ਕੈਪਟਨ ਅਮਰਿੰਦਰ ਸਿੰਘ ਵੱਲੋਂ ਆੜਤੀਆਂ ਨੂੰ ਕਿਸਾਨਾਂ ਤੋਂ ਵੱਧ ਵਿਆਜ ਦਰਾਂ ਵਸੂਲਣ ਦੇ ਰੁਝਾਨ ਨੂੰ ਠੱਲ ਪਾਉਣ ਦਾ ਸੱਦਾ 

By  Joshi July 3rd 2017 06:55 PM -- Updated: July 3rd 2017 06:57 PM

• ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਲਈ ਹੰਭਲੇ ਮਾਰਨ ਦੇ ਨਾਲ-ਨਾਲ ਆੜਤੀਆਂ ਨੂੰ ਆਉਂਦੇ ਝੋਨੇ ਦੇ ਸੀਜ਼ਨ ਲਈ ਟਰਾਂਸਪੋਰਟ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆੜਤੀਆਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਹ ਕਿਸਾਨਾਂ ਨੂੰ ਬੇਹਦ ਉੱਚ ਵਿਆਜ ਦਰਾਂ 'ਤੇ ਕਰਜ਼ੇ ਦੇਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਵੱਡੇ ਕਰਜ਼ੇ ਹੇਠਾਂ ਦੱਬੀ ਕਿਸਾਨੀ ਨੂੰ ਬਚਾਉਣ ਲਈ ਅੱਗੇ ਆਉਣ।  ਉਨ•ਾਂ ਸਮੁਹ ਆੜਤੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਟਰੱਕ ਯੂਨੀਅਨਾਂ ਖਤਮ ਕਰ ਦਿੱਤੇ ਜਾਣ ਦੇ ਮੱਦੇਨਜ਼ਰ ਉਹ ਅਗਾਮੀ ਖਰੀਫ ਸੀਜ਼ਨ ਦੌਰਾਨ ਝੋਨੇ ਦੀ ਸੁਚੱਜੀ ਢੋਆ-ਢੁਆਈ ਲਈ ਢੁਕਵੇਂ ਆਵਾਜਾਈ ਪ੍ਰਬੰਧ ਯਕੀਨੀ ਬਣਾਉਣ। 

ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਆਫ ਪੰਜਾਬ ਦੇ ਵਫਦ ਨਾਲ ਇੱਥੇ ਮੀਟਿੰਗ ਕਰਦਿਆਂ ਮੁੱਖ ਮੰਤਰੀ ਨੇ ਇਹ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ  ਹਰ ਕੀਮਤ 'ਤੇ ਰਾਖੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸੂਬੇ ਦੀ ਕਿਸਾਨੀ ਅਤੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਸਾਡੀ ਸਾਰਿਆਂ ਦ ਸਾਂਝਾ ਫਰਜ਼ ਹੈ ਅਤੇ ਰਾਜ ਸਰਕਾਰ ਨੇ ਪਹਿਲੇ ਪੜਾਅ ਤਹਿਤ ਕਿਸਾਨਾਂ ਦਾ 1500 ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਕੇ ਕਿਸਾਨ ਹਿੱਤਾਂ ਦੇ ਖੇਤਰ ਵਿੱਚ ਨਵੀਂ ਅਗਵਾਈ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਵਫਦ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆੜਤੀਆ ਭਾਈਚਾਰੇ ਵਿੱਚ ਉਨ•ਾਂ ਅਨਸਰਾਂ ਦੀ ਸ਼ਨਾਖਤ ਕਰਨ ਜਿਹੜੇ ਆਪਸੀ  ਤੌਰ  'ਤੇ ਮਿੱਥੀ ਹੋਈ 1.5 ਫੀਸਦੀ ਦੀ ਵਿਆਜ ਦਰ (ਸਾਲਾਨਾ 18 ਫੀਸਦੀ) ਤੋਂ ਵਧੇਰੇ ਵਿਆਜ ਵਸੂਲ ਰਹੇ ਹਨ ਅਤੇ ਇਨ•ਾਂ ਨੂੰ ਭਾਈਚਾਰੇ 'ਚੋਂ ਦਰ ਕਿਨਾਰ ਕੀਤਾ ਜਾਵੇ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਨੇ ਆੜਤੀਆ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਉਨ•ਾਂ ਦੀਆਂ ਅਦਾਇਗੀਆਂ ਸਬੰਧੀ ਪਾਸਬੁੱਕਾਂ ਜਾਰੀ ਕਰਨ ਤਾਂ ਜੋ ਉਨ•ਾਂ ਨੂੰ ਆਪਣੀਆਂ ਦੇਣ ਦਾਰੀਆਂ ਦੇ ਬਕਾਏ ਸਬੰਧੀ ਮੁਕੰਮਲ ਜਾਣਕਾਰੀ ਮਿਲ ਸਕੇ।

