ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਵਿੱਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ। ਸਥਾਨਕ ਸ਼ਮਸ਼ਾਨਘਾਟ ਵਿੱਚ ਲੰਬੇ ਸਮੇਂ ਤੋਂ ਦਾਦੀ-ਪੋਤੀ ਰਹਿ ਰਹੇ ਸਨ। ਹੁਣ ਗਰੀਬ ਪਰਿਵਾਰ ਦੀ ਲੜਕੀ ਨੂੰ ਵਿਆਹੁਣ ਲਈ ਬਰਾਤ ਮੜ੍ਹੀਆ ਵਿੱਚ ਆਈ।
ਮਿਲੀ ਜਾਣਕਾਰੀ ਅਨੁਸਾਰ ਇਲਾਕਾ ਨਿਵਾਸੀਆਂ ਨੇ ਲੜਕੀ ਦੇ ਲਈ ਮੁੰਡਾ ਲੱਭ ਕੇ ਉਸਦਾ ਵਿਆਹ ਕੀਤਾ ਅਤੇ ਇਹ ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆ ਵਿੱਚ ਹੀ ਕੀਤੀਆਂ ਗਈਆ। ਇਸ ਮੌਕੇ ਇਲਾਕਾ ਨਿਵਾਸੀ ਅਸ਼ੋਕ ਕੁਮਾਰ, ਮਨਦੀਪ ਸਿੰਘ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਕਤ ਦਾਦੀ-ਪੋਤੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਇਲਾਕੇ ਦੇ ਵਿੱਚ ਬਣੀਆਂ ਮੜ੍ਹੀਆਂ ਅੰਦਰ ਇਕ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਮੜ੍ਹੀਆਂ ਦੇ ਵਿਚ ਹੀ ਉਕਤ ਲੜਕੀ ਦੀ ਬਰਾਤ ਆਈ ਹੈ ਅਤੇ ਲੜਕੀ ਦੇ ਵਿਆਹ ਦਾ ਸਾਰਾ ਪ੍ਰਬੰਧ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁਝ ਲੋਕ ਭਾਵੇ ਮੜ੍ਹੀਆਂ ਦੇ ਸਬੰਧ ਵਿੱਚ ਕਈ ਵਿਚਾਰ ਕਰਦੇ ਹਨ ਪਰ ਅੱਜ ਉਕਤ ਲੜਕੀ ਦੀ ਬਰਾਤ ਸਿੱਧੀ ਮੜ੍ਹੀਆਂ ਵਿੱਚ ਆਈ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਵਿੱਚ ਵੀ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਉੱਤੇ ਲੜਕੀ ਦੀ ਦਾਦੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹੈ ਕਿ ਅੱਜ ਇਲਾਕਾ ਵਾਸੀਆਂ ਦੀ ਮਦਦ ਨਾਲ ਉਸ ਦੀ ਧੀ ਆਪਣੇ ਸਹੁਰੇ ਘਰ ਚਲੇ ਗਈ ਹੈ।