Flood in TamilNadu: ਤਾਮਿਲਨਾਡੂ ਚ ਭਾਰੀ ਮੀਂਹ ਦਾ ਕਹਿਰ, ਹੜ੍ਹ ਕਾਰਨ 3 ਲੋਕਾਂ ਦੀ ਮੌਤ, 100 ਤੋਂ ਵੱਧ ਲੋਕ ਫਸੇ
ਭਾਰੀ ਮੀਂਹ ਕਾਰਨ ਤਾਮਿਲਨਾਡੂ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕ ਮੀਂਹ ਦੇ ਪਾਣੀ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਨਵੀਂ ਦਿੱਲੀ: Flood in TamilNadu: ਉਤਰੀ ਭਾਰਤ 'ਚ ਜਿਥੇ ਠੰਢ ਨੇ ਜ਼ੋਰ ਫੜਿਆ ਹੋਇਆ ਹੈ, ਉਥੇ ਹੀ ਤਾਮਿਲਨਾਡੂ ਵਿੱਚ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਕਾਰਨ ਤਾਮਿਲਨਾਡੂ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕ ਮੀਂਹ ਦੇ ਪਾਣੀ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
NDRF ਤੇ SDRF ਵੱਲੋਂ ਬਚਾਅ ਕਾਰਜ ਜਾਰੀ
ਭਾਰੀ ਮੀਂਹ ਕਾਰਨ ਤਾਮਿਲਨਾਡੂ ਵਿੱਚ ਹਰ ਪਾਸੇ ਜਲ-ਥਲ ਹੋਇਆ ਪਿਆ ਹੈ, ਕਿਸੇ ਪਾਸੇ ਵੀ ਕੋਈ ਸੁੱਕੀ ਥਾਂ ਨਹੀਂ ਵਿਖਾਈ ਦੇ ਰਹੀ, ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਮੀਂਹ ਦੇ ਪਾਣੀ ਕਾਰਨ ਸਕੂਲ ਬੰਦ ਕਰ ਦਿੱਤੇ ਅਤੇ ਰੇਲਾਂ ਰੁਕ ਗਈਆਂ ਹਨ। ਰੇਲ ਗੱਡੀਆਂ 'ਚ ਲਗਭਗ 800 ਯਾਤਰੀ ਫਸੇ ਹੋਏ ਹਨ। ਇਸ ਤੋਂ ਇਲਾਵਾ 100 ਲੋਕ ਘਰਾਂ ਵਿੱਚ ਬੰਦ ਹਨ, ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਕੱਲੇ ਦੱਖਣੀ ਤਾਮਿਲਨਾਡੂ ਦੇ 39 ਖੇਤਰਾਂ ਵਿੱਚ ਦਰਜ ਕੀਤੀ ਭਾਰੀ ਬਾਰਿਸ਼
ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਤਾਮਿਲਨਾਡੂ ਦੇ 39 ਖੇਤਰਾਂ ਵਿੱਚ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਆਈਐਮਡੀ ਦੇ ਅਨੁਸਾਰ, ਥੂਥੂਕੁਡੀ, ਤਿਰੂਨੇਲਵੇਲੀ, ਟੇਨਕਾਸੀ ਅਤੇ ਕੰਨਿਆਕੁਮਾਰੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਗਈ ਅਤੇ ਦੱਖਣੀ ਤਾਮਿਲਨਾਡੂ ਵਿੱਚ ਜ਼ਿਆਦਾਤਰ ਥਾਵਾਂ 'ਤੇ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਅੱਜ, 19 ਦਸੰਬਰ ਨੂੰ ਕੰਨਿਆਕੁਮਾਰੀ, ਤਿਰੂਨੇਲਵੇਲੀ, ਥੂਥੁਕੁਡੀ ਅਤੇ ਟੇਨਕਾਸੀ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਸਥਾਨਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।