adv-img
ਮੁੱਖ ਖਬਰਾਂ

NIA ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ

By Pardeep Singh -- September 12th 2022 08:38 AM -- Updated: September 12th 2022 01:16 PM

ਚੰਡੀਗੜ੍ਹ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਦੇਸ਼ ਵਿੱਚ 60 ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ NIA ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ਉੱਤੇ ਛਾਪੇ ਪਏ ਹਨ। ਜਾਣਕਾਰੀ ਦੇ ਅਨੁਸਾਰ, NIA ਨੇ ਹਰਿਆਣਾ, ਪੰਜਾਬ ਅਤੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੀ ਅਗਵਾਈ ਕੀਤੀ। ਸਿੱਧੂ ਮੂਸੇ ਵਾਲਾ ਦੇ ਕਤਲ ਵਿੱਚ ਸ਼ਾਮਲ ਕਥਿਤ ਤੌਰ 'ਤੇ ਅੱਤਵਾਦੀ ਗਿਰੋਹ ਨਾਲ ਜੁੜੇ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ ਸੀ।

ਦਿੱਲੀ ਦੇ ਅਲੀਪੁਰ 'ਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਘਰ 'ਤੇ NIA ਦੀ ਛਾਪੇਮਾਰੀ ਹੋਈ ਅਤੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।ਹਰਿਆਣਾ ਦੇ ਸੋਨੀਪਤ ਦੇ ਪਿੰਡ ਜਥੇੜੀ ਵਿੱਚ ਐਨਆਈਏ ਨੇ ਗੈਂਗਸਟਰ ਕਾਲਾ ਜਥੇਦਾਰੀ ਦੇ ਘਰ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਦੀ ਪਤਨੀ ਅਨੁਰਾਧਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।

nia raid

ਗੁਰੂਗ੍ਰਾਮ ਵਿੱਚ ਨਾਹਰਪੁਰ ਇਲਾਕੇ ਵਿੱਚ ਗੈਂਗਸਟਰ ਕੌਸ਼ਲ ਚੌਧਰੀ, ਗੈਂਗਸਟਰ ਅਮਿਤ ਡਾਗਰ ਅਤੇ ਸੰਦੀਪ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਇੰਨ੍ਹਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਯਮੁਨਾਨਗਰ ਦੇ ਗੈਂਗਸਟਰ ਕਾਲਾ ਰਾਣਾ ਦੇ ਘਰ ਵਿੱਚ NIA ਦੀ ਟੀਮ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਲਾ ਰਾਣਾ ਦੇ ਮਾਪਿਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ  ਗੈਂਗਸਟਰ ਸ਼ੁਭਮ ਦੇ ਘਰ ਐਨਆਈਏ ਦੀ ਟੀਮ ਨੇ ਰੇਡ ਕੀਤੀ। ਸ਼ਾਮ 4.30 ਵਜੇ ਦੇ ਕਰੀਬ ਪਹੁੰਚੀ ਟੀਮ ਨੇ ਮਜੀਠਾ ਰੋਡ 88 ਫੁੱਟੀ ਰੋਡ 'ਤੇ ਸ਼ੁਭਮ ਦੇ ਘਰ ਦੇ ਬਾਹਰ ਲੋਕਾਂ ਤੋਂ ਪੁੱਛਗਿੱਛ ਕੀਤੀ । ਲੋਕਾਂ ਨੇ ਟੀਮ ਨੂੰ ਦੱਸਿਆ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਇੱਥੇ ਕੋਈ ਨਹੀਂ ਰਹਿ ਰਿਹਾ। ਇਸ ਤੋਂ ਬਾਅਦ ਟੀਮ ਉਥੋਂ ਰਵਾਨਾ ਹੋ ਗਈ। ਗੈਂਗਸਟਰ ਸ਼ੁਭਮ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ।

ਟੀਮ ਨੇ ਸੋਮਵਾਰ ਸਵੇਰੇ ਮੁਕਤਸਰ ਦੇ ਦੋ ਘਰਾਂ 'ਚ ਛਾਪੇਮਾਰੀ ਕੀਤੀ। ਇਨ੍ਹਾਂ ਵਿੱਚ ਇਕ ਬੂਟ ਵੇਚਣ ਵਾਲੇ ਦੁਕਾਨਦਾਰ ਦਾ ਘਰ ਤੇ ਦੂਜਾ ਗੈਂਗਸਟਰ ਗੋਲਡੀ ਬਰਾੜ ਦਾ ਘਰ ਸ਼ਾਮਿਲ ਹੈ। ਐਨਆਈਏ ਦੀ ਟੀਮ ਜ਼ਿਲ੍ਹਾ ਪੁਲਿਸ ਦੇ ਨਾਲ ਸਭ ਤੋਂ ਪਹਿਲਾਂ ਬਾਗਵਾਲੀ ਗਲੀ ਸਥਿਤ ਪਿੱਪਲ ਵਾਲੀ ਲਿੰਕ ਗਲੀ 'ਚ ਇਕ ਬੂਟ ਵੇਚਣ ਵਾਲੇ ਦੇ ਘਰ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਟੀਮ ਨੇ ਉਸ ਕੋਲੋਂ ਮੋਬਾਈਲ ਫ਼ੋਨ ਦੀ ਸਿਮ ਬਾਰੇ ਪੁੱਛਗਿੱਛ ਕੀਤੀ।

ਬਟਾਲਾ ਨੇੜਲੇ ਪਿੰਡ ਭਗਵਾਨਪੁਰਾ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਵੀ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ ਹੈ। ਕਰੀਬ 9.30 ਵਜੇ ਐੱਨਆਈਏ ਦੀ ਟੀਮ ਜਿਸ ਵਿਚ ਕਰੀਬ 80 ਟੀਮ ਮੈਂਬਰ ਸ਼ਾਮਲ ਸਨ, ਵੱਲੋਂ ਪੂਰੇ ਭਗਵਾਨਪੁਰਾ ਪਿੰਡ ਨੂੰ ਘੇਰ ਲਿਆ ਗਿਆ ਤੇ ਜੱਗੂ ਭਗਵਾਨਪੁਰੀਆ ਦੇ ਘਰ ਦੀ ਤਲਾਸ਼ੀ ਲਈ ਗਈ।

ਮੋਗਾ ਦੇ ਪਿੰਡ ਕੁੱਸਾ ਵਿੱਚ ਵੀ ਸੁਖਪ੍ਰੀਤ ਬੁੱਢਾ ਅਤੇ ਮਨਪ੍ਰੀਤ ਮੰਨੂ ਦੇ ਕਰ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਅਤੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਨਪ੍ਰੀਤ ਮੰਨੂ ਸਿੱਧੂ ਮੂਸੇਵਾਲਾ ਦਾ ਮੇਨ ਮਾਸਟਰਮਾਈਂਡ ਸੀ ਜਿਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੰਕਨਾ ਚ ਐਨਕਾਊਂਟਰ ਕਰ ਦਿੱਤਾ ਗਿਆ ਸੀ।

ਲੁਧਿਆਣਾ ਦੇ ਦੋਰਾਹਾ ਦੇ ਪਿੰਡ ਰਾਜਗੜ੍ਹ 'ਚ ਵੀ ਛਾਪੇਮਾਰੀ ਕੀਤੀ ਹੈ। ਟੀਮ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ੍ਹ ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਖੰਨਾ ਦੇ ਇਕ ਹੋਟਲ 'ਚ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਵੀ ਐਨਆਈਏ ਦੇ ਇਨਪੁਟ ’ਤੇ ਕੀਤੀ ਗਈ ਹੈ। ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਏ ਜਾਣ ਦੀ ਸੂਚਨਾ ਹੈ। ਭਾਰੀ ਪੁਲਿਸ ਫੋਰਸ ਮੌਜੂਦ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ ਐਨਆਈਏ ਦੀ ਟੀਮ ਪਹੁੰਚੀ। ਟੀਮ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਉਥੇ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੁਤਾਰਾਂਵਾਲੀ ਵਿਖੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ।

ਫਰੀਦਕੋਟ ਦੇ ਕੋਟਕਪੂਰਾ ਕਸਬੇ 'ਚ NIA ਦੀ ਟੀਮ ਨੇ ਛਾਪੇਮਾਰੀ ਕੀਤੀ। ਇਕ ਫੈਕਟਰੀ 'ਚ 3 ਘੰਟੇ ਦੀ ਤਲਾਸ਼ੀ ਤੋਂ ਬਾਅਦ ਟੀਮ ਗੈਂਗਸਟਰ ਵਿਨੈ ਦਿਓੜਾ ਦੇ ਘਰ ਪਹੁੰਚੀ। ਮੁਹਾਲੀ 'ਚ ਖੁਫੀਆ ਵਿੰਗ ਦੇ ਹੈੱਡਕੁਆਰਟਰ 'ਤੇ ਹਮਲੇ ਦੀ ਜਾਂਚ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਦੇ ਖੁੱਡਾ ਲਾਹੌਰਾ ਵਿੱਚ ਗੈਂਗਸਟਰ ਲੱਕੀ ਪਟਿਆਲ ਦੇ ਘਰ NIA ਦੀ ਰੇਡ ਹੋਈ ਹੈ। ਇਸ ਮੌਕੇ ਲੱਕੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਲੱਕੀ ਪਟਿਆਲ ਦੇ ਰਿਸ਼ਤੇਦਾਰ ਦੇ ਘਰ ਮੁੱਲਾਂਪੁਰ ਵਿਖੇ ਛਾਪੇਮਾਰੀ ਕੀਤੀ ਗਈ।

ਅਪਡੇਟ ਜਾਰੀ.....

ਇਹ ਵੀ ਪੜ੍ਹੋ:ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ

-PTC News

  • Share