ਕਦੋਂ ਮੁੱਕੀ ਅਜੇ 'ਬਾਲ ਵਿਆਹ' ਦੀ ਰੀਤ! ਨਾਨੇ ਨੇ 30 ਸਾਲਾ ਵਿਅਕਤੀ ਨਾਲ ਵਿਆਹ ਦਿੱਤੀ 13 ਸਾਲ ਦੀ ਦੋਹਤੀ

By  Kaveri Joshi September 2nd 2020 05:46 PM

ਮੋਗਾ - ਕਦੋਂ ਮੁੱਕੀ ਅਜੇ 'ਬਾਲ ਵਿਆਹ' ਦੀ ਰੀਤ! ਨਾਨੇ ਨੇ 30 ਸਾਲਾ ਵਿਅਕਤੀ ਨਾਲ ਵਿਆਹ ਦਿੱਤੀ 13 ਸਾਲ ਦੀ ਦੋਹਤੀ :ਅਸੀਂ ਸੋਚਦੇ ਹਾਂ ਕਿ ਬਾਲ ਵਿਆਹ ਜਿਹੀ ਰੀਤ ਸ਼ਾਇਦ ਬਹੁਤ ਪਿੱਛੇ ਰਹਿ ਗਈ , ਕਿਉਕਿ ਅੱਜ ਕੱਲ੍ਹ ਇਨਸਾਨ ਪੜ੍ਹੇ-ਲਿਖੇ ਹਨ ਅਤੇ ਬਾਲ ਉਮਰੇ ਵਿਆਹ ਕੀਤੇ ਜਾਣ ਨੂੰ ਗ਼ਲਤ ਮੰਨਦੇ ਹਨ , ਤੇ ਜਿਹੜੇ ਪੜ੍ਹੇ ਲਿਖੇ ਨਹੀਂ ਵੀ ਹਨ ਉਹ ਵੀ ਸੂਝ ਬੂਝ ਰੱਖਦੇ ਹਨ ਕਿ ਅਜਿਹੀਆਂ ਕੁਰੀਤੀਆਂ ਸਮਾਜ ਦਾ ਹਿੱਸਾ ਨਾ ਬਣਨ ।ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇਹ ਪ੍ਰਥਾ ਅਜੇ ਵੀ ਬਰਕਰਾਰ ਹੈ , ਦੂਰ ਕੀ ਜਾਣਾ , ਆਪਣੇ ਪੰਜਾਬ ਵੱਲ ਹੀ ਵੇਖ ਲਓ , ਜਿੱਥੇ ਇੱਕ ਨਾਨੇ ਵੱਲੋਂ ਸਮਝ 'ਚ ਵੀ ਛੋਟੀ ਅਤੇ ਉਮਰ 'ਚ ਵੀ ਨਿੱਕੀ ਆਪਣੀ 13 ਸਾਲ ਦੀ ਦੋਹਤੀ ਦਾ ਵਿਆਹ ਉਸਤੋਂ ਦੁੱਗਣੀ ਉਮਰ ਤੋਂ ਵੀ ਵੱਡੇ , ਯਾਨੀਕਿ 30 ਸਾਲ ਦੀ ਉਮਰ ਦੇ ਵਿਅਕਤੀ ਨਾਲ ਕਰਵਾ ਦਿੱਤਾ ਗਿਆ ।

