ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ
ਚੰਡੀਗੜ੍ਹ: ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਪੰਜਾਬ ਦੀ 105 ਸਾਲਾ ਅਥਲੀਟ ਬੇਬੇ ਮਾਨ ਕੌਰ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ 'ਚ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹਰ ਕਿਸੇ ਦੀ ਅੱਖ ਨਮ ਸੀ, ਪਰਿਵਾਰ ਦਾ ਜੋ ਹਾਲ ਸੀ ਉਸ ਨੂੰ ਕਿਸੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ। ਉਥੇ ਹੀ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਕਈ ਰਾਜਨੀਤਿਕ ਆਗੂ ਵੀ ਮੌਜੂਦ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਸਮੇਤ ਕਈ ਹੋਰ ਪਾਰਟੀ ਦੇ ਵਰਕਰਾਂ ਨੇ ਬੇਬੇ ਜੀ ਸ਼ਰਧਾਂਜਲੀ ਦਿੱਤੀ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ 105 ਸਾਲਾ ਅਥਲੀਟ ਬੇਬੇ ਮਾਨ ਕੌਰ ਬੀਤੇ ਦਿਨ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਬੇਬੇ ਮਾਨ ਕੌਰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ ਸਨ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਇਸ ਖਬਰ ਤੋਂ ਬਾਅਦ ਦੇਸ਼ ਤੇ ਦੁਨੀਆ ’ਚ ਵਸਦੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਤੇ ਨਿਰਾਸ਼ ਹਨ।
ਹੋਰ ਪੜ੍ਹੋ:ਕਿੱਥੇ ਗਈ ਇਨਸਾਨੀਅਤ ? ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ ‘ਚ ਸੁੱਟਿਆ, ਦੇਖੋ ਤਸਵੀਰਾਂ
ਬੇਬੇ ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਸ ਉਮਰ ਵਿਚ ਜਿਥੇ ਹੋਰ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਹਿੱਲਣ ਤੋਂ ਵੀ ਲਾਚਾਰ ਹੋ ਜਾਂਦੇ ਹਨ। ਬੇਬੇ ਮਾਨ ਕੌਰ ਵੱਲੋਂ ਵਿਸ਼ਵ ਵਿਆਪੀ ਦੌੜਾਂ ਵਿਚ ਹਿੱਸੇ ਲੈਣਾ ਅਤੇ ਗੋਲਡ ਮੈਡਲ ਜਿੱਤਣਾ ਸੱਚਮੁੱਚ ਅਦੁਭੁਤ ਸੀ ।
ਬੇਬੇ ਮਾਨ ਕੌਰ ਆਕਲੈਂਡ 2017 ਦੀਆਂ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਏ ਸਨ। ਮਾਨ ਕੌਰ ਨੇ 102 ਸਾਲ ਦੀ ਉਮਰ ’ਚ ਸਪੇਨ ’ਚ ਆਯੋਜਿਤ ਵਰਲਡ ਮਾਸਟਰਸ ਐਥਲੈਟਿਕਸ ਚੈਂਪੀਅਨਿਸ਼ਪ ’ਚ 100-104 ਉਮਰ ਵਰਗ ’ਚ 200 ਮੀਟਰ ਰੇਸ ’ਚ 3 ਮਿੰਟ ਤੇ 14.65 ਸਕਿੰਟ ਦੇ ਸਮੇਂ ਦੇ ਨਾਲ ਦੌੜਦੇ ਹੋਏ ਸੋਨ ਤਮਗ਼ਾ ਹਾਸਲ ਕੀਤਾ।
-PTC News