ਘਰ ’ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਸਾਂਢੂ
ਗੁਰਦਾਸਪੁਰ: ਬਟਾਲਾ ਦੇ ਥਾਣਾ ਰੰਗੜ ਨੰਗਲ ਦੇ ਤਹਿਤ ਪੈਂਦੇ ਪਿੰਡ ਮੰਨਣ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਂਢੂ ਵੱਲੋਂ ਸਾਂਢੂ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਗੁਰਦਾਸਪੁਰ: ਬਟਾਲਾ ਦੇ ਥਾਣਾ ਰੰਗੜ ਨੰਗਲ ਦੇ ਤਹਿਤ ਪੈਂਦੇ ਪਿੰਡ ਮੰਨਣ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਂਢੂ ਵੱਲੋਂ ਸਾਂਢੂ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਪਿੰਡ ਵਿੱਚ ਹੀ ਰਹਿੰਦੇ ਆਪਣੇ ਸਾਂਢੂ ਅਤੇ ਸ਼ਰੀਕੇ ’ਚੋਂ ਚਾਚੇ ਦਾ ਪੁੱਤ ਭਰਾ ਰਾਜ ਸਿੰਘ ਪੁੱਤਰ ਆਤਮਾ ਸਿੰਘ ਨਾਲ ਸਾਂਝੀ ਪਰਿਵਾਰ ਦੀ ਜ਼ਮੀਨ ਦਾ ਰੌਲਾ ਹੋਣ ’ਤੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਕੁਝ ਦਿਨ ਪਹਿਲਾ ਉਨ੍ਹਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀ ਪਰ ਉਸ ਮਾਮਲੇ ਵਿੱਚ ਪਿੰਡ ਦੇ ਮੋਹਤਬਰਾਂ ਅਤੇ ਦੋਵਾਂ ਦੇ ਰਿਸਤੇਦਾਰਾਂ ਨੇ ਦੋਵਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ। ਉਸੇ ਰੰਜਿਸ਼ ਦੇ ਚੱਲਦੇ ਬੀਤੇ ਕੱਲ੍ਹ ਰਾਜ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲਕੇ ਇੱਕ ਪੂਰੀ ਯੋਜਨਾ ਤਹਿਤ ਆਪਣੇ ਸਾਂਢੂ ਦਵਿੰਦਰ ਸਿੰਘ ਦੇ ਘਰ ਅੰਦਰ ਦਾਖਲ ਹੋ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਸੱਟਾ ਗੰਭੀਰ ਹੋਣ ਦੇ ਚੱਲਦੇ ਦਵਿੰਦਰ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਨੇ ਦੱਸਿਆ ਕਿ "ਹਮਲਾ ਕਰਨ ਵਾਲੇ ਰਾਜ ਸਿੰਘ ਅਤੇ ਉਸਦੀ ਪਤਨੀ ਸਮੇਤ ਉਨ੍ਹਾਂ ਦੇ ਹੋਰ ਵੀ ਰਿਸ਼ਤੇਦਾਰ ਸਨ। ਉਨ੍ਹਾਂ ਸਾਰਿਆਂ ਨੇ ਮੇਰੀ ਪਤੀ ਦਵਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੁਰੀ ਤਰ੍ਹਾਂ ਵਾਰ ਕੀਤੇ। ਜਦੋਂ ਮੁਲਜ਼ਮ ਸਾਡੇ ਘਰ ਵਿੱਚ ਦਾਖਲ ਹੋਏ ਉਸ ਸਮੇਂ ਮੈਂ ਗੁਰੂ ਘਰ ਮੱਥਾ ਟੇਕਣ ਗਈ ਸੀ। ਇਸ ਦੌਰਾਨ ਭੱਜੀ ਭੱਜੀ ਆਈ ਉਸਦੀ ਧੀ ਨੇ ਮੈਨੂੰ ਦੱਸਿਆ ਕਿ ਮੇਰੇ ਪਿਤਾ ’ਤੇ ਹਮਲਾ ਕਰ ਦਿੱਤਾ ਹੈ ਅਤੇ ਜਦੋਂ ਤੱਕ ਮੈਂ ਘਰ ਪਹੁਚੀ ਤਾਂ ਉਸਦੇ ਪਤੀ ਦਵਿੰਦਰ ਸਿੰਘ ਨੂੰ ਦਾਤਰਾਂ ਨਾਲ ਹਮਲਾ ਕਰ ਪੂਰੀ ਤਰ੍ਹਾਂ ਜਾਨੋਂ ਮਾਰ ਦਿੱਤਾ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ।"
"ਇਸ ਹਮਲੇ ਦੌਰਾਨ ਹਮਲਾਵਰਾਂ ਨੇ ਘਰ ਵਿੱਚ ਮੌਜੂਦ ਮੇਰੇ ਪਤੀ ਦਵਿੰਦਰ ਦੀ ਮਾਂ ਕੁਲਵੰਤ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਿਸ ਤਰੀਕੇ ਨਾਲ ਸਾਡੇ ਘਰ ਨੂੰ ਉਜਾੜਿਆ ਗਿਆ ਹੈ ਉਸ ਤਰੀਕੇ ਨਾਲ ਮੁਲਜ਼ਮਾਂ ਨਾਲ ਵੀ ਹੋਣੀ ਚਾਹੀਦੀ। ਸਾਨੂੰ ਇਨਸਾਫ ਚਾਹੀਦਾ ਹੈ।"
ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ, ਭਾਲ ਜਾਰੀ
ਇਸ ਮਾਮਲੇ ਵਿੱਚ ਪੁਲਿਸ ਥਾਣਾ ਰੰਗੜ ਨੰਗਲ ਦੇ ਸਬ ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ "ਮ੍ਰਿਤਕ ਦਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਰੰਗੜ ਨੰਗਲ ਵਿਖੇ ਬਣਦੀਆਂ ਧਰਾਵਾਂ ਹੇਠ ਰਾਜੂ ਸਿੰਘ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮ ਗ੍ਰਿਫਤਾਰ ਕੀਤੇ ਜਾਣਗੇ।