ਕੈਪਟਨ ਅਮਰਿੰਦਰ ਸਿੰਘ ਸਰਕਾਰ 20 ਜੂਨ ਨੂੰ ਪਲੇਠਾ ਬਜਟ ਪੇਸ਼ ਕਰੇਗੀ 

By  Joshi June 7th 2017 05:09 PM -- Updated: June 8th 2017 02:47 PM

ਚੰਡੀਗੜ: ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ 15ਵਾਂ ਬਜਟ ਇਜਲਾਸ 14 ਤੋਂ 23 ਜੂਨ ਤੱਕ ਸੱਦ ਲਿਆ ਹੈ ਜਿਸ ਦੌਰਾਨ 20 ਜੂਨ ਨੂੰ ਸਾਲ 2017-18 ਲਈ ਸਲਾਨਾ ਬਜਟ ਪੇਸ਼ ਕੀਤਾ ਜਾਏਗਾ।

ਇਸ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ 14 ਤੋਂ 23 ਜੂਨ ਤੱਕ ਵਿਧਾਨ ਸਭਾ ਦਾ ਦੂਜਾ ਇਜਲਾਸ ਸੱਦਣ ਲਈ ਪੰਜਾਬ ਦੇ ਰਾਜਪਾਲ ਨੂੰ ਸਿਫਾਰਿਸ਼ ਕਰਨ ਦਾ ਫੈਸਲਾ ਕੀਤਾ ਹੈ।

ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੇ ਪ੍ਰੋਗਰਾਮ ਮੁਤਾਬਕ ਬਜਟ ਇਜਲਾਸ ਦਾ ਆਗਾਜ਼ 14 ਜੂਨ ਨੂੰ ਬਾਅਦ ਦੁਪਹਿਰ 2 ਵਜੇ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗਾ ਅਤੇ 23 ਜੂਨ ਨੂੰ ਤਜਵੀਜ਼ਤ ਵਿਧਾਨਿਕ ਕੰਮ-ਕਾਜ ਉਪਰੰਤ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਰਾਜਪਾਲ ਦੇ ਭਾਸ਼ਣ 'ਤੇ ਬਹਿਸ 16 ਅਤੇ 19 ਜੂਨ ਨੂੰ ਹੋਵੇਗੀ।

ਮੁੱਖ ਮੰਤਰੀ ਵਲੋਂ ਵਿੱਤ ਅਤੇ ਹੋਰ ਮਹੱਤਵਪੂਰਨ ਫੈਸਲਿਆਂ ਦਾ ਐਲਾਨ ਬਜਟ ਇਜਲਾਸ ਵਿੱਚ ਕਰਨ ਬਾਰੇ ਪਹਿਲਾਂ ਹੀ ਸੰਕੇਤ ਦਿੱਤੇ ਗਏ ਹਨ ਤਾਂ ਕਿ ਸਰਕਾਰ ਆਪਣੇ ਮੁੱਖ ਚੋਣ ਵਾਅਦੇ ਪੂਰੇ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਆਖਿਆ ਕਿ ਉਨ•ਾਂ ਦੀ ਸਰਕਾਰ ਨੇ ਪਹਿਲਾਂ ਹੀ 140 ਫੈਸਲੇ ਲਏ ਹਨ ਪਰ ਵਿੱਤੀ ਮਾਮਲਿਆਂ ਨਾਲ ਜੁੜੇ ਵਾਅਦੇ ਬਜਟ ਇਜਲਾਸ ਤੱਕ ਮੁਲਤਵੀ ਕੀਤੇ ਗਏ।

ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਉਨ•ਾਂ ਦੀ ਪਾਰਟੀ ਵਲੋਂ ਕੀਤੇ ਇੱਕ-ਇੱਕ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

—PTC News

Related Post