Mon, Jul 13, 2026
Whatsapp

Covid Vaccines And Heart Attacks ਵਿਚਾਲੇ ਨਹੀਂ ਕੋਈ ਸਬੰਧ ! ICMR ਅਧਿਐਨ ’ਚ ਵੱਡਾ ਖੁਲਾਸਾ, ਪੜ੍ਹੋ ਹਰ ਸਵਾਲ ਦਾ ਜਵਾਬ

ਇੱਕ ਆਈਸੀਐਮਆਰ ਅਧਿਐਨ ’ਚ ਕੋਵੀਸ਼ੀਲਡ ਜਾਂ ਕੋਵੈਕਸੀਨ ਅਤੇ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਵਿਚਕਾਰ ਕੋਈ ਸਬੰਧ ਨਹੀਂ ਪਾਇਆ ਗਿਆ। ਸਿਗਰਟਨੋਸ਼ੀ, ਹੋਰ ਬਿਮਾਰੀਆਂ (ਕੋਮੋਰਬਿਡੀਟੀਜ਼), ਅਤੇ ਪਰਿਵਾਰਕ ਮੈਡੀਕਲ ਇਤਿਹਾਸ ਹੀ ਅਸਲ ਜੋਖਿਮ ਦੇ ਕਾਰਕ ਹਨ। ਇਹ ਅਧਿਐਨ 25 ਹਸਪਤਾਲਾਂ ਵਿੱਚ ਕੀਤਾ ਗਿਆ ਹੈ।

Reported by:  PTC News Desk  Edited by:  Aarti -- July 13th 2026 02:29 PM -- Updated: July 13th 2026 02:41 PM
Covid Vaccines And Heart Attacks ਵਿਚਾਲੇ ਨਹੀਂ ਕੋਈ ਸਬੰਧ !  ICMR ਅਧਿਐਨ ’ਚ ਵੱਡਾ ਖੁਲਾਸਾ, ਪੜ੍ਹੋ ਹਰ ਸਵਾਲ ਦਾ ਜਵਾਬ

Covid Vaccines And Heart Attacks ਵਿਚਾਲੇ ਨਹੀਂ ਕੋਈ ਸਬੰਧ ! ICMR ਅਧਿਐਨ ’ਚ ਵੱਡਾ ਖੁਲਾਸਾ, ਪੜ੍ਹੋ ਹਰ ਸਵਾਲ ਦਾ ਜਵਾਬ

ਦੇਸ਼ ’ਚ ਹੋਈ ਇੱਕ ਵੱਡੀ ਸਟੱਡੀ ਨੇ ਕੋਵਿਡ ਮਹਾਂਮਾਰੀ ਮਗਰੋਂ ਲੋਕਾਂ ਦੀ ਇੱਕ ਵੱਡੀ ਸਿਹਤ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਸਵਾਲ ਇਹ ਸੀ ਕਿ ਕੀ ਕੋਵਿਡ-19 ਵੈਕਸੀਨ ਨੇ ਨੌਜਵਾਨਾਂ ’ਚ ਦਿਲ ਦੇ ਦੌਰੇ ਦੇ ਖਤਰੇ ਨੂੰ ਵਧਾਇਆ ਹੈ। ਇਸ ਸਬੰਧੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਪੁਸ਼ਟੀ ਕੀਤੀ ਹੈ ਕਿ ਨਾ ਤਾਂ ਕੋਵੀਸ਼ੀਲਡ ਅਤੇ ਨਾ ਹੀ ਕੋ-ਵੈਕਸਿਨ, 18 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ’ਚ ਥ੍ਰੋਮੋਬੋਟਿਕ ਘਟਨਾਵਾਂ (ਖੂਨ ਦੇ ਜੰਮਣ ਦੀਆਂ ਸਮੱਸਿਆਵਾਂ), ਦਿਲ ਦੇ ਦੌਰੇ ਦੇ ਜੋਖਿਮ ਨੂੰ ਵਧਾਉਂਦੇ ਹਨ। 

