34 ਸਾਲ ਬਾਅਦ ਵੀ ਘੱਟਗਿਣਤੀ ਸਿੱਖ ਕੌਮ ਨੂੰ ਇਨਸਾਫ਼ ਲੈਣ ਤੋਂ ਰੋਕਣ ਦੇ ਮਨਸੂਬੇ ਘੜੇ ਜਾ ਰਹੇ ਹਨ : ਮਨਜਿੰਦਰ ਜੀ.ਕੇ.

By  Shanker Badra November 16th 2018 06:31 PM

34 ਸਾਲ ਬਾਅਦ ਵੀ ਘੱਟਗਿਣਤੀ ਸਿੱਖ ਕੌਮ ਨੂੰ ਇਨਸਾਫ਼ ਲੈਣ ਤੋਂ ਰੋਕਣ ਦੇ ਮਨਸੂਬੇ ਘੜੇ ਜਾ ਰਹੇ ਹਨ : ਮਨਜਿੰਦਰ ਜੀ.ਕੇ.:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਕੱਲ ਪਟਿਆਲਾ ਹਾਊਸ ਕੋਰਟ ਵਿਖੇ ਹੋਈ ਬਦਸਲੂਕੀ ਨੂੰ ਕਮੇਟੀ ਨੇ ਮੰਦਭਾਗਾ ਅਤੇ ਕੌਮ ਨਾਲ ਧੱਕਾ ਕਰਾਰ ਦਿੱਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਿਰਸਾ ਨੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਆਪ ਦੇ ਵਿਧਾਇਕ ਦਵਿੰਦਰ ਸਹਿਰਾਵਤ ਦੇ ਕਥਿਤ ਸਿੱਖ ਪ੍ਰੇਮ ’ਤੇ ਵੀ ਸਵਾਲ ਚੁੱਕੇ ਹਨ।

ਜੀ.ਕੇ. ਨੇ ਕਿਹਾ ਕਿ 1984 ਯਾਦ ਕਰਵਾਉਣ ਦੇ ਬਹਾਨੇ ਸਿਰਸਾ ਨੂੰ ਚਿੜਾਉਣ ਦੀ ਹੋਈ ਕੋਸ਼ਿਸ਼ ਦੀ ਉਹ ਨਿਖੇਧੀ ਕਰਦੇ ਹਨ। 34 ਸਾਲ ਬਾਅਦ ਵੀ ਘੱਟਗਿਣਤੀ ਸਿੱਖ ਕੌਮ ਨੂੰ ਇਨਸਾਫ਼ ਲੈਣ ਤੋਂ ਰੋਕਣ ਦੇ ਮਨਸੂਬੇ ਘੜੇ ਜਾ ਰਹੇ ਹਨ। 2 ਸਿੱਖਾਂ ਦੇ ਕਤਲ ਦੇ ਦੋਸ਼ੀ ਅਦਾਲਤ ਵੱਲੋਂ ਕਰਾਰ ਦਿੱਤੇ ਗਏ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਗਲਤ ਫਸਾਉਣ ਬਾਰੇ ਸਹਿਰਾਵਤ ਵੱਲੋਂ ਦਿੱਤੇ ਗਏ ਬਿਆਨ ’ਤੇ ਕੇਜਰੀਵਾਲ ਨੂੰ ਬੋਲਣ ਦੀ ਨਸੀਹਤ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਸਹਿਰਾਵਤ ਨੇ ਜਾਤ ਦਾ ਪੱਤਾ ਸੁੱਟ ਕੇ ਕਾਤਿਲਾਂ ਦੀ ਪੁਸਤ ਪਨਾਹੀ ਕੀਤੀ ਹੈ।ਇਸ ਮਸਲੇ ’ਤੇ ਕੇਜਰੀਵਾਲ ਦਾ ਕੀ ਸਟੈਂਡ ਹੈ, ਉਸਨੂੰ ਸਪਸ਼ਟ ਕਰਨਾ ਚਾਹੀਦਾ ਹੈ।ਮਹਿਪਾਲਪੁਰ ਮਾਮਲੇ ’ਚ ਪੰਜਾਬ ਤੋਂ ਆ ਕੇ ਦਿੱਲੀ ਵਿਖੇ ਗਵਾਹੀ ਦੇਣ ਵਾਲੇ 3 ਭਰਾਵਾਂ ਨੂੰ ਡਰਾਉਣ ਅਤੇ 1984 ਵਰਗਾ ਮਾਹੌਲ ਸਿਰਜਣ ਲਈ ਕਾਂਗਰਸ ਸਮਰਥਕਾਂ ਵੱਲੋਂ ਕੋਰਟ ਰੂਮ ਦੇ ਬਾਹਰ ਬਦਸਲੂਕੀ ਕਰਨ ਦਾ ਜੀ.ਕੇ. ਨੇ ਦਾਅਵਾ ਕੀਤਾ।