ਜਾਣਕਾਰੀ ਮੁਤਾਬਿਕ ਮੋਗਾ ਦੇ ਨੇੜੇ ਪਿੰਡ ਚੁਗਾਵਾਂ ਵਿਖੇ ਆਪਣੇ ਨਾਨੇ ਕੋਲ ਰਹਿੰਦੀ ਉਕਤ ਬਾਲੜੀ , ਜੋ ਅਜੇ ਮਹਿਜ਼ 8ਵੀਂ ਜਮਾਤ 'ਚ ਪੜ੍ਹਦੀ ਹੈ , ਉਸਨੂੰ ਨਾਨੇ ਨੇ ਉਸਦੀ ਮਾਸੀ ਕੋਲ ਲਿਜਾ ਕੇ ਉਸਦਾ ਵਿਆਹ 30 ਸਾਲਾ ਵਿਅਕਤੀ ਨਾਲ ਕਰ ਦਿੱਤਾ। ਵਿਆਹ ਮਗਰੋਂ ਜਦੋਂ ਲੜਕੀ ਆਪਣੇ ਪਿੰਡ ਚੋਗਾਵਾਂ ਵਿਖੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਆਈ ਤਾਂ ਇਸਦੀ ਖ਼ਬਰ ਪਿੰਡ ਵਾਲਿਆਂ ਤੱਕ ਅੱਪੜੀ ਅਤੇ ਉਹਨਾਂ ਨੇ ਆਂਗਣਵਾੜੀ ਕਰਮੀਆਂ ਜ਼ਰੀਏ ਇਹ ਗੱਲ ਪਿੰਡ ਦੀ ਸਰਪੰਚਣੀ ਤੱਕ ਪਹੁੰਚਾ ਦਿੱਤੀ , ਜਿਸ ਮਗਰੋਂ ਥਾਣਾ ਮਹਿਤਾ ਦੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ , ਜਿਸ ਉਪਰੰਤ ਪੁਲਿਸ ਵੱਲੋਂ ਮੌਕੇ 'ਤੇ ਵੇਲੇ ਸਿਰ ਅੱਪੜ ਕੇ ਉਕਤ ਲੜਕੀ , ਉਸਦੇ ਪਤੀ, ਸੱਸ ਅਤੇ ਹੋਰ ਸਕੇ-ਸਬੰਧੀਆਂ ਨੂੰ ਹਿਰਾਸਤ 'ਚ ਲੈ ਲਿਆ।

ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਅਨੁਸਾਰ ਚੋਗਾਵਾਂ ਵਿਖੇ ਲੜਕੀ ਦਾ ਨਾਨਾ , ਜਿਸਦਾ ਨਾਮ ਸਤਨਾਮ ਸਿੰਘ ਸੋਢੀ ਹੈ , ਨੇ ਆਪਣੀ 13 ਸਾਲਾ ਦੋਹਤੀ ਕਿਰਨਦੀਪ ਕੌਰ ਦਾ ਵਿਆਹ 30 ਸਾਲ ਦੇ ਵਿਅਕਤੀ ਨਾਲ ਕਰਵਾਇਆ ।ਉਹਨਾਂ ਕਿਹਾ ਪਰਿਵਾਰ ਨੂੰ ਮਿਲਣ ਆਈ ਲੜਕੀ ਦੇ ਆਉਂਣ ਦੀ ਭਿਣਕ ਲੱਗਣ ਕਾਰਨ ਪੁਲਿਸ ਤੱਕ ਗੱਲ ਪੁੱਜਦਾ ਕੀਤੀ ਗਈ ,ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ 'ਚ ਲੈਣ ਤੋਂ ਕੁਝ ਚਿਰ ਬਾਅਦ ਛੱਡ ਦਿੱਤਾ ਗਿਆ। ਇਸ ਉਪਰੰਤ ਜ਼ਿਲ੍ਹਾ ਫਰੀਦਕੋਟ ਦੇ ਬਾਲ ਵਿਕਾਸ ਮਹਿਕਮੇ ਦੇ ਟੋਲ ਫ੍ਰੀ ਨੰਬਰ 'ਤੇ ਦਰਖ਼ਾਸਤ ਦਿੱਤੀ ਗਈ ।

ਦੱਸਣਯੋਗ ਹੈ ਕਿ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਧਾਲੀਵਾਲ ਅਨੁਸਾਰ ਪਿੰਡ ਦੀ ਪੰਚਾਇਤ ਵੱਲੋਂ ਕਿਰਨਪ੍ਰੀਤ ਕੌਰ ਨਾਮਕ 13 ਸਾਲ ਦੀ ਲੜਕੀ ਦੇ ਵਿਆਹ ਬਾਰੇ ਉਹਨਾਂ ਨੂੰ ਸੂਚਨਾ ਦਿੱਤੀ ਗਈ ਸੀ । ਪੁਲਿਸ ਵੱਲੋਂ ਦੋਵਾਂ ਪੱਖਾਂ ਦੇ ਬਿਆਨ ਸੁਣਨ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਦੇ ਧਿਆਨ 'ਚ ਲਿਆ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।

Related Post