ਇਹ ਖੋਜ ਦੇਸ਼ ਭਰ ਦੇ 25 ਤੀਜੇ ਦਰਜੇ ਦੇ ਕੇਅਰ ਹਸਪਤਾਲਾਂ ਵਿੱਚ ਕੀਤੀ ਗਈ ਸੀ ਅਤੇ ਇਸ ਵਿੱਚ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਅਤੇ PGIMER, ਚੰਡੀਗੜ੍ਹ ਵਰਗੀਆਂ ਸੰਸਥਾਵਾਂ ਦਾ ਸਹਿਯੋਗ ਸ਼ਾਮਲ ਸੀ। ਨੈਸ਼ਨਲ ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ (ICMR) ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਤੋਂ ਉਨ੍ਹਾਂ ਲੋਕਾਂ ਨੂੰ ਜ਼ਰੂਰੀ ਸਪੱਸ਼ਟਤਾ ਮਿਲਣ ਦੀ ਉਮੀਦ ਹੈ, ਜੋ ਵੈਕਸੀਨੇਸ਼ਨ ਨਾਲ ਜੁੜੀਆਂ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਲੈ ਕੇ ਪਰੇਸ਼ਾਨ ਸੀ।  


ਇਸ ਅਧਿਐਨ ਦੀ ਕਿਉਂ ਸੀ ਲੋੜ ? 

ਪਿਛਲੇ ਕੁਝ ਸਾਲਾਂ ਵਿੱਚ, ਸਿਹਤਮੰਦ ਨੌਜਵਾਨਾਂ ਵਿੱਚ ਅਚਾਨਕ ਦਿਲ ਦੇ ਦੌਰੇ ਅਤੇ ਖੂਨ ਦੇ ਜੰਮਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਅਤੇ ਕੋਵਿਡ-19 ਟੀਕੇ ਵਿਚਕਾਰ ਸਬੰਧ ਹੋਣ ਨੂੰ ਲੈ ਕੇ ਬਹਿਸ ਚਰਚਾ ਛਿੜ ਗਈ। ਵੱਖ-ਵੱਖ ਦੇਸ਼ਾਂ ਤੇ ਟੀਕਿਆਂ ਦੀਆਂ ਕਿਸਮਾਂ ਦੇ ਵੱਖੋ-ਵੱਖਰੇ ਅੰਕੜਿਆਂ ਨੂੰ ਦੇਖਦੇ ਹੋਏ, ਆਈਸੀਐਮਆਰ ਖੋਜਕਰਤਾਵਾਂ ਨੇ ਭਾਰਤੀ ਆਬਾਦੀ ਵਿੱਚ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਇੱਕ ਅਧਿਐਨ ਸ਼ੁਰੂ ਕੀਤਾ।

ਇਸ ਸਬੰਧੀ ਸਪਸ਼ੱਟ ਜਵਾਬ ਹਾਸਿਲ ਕਰਨ ਲਈ ਵਿਗਿਆਨੀਆਂ ਨੇ ਅਕਤੂਬਰ 2021 ਅਤੇ ਜਨਵਰੀ 2023 ਦੇ ਵਿਚਕਾਰ ਇੱਕ ਕੇਸ-ਨਿਯੰਤਰਣ ਅਧਿਐਨ ਕੀਤਾ। ਉਨ੍ਹਾਂ ਨੇ ਅਜਿਹੇ ਮਰੀਜ਼ਾਂ ਦੀ ਆਪਸ ’ਚ ਤੁਲਨਾ ਕੀਤੀ, ਜਿਨ੍ਹਾਂ ਨੂੰ ਖੂਨ ਦੇ ਥੱਕੇ ਜੰਮਣ ਦੀ ਨਵੀਂ ਸਮੱਸਿਆ ਕਾਰਨ ਹਸਪਤਾਲ ’ਚ ਭਰਤੀ ਹੋਣਾ ਪਿਆ ਸੀ ਅਤੇ ਦੂਜਾ ਉਨ੍ਹਾਂ ਮਰੀਜ਼ਾਂ ਨੂੰ ਦੇਖਿਆ ਗਿਆ ਸੀ, ਜਿਨ੍ਹਾਂ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਹੋਈ ਸੀ। ਖੋਜਕਰਤਾਵਾਂ ਵੱਲੋਂ ਲਗਾਤਾਰ ਮਰੀਜ਼ਾਂ ਦੇ ਮੈਡੀਕਲ ਰਿਕਾਰਡਸ ਦੀ ਬਾਰੀਕੀ ਤੋਂ ਜਾਂਚ ਕੀਤੀ ਗਈ ਅਤੇ ਹਰ ਵਿਅਕਤੀ ਦੀ ਸਿਹਤ ਦੇ ਇਤਿਹਾਸ ਤੇ ਜੀਵਨਸ਼ੈਲੀ ਨੂੰ ਸਮਝਿਆ ਗਿਆ।  

ਕੀ ਦੱਸਦੇ ਹਨ ਅੰਕੜੇ ? 

