਦਾ ਚੁੱਕਿਆ ਸੀ।

ਗੀਤ ਦੇ ਅਲਫਾਜ਼ਾਂ ਨੂੰ ਜੈਨੀ ਨੇ ਖ਼ੁਦ ਸੰਗੀਤਬੱਧ ਕੀਤਾ ਜਿਸ 'ਚ ਉਨ੍ਹਾਂ ਦਾ ਕਹਿਣਾ ਸੀ ਕਿ 92 ਵਿਧਾਇਕ ਬਦਲਾਅ ਦੇ ਇਰਾਦੇ ਨਾਲ ਜਿੱਤੇ ਪਰ ਲੋਕਾਂ ਦੇ ਸੁਪਨੇ ਮਿੱਟੀ ਵਿੱਚ ਮਿਲ ਗਏ, ਉਹਨਾਂ ਕਿਹਾ ਕਿ ਸਿਰਫ਼ ਚਿਹਰੇ ਬਦਲੇ ਸਨ ਤੇ ਰਾਜ ਉਹੀ ਹੈ। ਉਨ੍ਹਾਂ ਆਪਣੇ ਗੀਤ ਚ ਸਵਾਲ ਚੁੱਕਿਆ ਕਿ ਤਾੜੀਆਂ ਲੁੱਟਣ ਲਈ ਸੁਰੱਖਿਆ ਘਟਾ ਕੇ ਸੂਚੀ ਜਨਤਕ ਕਰਨ ਵਾਲਿਆਂ ਦਾ ਅਜੇ ਤੱਕ ਖ਼ੁਲਾਸਾ ਕਿਉਂ ਨਹੀਂ ਕੀਤਾ ਗਿਆ? ਗੀਤ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਬਾਰੇ ਵੀ ਗੱਲ ਕੀਤੀ ਗਈ। ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਦੇ ਸਾਥੀ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ: ਸਿਹਤਯਾਬੀ ਮਗਰੋਂ ਪਰਤੇ ਮੂਸੇਵਾਲਾ ਦੇ ਪਿਤਾ ਨੇ ਪੁੱਤ ਲਈ ਮੁੜ ਤੋਂ ਵਿੱਢੀ ਇਨਸਾਫ਼ ਦੀ ਜੰਗ

ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਵਿਚਕਾਰ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਜੰਗ ਨੂੰ ਮੁੜ ਤੋਂ ਵਿੱਢਦਿਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਪਿਤਾ ਬਲਕੌਰ ਸਿੰਘ ਨੇ ਅੱਜ ਇੱਕ ਸਮਾਗਮ 'ਚ ਮਾਨਸਾ ਪਹੁੰਚ ਕਿਹਾ ਕਿ ਉਹ ਪਿਛਲੇ ਕੁੱਝ ਹਫ਼ਤਿਆਂ ਤੋਂ ਖ਼ਰਾਬ ਸਿਹਤ ਕਾਰਨ ਗ਼ੈਰਹਾਜ਼ਰ ਸਨ ਅਤੇ ਹੁਣ ਮੁੜ ਤੋਂ ਸੰਘਰਸ਼ ਸ਼ੁਰੂ ਕਰਕੇ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ 1-2 ਕਲਾਕਾਰਾਂ ਨੂੰ ਛੱਡ ਕੇ ਪੂਰੀ ਪੰਜਾਬੀ ਇੰਡਸਟਰੀ ਚੁੱਪ ਹੈ ਅਤੇ ਸਿੱਧੂ ਦੇ ਹੱਕ 'ਚ ਆਵਾਜ਼ ਚੁੱਕਣ ਵਾਲੇ ਦੋਵੇਂ ਕਲਾਕਾਰ ਕੁੜੀਆਂ ਹਨ।

-PTC News

  • Share