ਸ਼ਰਧਾ ਕਤਲ ਕਾਂਡ: ਮਹਿਰੌਲੀ ਜੰਗਲਾਂ ਚ ਮਿਲੀਆਂ ਹੱਡੀਆਂ ਨੇ ਸ਼ਰਧਾ ਦੇ ਪਿਤਾ ਦੇ ਡੀਐਨਏ ਨਾਲ ਖਾਦਾ ਮੇਲ
ਨਵੀਂ ਦਿੱਲੀ, 15 ਦਸੰਬਰ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਿੱਚ ਨਿੱਤ ਨਵੇਂ ਤੱਥ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਕੁਝ ਹੱਡੀਆਂ ਦੇ ਨਮੂਨੇ ਸ਼ਰਧਾ ਦੇ ਪਿਤਾ ਦੇ ਡੀਐਨਏ ਨਾਲ ਮੇਲ ਖਾਂਦੇ ਹਨ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਉਹ ਸ਼ਰਧਾ ਦੀਆਂ ਹੀ ਹਨ। ਇਨ੍ਹਾਂ ਨੂੰ ਦਿੱਲੀ ਪੁਲਿਸ ਦੀ ਟੀਮ ਨੇ ਮਹਿਰੌਲੀ ਅਤੇ ਗੁਰੂਗ੍ਰਾਮ ਦੇ ਜੰਗਲਾਂ ਤੋਂ ਇਕੱਠਾ ਕੀਤਾ ਸੀ।
ਮਾਮਲੇ 'ਚ ਆਫ਼ਤਾਬ ਅਮੀਨ ਪੂਨਾਵਾਲਾ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਦੇ 35 ਟੁੱਕੜੇ ਕਰ ਉਨ੍ਹਾਂ ਨੂੰ ਜੰਗਲਾਂ 'ਚ ਸੁੱਟ ਦਿੱਤਾ। ਜੰਗਲ 'ਚ ਸੁੱਟਣ ਤੋਂ ਪਹਿਲਾਂ ਉਸਨੇ ਲਾਸ਼ ਦੇ 35 ਟੁਕੜਿਆਂ ਨੂੰ ਫਰਿੱਜ ਵਿੱਚ ਰੱਖਿਆ ਅਤੇ ਮਹੀਨਿਆਂ ਤੱਕ ਵੱਖ-ਵੱਖ ਥਾਵਾਂ ’ਤੇ ਸੁੱਟਦਾ ਰਿਹਾ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਮੁਲਜ਼ਮ ਆਫ਼ਤਾਬ ਪੂਨਾਵਾਲਾ ਅਜੇ ਵੀ ਪੁਲਿਸ ਦੀ ਹਿਰਾਸਤ 'ਚ ਹੈ। ਪੁਲਿਸ ਨੇ ਸਬੂਤ ਇਕੱਠੇ ਕਰਨ ਲਈ ਆਫ਼ਤਾਬ ਦਾ ਪੋਲੀਗ੍ਰਾਫ ਅਤੇ ਨਾਰਕੋ ਟੈਸਟ ਵੀ ਕਰਵਾਇਆ। ਟੈਸਟ ਦੌਰਾਨ ਕੀਤੀ ਗਈ ਪੁੱਛਗਿੱਛ 'ਚ ਕਈ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਪੁਲਿਸ ਜਾਂਚ ਕਰ ਰਹੀ ਹੈ।