ਖੋਜਕਰਤਾਵਾ ਨੇ ਦਿਲ ਦੇ ਦੌਰੇ ਦੇ 432 ਮਾਮਲਿਆਂ ਦੀ ਤੁਲਨਾ 1,293 ਅਜਿਹੇ ਲੋਕਾਂ ਨਾਲ ਕੀਤੀ, ਜਿਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ ਪਿਆ ਸੀ। ਇਸੇ ਤਰ੍ਹਾਂ ਵੱਖ ਤੋਂ ਖੂਨ ਦੇ ਥੱਕੇ ਜੰਮਣ ਦੇ 767 ਮਾਮਲਿਆਂ ਦੀ ਤੁਲਣਾ 2,144 ਅਜਿਹੇ ਲੋਕਾਂ ਦੇ ਨਾਲ ਕੀਤੀ ਗਈ, ਜਿਨ੍ਹਾਂ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਸੀ। ਨਤੀਜੇ ਵਜੋਂ ਇਹ ਪਤਾ ਲੱਗਿਆ ਕਿ ਖਤਰਾ ਵੈਕਸੀਨੇਸ਼ਨ ਤੋਂ ਨਹੀਂ, ਬਲਕਿ ਪਹਿਲਾਂ ਤੋਂ ਸਰੀਰ ’ਚ ਮੌਜੂਦ ਖਤਰੇ ਵਾਲੇ ਤੱਤ ਸਨ। 

  • ਪਹਿਲਾਂ ਖੂਨ ਦੇ ਥੱਕੇ ਜੰਮਣ ਦੀ ਪਿਛਲੀ ਘਟਨਾ ਕਾਰਨ ਭਵਿੱਖ ’ਚ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਵਧ ਗਿਆ ਸੀ।
  • ਮੌਜੂਦਾ ਸਿਹਤ ਸਮੱਸਿਆਵਾਂ ਨੇ ਵੀ ਜੋਖਮ ਨੂੰ ਕਾਫ਼ੀ ਵਧਾ ਦਿੱਤਾ ਹੈ।
  • ਸਿਗਰਟ ਪੀਣ ਵਾਲਿਆਂ ਨੂੰ ਸਿਗਰਟ ਨਾ ਪੀਣ ਵਾਲਿਆਂ ਨਾਲੋਂ ਕਾਫ਼ੀ ਜ਼ਿਆਦਾ ਜੋਖਮ ਦਾ ਸਾਹਮਣਾ ਕਰਨਾ ਪਿਆ। 
  • ਖੂਨ ਦੇ ਥੱਕੇ ਜੰਮਣ ਨਾਲ ਜੁੜੀ ਬੀਮਾਰੀਆਂ ਦਾ ਪਰਿਵਾਰਿਕ ਇਤਿਹਾਸ ਵੀ ਇੱਕ ਅਹਿਮ ਕਾਰਨ ਰਿਹਾ ਹੈ। 

ਦੂਜੇ ਪਾਸੇ ਜਦੋਂ ਟੀਕਾਕਰਨ ਦੀ ਗੱਲ ਆਈ, ਤਾਂ ਅੰਕੜਿਆਂ ਨੇ ਕੁਝ ਵੱਖਰਾ ਹੀ ਖੁਲਾਸਾ ਕੀਤਾ। ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ ਮਿਲੀਆਂ, ਉਨ੍ਹਾਂ ਵਿੱਚ ਦਿਲ ਦੇ ਦੌਰੇ ਜਾਂ ਕਿਸੇ ਥ੍ਰੋਮੋਬੋਟਿਕ ਘਟਨਾ (ਖੂਨ ਦੇ ਜੰਮਣ ਦੀ ਸਮੱਸਿਆ) ਦਾ ਕੋਈ ਵਧਿਆ ਹੋਇਆ ਜੋਖਮ ਨਹੀਂ ਦਿਖਾਇਆ ਗਿਆ। ਇਹ ਉਦੋਂ ਵੀ ਸਾਬਤ ਹੋਇਆ, ਜਦੋਂ ਖੋਜਕਰਤਾਵਾਂ ਨੇ ਕੋਵੀਸ਼ੀਲਡ ਜਾਂ ਕੋਵੈਕਸਿਨ ਦੀ ਵੱਖਰੇ ਤੌਰ 'ਤੇ ਜਾਂਚ ਕੀਤੀ।