ਅੱਜ ਪਟਿਆਲਾ ਹਾਊਸ ਕੋਰਟ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ਼ ਬੇਧੜਕ ਗਵਾਹੀ ਦੇਣ ਵਾਲੀ ਬੀਬੀ ਚਾਮ ਕੌਰ ਦੀ ਤਾਰੀਫ਼ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਬੀਬੀ ਚਾਮ ਕੌਰ ਨੇ ਸੱਜਣ ਦੀਆਂ ਧਮਕੀਆਂ ਅਤੇ ਲਾਲਚ ਨੂੰ ਦਰਕਿਨਾਰ ਕਰਦੇ ਹੋਏ ਉਸਦੇ ਵਕੀਲਾਂ ਦੀ ਫੌਜ ਵੱਲੋਂ ਗੱਲਾਂ ’ਚ ਉਲਝਾਉਣ ਦੀ ਕੀਤੀ ਗਈ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਬੀਬੀ ਚਾਮ ਕੌਰ ਨੇ ਉਸ ਵੇਲੇ ਸੱਜਣ ਵੱਲੋਂ ਭੀੜ ਨੂੰ ਭੜਕਾਉਣ ਅਤੇ ਉਸਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ।ਜੀ.ਕੇ. ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2009 ਵਿਖੇ ਸੱਜਣ ਅਤੇ ਜਗਦੀਸ ਟਾਈਟਲਰ ਦੀ ਟਿਕਟਾਂ ਕੱਟਵਾਉਣ ਤੋਂ ਬਾਅਦ ਮੌਜੂਦ ਕੇਂਦਰ ਸਰਕਾਰ ਪਾਸੋਂ ਐਸ.ਆਈ.ਟੀ. ਬਣਵਾ ਕੇ ਇਨਸਾਫ਼ ਦੀ ਲੀਕ ਨੂੰ ਮਜਬੂਤ ਕਰਨ ਵਾਸਤੇ ਕੀਤੇ ਗਏ ਸਮੂਹ ਕਾਰਜਾਂ ਦੀ ਜਾਣਕਾਰੀ ਦਿੱਤੀ।

ਸਿਰਸਾ ਨੇ ਕੱਲ ਦੀ ਘਟਨਾ ਦੀ ਗੱਲ ਕਰਦੇ ਹੋਏ ਕੋਰਟ ਰੂਮ ਦੇ ਬਾਹਰ ਨਿਕਲ ਰਹੇ ਦੋਸ਼ੀਆਂ ਦੇ ਸਮਰਥਕਾਂ ਅਤੇ ਦੋਸ਼ੀ ’ਤੇ ਉਨ੍ਹਾਂ ਨੂੰ ਉਕਸਾਊਣ ਦਾ ਦੋਸ਼ ਲਗਾਇਆ। ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਗੰੁਡਿਆ ਦਾ ਰਵਇਆ ਨਹੀਂ ਬਦਲਿਆ ਹੈ। ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਸਜਾ ਕਿਵੇਂ ਹੋ ਸਕਦੀ ਹੈ। ਪਹਿਲਾ ਉਨ੍ਹਾਂ ਮੈਂਨੂੰ 1984 ਭੁਲਣ ਬਾਰੇ ਵਿਅੰਗ ਕੀਤਾ। ਜਿਸ ਉਪਰੰਤ ਮੈਂ ਗੁੱਸੇ ’ਚ ਯਸ਼ਪਾਲ ਨੂੰ ਚਪੇੜ ਮਾਰ ਦਿੱਤੀ। ਸਿਰਸਾ ਨੇ ਆਪਣੇ ਗੁੱਸੇ ਨੂੰ ਸਿੱਖ ਕੌਮ ਦੀ ਭਾਵਨਾ ਦੇ ਤੌਰ ’ਤੇ ਪਰਿਭਾਸ਼ਿਤ ਕਰਦੇ ਹੋਏ ਹੈਰਾਨੀ ਪ੍ਰਗਟਾਈ ਕਿ ਸਿੱਖਾਂ ਨੂੰ ਵਿਅੰਗ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਸਿੱਖਾਂ ਨੇ ਕੋਈ ਗਲਤੀ ਕੀਤੀ ਹੋਵੇ।

