adv-img
ਮੁੱਖ ਖਬਰਾਂ

ਸਰਕਾਰ ਦੇ ਦਬਾਅ ਹੇਠ ਪੁਲਿਸ ਨੇ ਆਪਣੇ ਹੀ ਡੀਸੀਪੀ ਖ਼ਿਲਾਫ਼ ਕੀਤਾ ਮਾਮਲਾ ਦਰਜ ?

By Jasmeet Singh -- September 22nd 2022 08:37 AM -- Updated: September 22nd 2022 09:06 AM

ਜਲੰਧਰ, 22 ਸਤੰਬਰ: ਇੱਕ ਦੁਕਾਨਦਾਰ ਨਾਲ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਡੀਸੀਪੀ ਨਰੇਸ਼ ਡੋਗਰਾ ਦੀ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਨਾਲ ਹੋਈ ਬਹਿਸ ਮਗਰੋਂ ਨਰੇਸ਼ ਡੋਗਰਾ ਖ਼ਿਲਾਫ਼ ਧਾਰਾ 307 ਅਤੇ ਐਸਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਵਿਵਾਦ ਨੂੰ ਸੁਲਝਾਉਣ ਲਈ ਨਰੇਸ਼ ਡੋਗਰਾ ਨੂੰ ਇੱਕ ਨਾਮੀ ਵਿਅਕਤੀ ਦੇ ਦਫ਼ਤਰ ਵਿੱਚ ਬੁਲਾਇਆ ਗਿਆ ਸੀ ਅਤੇ ਉੱਥੇ ਰਾਜ਼ੀਨਾਮੇ ਮੌਕੇ ਨਰੇਸ਼ ਡੋਗਰਾ 'ਤੇ ਇਲਜ਼ਾਮ ਲੱਗਿਆ ਕਿ ਉਨ੍ਹਾਂ ਦਫ਼ਤਰ ਵਿੱਚ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਉੱਥੇ ਮੌਜੂਦ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਹੈ।

ਦੱਸਿਆ ਜਾ ਰਿਹਾ ਕਿ ਇਸ ਮੌਕੇ ਆਮ ਆਦਮੀ ਪਾਰਟੀ ਅੱਗੇ ਨਾ ਤਾਂ ਡੋਗਰਾ 'ਤੇ ਨਾ ਹੀ ਕਿਸੀ ਹੋਰ ਉੱਚ ਪੁਲਿਸ ਅਧਿਕਾਰੀ ਦੀ ਚੱਲ ਪਾਈ। ਹਾਲਤ ਇਹ ਸੀ ਕਿ ਪੁਲਿਸ ਨੂੰ ਆਪਣੇ ਡੀਸੀਪੀ 'ਤੇ ਖੁਦ-ਬ-ਖ਼ੁਦ ਪਰਚਾ ਦਰਜ ਕਰਨਾ ਪਿਆ। ਨਰੇਸ਼ ਡੋਗਰਾ 'ਤੇ ਕਤਲ ਦੀ ਕੋਸ਼ਿਸ਼ ਸਮੇਤ ਐਸਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

2019 ਕਤਲ ਦੀ ਕੋਸ਼ਿਸ਼ ਮਾਮਲੇ 'ਚ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ ਤਲਬ

ਸਾਲ 2019 ਵਿੱਚ ਹੁਸ਼ਿਆਰਪੁਰ ਦੇ ਹੋਟਲ ਰਾਇਲ ਪਲਾਜ਼ਾ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਦੀ ਅਦਾਲਤ ਨੇ ਬੀਤੇ ਸ਼ਨਿੱਚਰਵਾਰ ਪੁਲਿਸ ਅਕੈਡਮੀ ਫਿਲੌਰ ਦੇ ਤਤਕਾਲੀ ਕਮਾਂਡੈਂਟ ਅਤੇ ਮੌਜੂਦਾ ਡੀਸੀਪੀ ਜਲੰਧਰ ਨਰੇਸ਼ ਡੋਗਰਾ ਨੂੰ ਤਲਬ ਕੀਤਾ ਹੈ। ਨਰੇਸ਼ ਡੋਗਰਾ ਅਤੇ ਉਸ ਦੇ ਕੁੱਝ ਕਰੀਬੀ ਸਾਥੀਆਂ ਨੂੰ ਵੀ ਅਦਾਲਤ ਨੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਨਰੇਸ਼ ਡੋਗਰਾ, ਹੋਟਲ ਦੇ ਦੂਜੇ ਸਾਥੀ ਵਿਵੇਕ ਕੌਸ਼ਲ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸ਼ਿਵੀ ਡੋਗਰਾ, ਹਰਨਾਮ ਸਿੰਘ ਉਰਫ਼ ਹਰਮਨ ਸਿੰਘ ਨੂੰ ਤਲਬ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 15 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

ਇਹ ਸੰਮਨ ਵਧੀਕ ਸੈਸ਼ਨ ਜੱਜ ਰੁਪਿੰਦਰ ਸਿੰਘ ਦੀ ਅਦਾਲਤ ਵੱਲੋਂ ਭੇਜੇ ਗਏ ਹਨ। ਇਸ ਨਾਲ ਨਰੇਸ਼ ਡੋਗਰਾ ਦੀਆਂ ਮੁਸ਼ਕਿਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ।

ਹਾਲਾਂਕਿ ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਮਾਮਲੇ 'ਚ ਸ਼ਿਕਾਇਤਕਰਤਾ ਨੇ ਖੁਦ ਨੂੰ ਗੋਲੀ ਮਾਰ ਲਈ ਸੀ, ਜਿਸ ਦੀ ਸ਼ਿਕਾਇਤ ਦੂਜੀ ਧਿਰ ਨੇ ਪੁਲਿਸ ਨੂੰ ਦਿੱਤੀ ਸੀ।

ਤਤਕਾਲੀ ਐਸਐਸਪੀ ਹੁਸ਼ਿਆਰਪੁਰ ਜੇ ਐਲਨਚੇਲੀਅਨ ਨੇ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਪੁਲਿਸ ਨੂੰ ਗੁੰਮਰਾਹ ਕਰਨ ਦਾ ਕੇਸ ਵੀ ਦਰਜ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਹੀ ਬੁਲਾਇਆ ਹੈ ਅਤੇ ਉਸਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

- ਰਿਪੋਰਟਰ ਪਤਰਸ ਪੀਟਰ ਮਸੀਹ ਦੇ ਸਹਿਯੋਗ ਨਾਲ

-PTC News

  • Share