ਖੋਜਕਰਤਾਂਵਾਂ ਦੀ ਟੀਮ ਦੇ ਮੁਤਾਬਿਕ, ਨੌਜਵਾਨਾਂ ’ਚ ਖੂਨ ਦੇ ਥੱਕੇ ਜੰਮਣ ਦੇ ਵੱਧ ਮਾਮਲਿਆਂ ਲਈ ਵੈਕਸੀਨੇਸ਼ਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜਦਕਿ ਇਸਦੇ ਮੁੱਖ ਕਾਰਨ ਪਰਿਵਾਰਿਕ ਮੈਡੀਕਲ ਇਤਿਹਾਸ, ਸਿਗਰਟ ਪੀਣ ਦੀ ਆਦਤ, ਪਹਿਲਾਂ ਤੋਂ ਕੋਈ ਬੀਮਾਰੀ ਅਤੇ ਗੰਭੀਰ ਕੋਵਿਡ 19 ਵਾਇਰਲ ਸਾਹਮਣੇ ਆਈ ਹੈ, ਜਿਸ ਕਾਰਨ ਵਿਅਕਤੀ ਨੂੰ ਹਸਪਤਾਲ ’ਚ ਭਰਤੀ ਹੋਣਾ ਪਿਆ ਸੀ। 

ਕੁਝ ਜਰੂਰੀ ਗੱਲ੍ਹਾਂ ਤੇ ਸਵਾਲ

ਲੱਖਾਂ ਭਾਰਤੀਆਂ ਲਈ ਜਿਨ੍ਹਾਂ ਨੇ ਕੋਵੀਸ਼ੀਲਡ ਜਾਂ ਕੋਵੈਕਸੀਨ ਦੀ ਵੈਕਸੀਨ ਲਗਵਾਈ ਸੀ ਅਤੇ ਉਦੋਂ ਤੋਂ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਨਾਲ ਜੁੜੇ ਜੋਖ਼ਮ ਨੂੰ ਲੈ ਕੇ ਪਰੇਸ਼ਾਨ ਸੀ, ਇਹ ਸਟੱਡੀ ਠੋਸ ਅਤੇ ਡੇਟਾ ਅਧਾਰਿਤ ਭਰੋਸਾ ਦਿੰਦੀ ਹੈ। ਖੋਜ ਦੇ ਸਬੂਤ ਦੱਸਦੇ ਹਨ ਕਿ ਨੌਜਵਾਨ ’ਚ ਬਲੱਡ ਕਲੋਟਿੰਗ ਦੀਆਂ ਘਟਨਾਵਾਂ ਦੇ ਪਿੱਛੇ ਵੈਕਸੀਨ ਨਹੀਂ, ਬਲਕਿ ਜੀਵਨਸ਼ੈਲੀ ਨਾਲ ਜੁੜੀਆਂ ਆਦਤਾਂ ਅਤੇ ਪਹਿਲਾਂ ਨਾਲ ਮੌਜੂਦ ਸਿਹਤ ਸਮੱਸਿਆਵਾਂ ਅਸਲੀ ਕਾਰਨ ਹੈ।  

1. ਕੀ ਕੋਵੀਸ਼ੀਲਡ ਜਾਂ ਕੋਵੈਕਸੀਨ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੇ ਹਨ?

ਨਹੀਂ। ਆਈਸੀਐਮਆਰ ਵੱਲੋਂ ਕੀਤੀ ਗਈ ਖੋਜ਼ ਵਿੱਚ 18-45 ਸਾਲ ਦੀ ਉਮਰ ਦੇ ਬਾਲਗਾਂ ਵਿੱਚ ਦੋ ਜਾਂ ਦੋ ਤੋਂ ਵੱਧ ਟੀਕੇ ਪ੍ਰਾਪਤ ਕਰਨ ਅਤੇ ਦਿਲ ਦੇ ਦੌਰੇ ਜਾਂ ਖੂਨ ਦੇ ਥੱਕੇ ਜੰਮਣ ਦੀਆਂ ਸਮੱਸਿਆਵਾ ਦੇ ਵਧੇ ਹੋਏ ਜੋਖਮ ਵਿਚਕਾਰ ਕੋਈ ਸਬੰਧ ਨਹੀਂ ਪਾਇਆ ਗਿਆ।

2. ਇਹ ਅਧਿਐਨ ਕਿਸਨੇ ਕੀਤਾ ਅਤੇ ਇਹ ਕਿੰਨਾ ਵੱਡਾ ਸੀ?