Captain Amarinder Singh

ਆੜਤੀਆਂ ਵੱਲੋਂ ਲਏ ਜਾਂਦੇ ਵਿਆਜ ਨੂੰ ਤਰਕਸੰਗਤ ਬਣਾਉਣ ਦੇ ਵਿਸ਼ੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆੜਤੀਆਂ ਨੂੰ ਕਿਹਾ ਕਿ ਉਹ ਆਪਣਾ ਕੇਸ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ, ਸ੍ਰੀ ਮਨਪੀ੍ਰਤ ਸਿੰਘ ਬਾਦਲ ਅਤੇ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਅਧਾਰਿਤ  ਤਿੰਨ ਮੈਂਬਰੀ ਸਬ ਕਮੇਟੀ ਦੇ ਸਨਮੁੱਖ ਰੱਖਣ। ਉਨ•ਾਂ ਕਿਹਾ ਕਿ ਕਮੇਟੀ ਨੂੰ ਸਾਰੇ ਭਾਈਵਾਲਾਂ ਨਾਲ ਲੋੜੀਂਦਾ ਅਤੇ ਢੁਕਵਾਂ ਸਲਾਹ ਮਸ਼ਵਰਾ ਕਰਕੇ ਪੰਜਾਬ ਖੇਤੀਬਾੜੀ ਕਰਜ਼ਦਾਰੀ ਐਕਟ 2016 ਨੂੰ ਹੋਰ ਅਸਰਦਾਰ ਬਣਾਇਆ ਜਾਵੇ ਤਾਂ ਜੋ ਸਾਰੇ ਭਾਈਵਾਲਾਂ ਜਿਨ•ਾਂ 'ਚ ਕਿਸਾਨ, ਆੜਤੀ ਅਤੇ ਵਪਾਰਕ ਬੈਂਕਾਂ ਲਈ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।

ਮੀਟਿੰਗ ਦੌਰਾਨ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਮਸਲੇ 'ਤੇ ਵੀ ਚਰਚਾ ਹੋਈ ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕਿਸਾਨ ਫੈਸਲਾ ਲੈਣ ਲਈ ਆਜ਼ਾਦ ਹਨ ਕਿ ਉਨ•ਾਂ ਸਿੱਧੀ ਅਦਾਇਗੀ ਕਰਵਾਉਣੀ ਹੈ ਜਾਂ ਆੜਤੀਆਂ ਰਾਹੀਂ, ਜਿਨ•ਾਂ ਨਾਲ ਉਨ•ਾਂ ਦੀ ਲੰਬੀ ਸਾਂਝ ਹੈ।

Pic credit: Indian Express

ਕੁਝ ਸਾਬਕਾ ਟਰੱਕ ਯੂਨੀਅਨਾਂ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਲਿਫਟਿੰਗ 'ਚ ਰੁਕਾਵਟ ਪੈਦਾ ਕਰਨ ਸਬੰਧੀ ਪ੍ਰਗਟਾਏ ਜਾ ਰਹੇ ਖਦਸ਼ੇ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ•ਾਂ ਨੇ ਆੜਤੀਆਂ ਨੂੰ ਬਦਲਵੇਂ ਪ੍ਰਬੰਧਾਂ ਨੂੰ ਵੀ ਅਮਲ 'ਚ ਲਿਆਉਣ ਦੀ ਤਾਕੀਦ ਕੀਤੀ ਤਾਂ ਜੋ ਬਿਨਾਂ ਕਿਸੇ ਰੁਕਾਵਟ ਅਤੇ ਦੇਰੀ ਤੋਂ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਦੌਰਾਨ ਵਫਦ ਦੇ ਮੈਂਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਬਿਨਾਂ ਕਿਸੇ ਦੇਰੀ ਅਤੇ ਖੜੌਤ ਤੋਂ ਕਿਸਾਨਾਂ ਦੀ ਕਣਕ ਚੁੱਕਣ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਮੁਕੰਮਲ ਤੌਰ 'ਤੇ ਕਿਸਾਨਾਂ ਅਤੇ ਆੜਤੀਆਂ ਵਿੱਚ ਪੈਦਾ ਹੋਈ ਬੇਭਰੋਸਗੀ ਤੋਂ ਬਾਅਦ ਹੁਣ ਉਨ•ਾਂ ਵਿੱਚ ਮੁੜ ਵਿਸ਼ਵਾਸ਼ ਪੈਦਾ ਹੋ ਰਿਹਾ ਹੈ। ਵਫਦ ਦੇ ਮੈਂਬਰਾਂ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਦੌਰਾਨ 20 ਕਰੋੜ ਕੱਟੇ ਕਣਕ ਦੇ ਖਰੀਦੇ ਗਏ ਸਨ ਜਿਨ•ਾਂ ਦੀ ਬਣਦੀ ਅਦਾਇਗੀ 40000 ਕਰੋੜ ਰੁਪਏ ਕਿਸਾਨਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ 20 ਦਿਨਾਂ ਦੇ ਅੰਦਰ-ਅੰਦਰ ਹੋ ਗਈ ਸੀ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਕਲ (ਮੰਗਲਵਾਰ) ਨੂੰ ਵਫਦ ਵੱਲੋਂ ਸਥਾਨਕ ਕਿਸਾਨ ਭਵਨ ਵਿੱਚ ਰੱਖੇ ਇੱਕ ਸਮਾਗਮ ਦੌਰਾਨ ਸਨਮਾਨਤ ਵੀ ਕੀਤਾ ਜਾ ਰਿਹਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ (ਵਿੱਤ) ਸ੍ਰੀ ਅਨੀਰੁਧ ਤਿਵਾੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਵਿਸ਼ੇਸ਼ ਸਕੱਤਰ

ਖੇਤੀਬਾੜੀ ਸ੍ਰੀ ਵਿਕਾਸ ਗਰਗ ਅਤੇ ਸਕੱਤਰ ਪੰਜਾਬ ਮੰਡੀ ਬੋਰਡ ਸ੍ਰੀ ਅਮਿਤ ਢਾਕਾ ਮੌਜੂਦ ਸਨ।

ਆੜਤੀਆ ਐਸੋਸੀਏਸ਼ਨ ਵੱਲੋਂ ਸਾਬਕਾ ਪ੍ਰਧਾਨ ਬਾਲ ਕਿਸ਼ਨ ਸਿੰਗਲਾ, ਪ੍ਰਧਾਨ ਵਿਜੇ ਕਾਲੜਾ ਅਤੇ ਜਨਰਲ ਸਕੱਤਰ ਸਵਰਨ ਸਿੰਘ ਤੋਂ ਇਲਾਵਾ ਕਈ ਅਹੁਦੇਦਾਰ ਮੌਜੂਦ ਸਨ।

—PTC News

Related Post