ਸਿਰਸਾ ਨੇ ਕਿਹਾ ਕਿ ਮੈਂਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ। ਜੇਕਰ ਉਨ੍ਹਾਂ ਨੂੰ 8000 ਸਿੱਖਾਂ ਨੂੰ ਮਾਰਨ ਦਾ ਪਛਤਾਵਾਂ ਨਹੀਂ ਹੈ ਤਾਂ ਮੈਂਨੂੰ ਚਪੇੜ ਮਾਰਨ ਦਾ ਵੀ ਕੋਈ ਅਫਸੋਸ ਨਹੀਂ ਹੈ। ਸਿਰਸਾ ਨੇ ਸਾਫ਼ ਕਿਹਾ ਕਿ ਇਹ ਵਿਅੰਗ ਮੇਰੇ ’ਤੇ ਨਹੀਂ ਸਗੋਂ ਸਮੁੱਚੀ ਸਿੱਖ ਕੌਮ ’ਤੇ ਸੀ। ਕਿਊਂਕਿ ਇਹ ਲੜਾਈ ਅਸੀਂ ਦੇਸ਼ ਅਤੇ ਕੌਮ ਵਾਸਤੇ ਲੜ ਰਹੇ ਹਾਂ। ਸੀਨੀਅਰ ਵਕੀਲ ਐਚ.ਐਸ. ਫੂਲਕਾ ਵੱਲੋਂ ਕੱਲ ਸਿਰਸਾ ਦੇ ਵਿਵਹਾਰ ਦੀ ਨਿਖੇਧੀ ਕਰਨ ਵਾਲੇ ਦਿੱਤੇ ਗਏ ਬਿਆਨ ’ਤੇ ਪ੍ਰਤੀਕਰਮ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਫੂਲਕਾ ਅਤੇ ਸਹਿਰਾਵਤ ਦੀ ਬੋਲੀ ਇੱਕੋ ਹੈ, ਇਹੀ ਲਾਈਨ ਕੱਲ ਕੇਜਰੀਵਾਲ ਦੀ ਵੀ ਹੋਵੇਗੀ। ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਦੋਸ਼ੀ ਨਹੀਂ ਮਨ ਰਹੀ ਹੈ। ਇਹ ਓਹੀ ਹਨ ਜੋ ਕੱਲ ਤਕ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਦੱਗਮਜੇ ਮਾਰਦੇ ਸਨ। ਅੱਜ ਕੇਜਰੀਵਾਲ ਕਿਊਂ ਨਹੀਂ ਬੋਲ ਰਹੇ ਹਨ ਕਿ ਕੇਜਰੀਵਾਲ ਦੇ ਮੂੰਹ ’ਚ ਫੈਵੀਕੋਲ ਲੱਗੀ ਹੈ।

ਸਿਰਸਾ ਨੇ ਚਾਮ ਕੌਰ ਵੱਲੋਂ ਸੱਜਣ ਕੁਮਾਰ ਦੀ ਦੰਗਾਈ ਅਤੇ ਕਾਤਲ ਵੱਜੋਂ ਪਛਾਣ ਕਰਨ ਦਾ ਹਵਾਲਾ ਦਿੰਦੇ ਹੋਏ ਸਿੱਖਾਂ ਦੇ ਹਿਮਾਇਤੀ ਬਣਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਤੇ ਸਿੱਧੂ ਨੂੰ ਹੁਣ ਮੂੰਹ ਖੋਲਣ ਲਈ ਲਲਕਾਰਿਆ। ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਗੁੰਡਿਆ ਨੇ ਮਾ-ਭੈਣ ਦੀ ਗਾਲ੍ਹਾਂ ਮੈਂਨੂੰ ਨਹੀਂ ਕੱਢਿਆ ਸਗੋਂ ਸਾਰੇ ਸਿੱਖਾਂ ਨੂੰ ਕੱਢਿਆ ਹਨ। ਦੇਸ਼-ਵਿਦੇਸ਼ ’ਚ ਬੈਠੇ ਹਰ ਸਿੱਖ ਨੂੰ ਨੀਵਾਂ ਪਾਣੀ ਸਮਝਣ ਦੀ ਗੁਸ਼ਤਾਖੀ ਹੋਈ ਹੈ। ਸਿਰਸਾ ਨੇ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਕਾਂਗਰਸ ਦੇ ਗੁੰਡੇ ਅਜਿਹਾ ਵਤੀਰਾ ਜਾਰੀ ਰੱਖਣਗੇ ਤਾਂ ਅਸੀਂ ਵੀ ਹਜ਼ਾਰ ਵਾਰ ਕਾਬੂ ਬਾਹਰ ਹੋਵਾਂਗੇ। ਇਸ ਮਾਮਲੇ ’ਚ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਦਿੱਤੇ ਗਏ ਸਮਰਥਨ ਦਾ ਸਿਰਸਾ ਨੇ ਧੰਨਵਾਦ ਕੀਤਾ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬੀਬੀ ਚਾਮ ਕੌਰ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਹਰਮਨਜੀਤ ਸਿੰਘ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਜਸਬੀਰ ਸਿੰਘ ਜੱਸੀ, ਸਰਵਜੀਤ ਸਿੰਘ ਵਿਰਕ, ਨਿਸ਼ਾਨ ਸਿੰਘ ਮਾਨ, ਬੀਬੀ ਰਣਜੀਤ ਕੌਰ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਮੌਜੂਦ ਸਨ।

-PTCNews

Related Post