ਇਸ ਅਧਿਐਨ ਦੀ ਅਗਵਾਈ ਆਈਸੀਐਮਆਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ ਵੱਲੋਂ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਅਤੇ ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਸ ਵਿੱਚ ਭਾਰਤ ਭਰ ਦੇ 25 ਤੀਜੇ ਦਰਜੇ ਦੇ ਹਸਪਤਾਲ ਸ਼ਾਮਲ ਸਨ ਅਤੇ ਦਿਲ ਦੇ ਦੌਰੇ ਦੇ 432 ਕੇਸਾਂ ਅਤੇ ਥ੍ਰੋਮਬੋਟਿਕ ਘਟਨਾਵਾਂ ਦੇ 767 ਕੇਸਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਜਿਨ੍ਹਾਂ ਦੀ ਤੁਲਨਾ ਮੇਲ ਖਾਂਦੇ ਨਿਯੰਤਰਣਾਂ (ਤੁਲਨਾ ਲਈ ਚੁਣੇ ਗਏ ਸਮਾਨ ਵਿਅਕਤੀਆਂ) ਨਾਲ ਕੀਤੀ ਗਈ ਸੀ।

3. ਜੇ ਟੀਕਾਕਰਨ ਨਹੀਂ, ਤਾਂ ਅਸਲ ਵਿੱਚ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਅਤੇ ਜੰਮਣ ਦਾ ਕਾਰਨ ਕੀ ਹੈ?

ਅਧਿਐਨ ਨੇ ਟੀਕਾਕਰਨ ਨਹੀਂ, ਸਗੋਂ ਸਿਗਰਟਨੋਸ਼ੀ, ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ, ਖੂਨ ਦੇ ਥੱਕੇ ਜੰਮਣ ਦੇ ਵਿਕਾਰ ਦਾ ਪਰਿਵਾਰਕ ਇਤਿਹਾਸ, ਅਤੇ ਪਿਛਲੀਆਂ ਜੰਮਣ ਦੀਆਂ ਘਟਨਾਵਾਂ ਨੂੰ ਮੁੱਖ ਜੋਖਮ ਕਾਰਕਾਂ ਵਜੋਂ ਪਛਾਣਿਆ।

4. ਕੀ ਪਹਿਲਾਂ ਗੰਭੀਰ ਕੋਵਿਡ-19 ਸੰਕਮਰਣ ਕਾਰਨ ਜੰਮਣ ਦੀਆਂ ਘਟਨਾਵਾਂ ਦਾ ਖ਼ਤਰਾ ਵਧਦਾ ਹੈ?

ਹਾਂ। ਅਧਿਐਨ ਵਿੱਚ ਪਾਇਆ ਗਿਆ ਕਿ ਗੰਭੀਰ ਕੋਵਿਡ-19 ਲਾਗ ਕਾਰਨ ਪਹਿਲਾਂ ਹਸਪਤਾਲ ਵਿੱਚ ਭਰਤੀ ਹੋਣ ਨਾਲ ਥ੍ਰੋਮੋਬਟਿਕ ਘਟਨਾਵਾਂ ਦੇ ਉੱਚ ਜੋਖਮ ਨਾਲ ਜੁੜਿਆ ਹੋਇਆ ਸੀ, ਜਦਕਿ ਟੀਕਾਕਰਨ ਵਿੱਚ ਅਜਿਹਾ ਕੋਈ ਸਬੰਧ ਨਹੀਂ ਮਿਲਿਆ।

5. ਕੀ ਨਤੀਜੇ ਕੋਵੀਸ਼ੀਲਡ ਅਤੇ ਕੋਵੈਕਸਿਨ ਦੋਵਾਂ ਲਈ ਇੱਕੋ ਜਿਹੇ ਸਨ?

ਹਾਂ। ਜਦੋਂ ਵੱਖਰੇ ਤੌਰ 'ਤੇ ਵਿਸ਼ਲੇਸ਼ਣ ਕੀਤਾ ਗਿਆ ਤਾਂ ਦੋਵੇਂ ਟੀਕਿਆਂ ਲਈ ਨਤੀਜੇ ਇੱਕੋ ਜਿਹੇ ਸਨ: ਟੀਕਾਕਰਨ ਨੇ ਦਿਲ ਦੇ ਦੌਰੇ ਜਾਂ ਖੂਨ ਦੇ ਥੱਕੇ ਜੰਮਣ ਦੀਆਂ ਘਟਨਾਵਾਂ ਦੇ ਜੋਖਮ ਨੂੰ ਨਹੀਂ ਵਧਾਇਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK