ਹੁਣ 5ਵੀਂ ਅਤੇ 8ਵੀਂ ਦੇ ਵਿਦਿਆਰਥੀ ਅਗਲੀ ਜਮਾਤ ਵਿਚ ਲੈ ਸਕਣਗੇ ਦਾਖ਼ਲਾ, ਲਾਕਡਾਊਨ ਕਰਕੇ ਨਹੀਂ ਹੋਵੇਗਾ ਨਤੀਜਿਆਂ ਦਾ ਐਲਾਨ

By  Shanker Badra April 23rd 2020 01:28 PM

ਹੁਣ 5ਵੀਂ ਅਤੇ 8ਵੀਂ ਦੇ ਵਿਦਿਆਰਥੀ ਅਗਲੀ ਜਮਾਤ ਵਿਚ ਲੈ ਸਕਣਗੇ ਦਾਖ਼ਲਾ, ਲਾਕਡਾਊਨ ਕਰਕੇ ਨਹੀਂ ਹੋਵੇਗਾ ਨਤੀਜਿਆਂ ਦਾ ਐਲਾਨ:ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਕੂਲਾਂ ਵਿਚ 5ਵੀਂ ਅਤੇ 8ਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਆਰਜ਼ੀ ਤੌਰ ਉੱਤੇ ਦਾਖਲਾ ਦੇਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਬੋਰਡ ਨੇ ਇਹ ਫੈਸਲਾ ਪੂਰੇ ਦੇਸ਼ ਵਿਚ ਲਗਾਏ ਗਏ ਲਾਕਡਾਊਨ ਦੌਰਾਨ ਵੱਖ-ਵੱਖ ਸਕੂਲਾਂ ਵਲੋਂ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਸੰਬੰਧ ਵਿਚ ਲਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਇਕ ਸਰਕੂਲਰ ਮੁਤਾਬਕ 5ਵੀਂ ਜਮਾਤ ਦੇ 2 ਵਿਸ਼ਿਆਂ ਦੀ ਪ੍ਰੀਖਿਆ ਨਹੀਂ ਲਈ ਗਈ ਸੀ ਅਤੇ ਨਤੀਜੇ ਦਾ ਐਲਾਨ ਉਨ੍ਹਾਂ 3 ਵਿਸ਼ਿਆਂ ਦੀ ਪ੍ਰੀਖਿਆਵਾਂ ਦੇ ਆਧਾਰ ਉੱਤੇ ਲਿਆ ਜਾਣਾ ਸੀ, ਜੋ ਬੋਰਡ ਨੇ ਲਾਕਡਾਊਨ ਤੋਂ ਪਹਿਲਾਂ ਲੈ ਲਈਆ ਸਨ। ਬੋਰਡ ਦੇ ਸਰਕੂਲਰ ਮੁਤਾਬਕ 5ਵੀਂਜਮਾਤ ਦੇ ਇਨ੍ਹਾਂ ਵਿਦਿਆਰਥੀ ਨੂੰ ਅਗਲੀ ਜਮਾਤ 6ਵੀਂ ਵਿਚ ਆਰਜ਼ੀ ਤੌਰ ਉੱਤੇ ਦਾਖਲਾ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਰਕੂਲਰ ਜਾਰੀ ਕਰਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ 9ਵੀਂ ਜਮਾਤ ਵਿਚ ਦਾਖਲਾ ਦੇਣ ਦਾ ਹੁਕਮ ਦਿੱਤਾ ਹੈ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਪਹਿਲਾਂ ਲਈਆਂ ਗਈਆਂ ਪ੍ਰੀਖਿਆਵਾਂ ਦੇ ਆਧਾਰ ਉੱਤੇ ਨਤੀਜੇ ਦਾ ਐਲਾਣ ਕਰਨਾ ਸੀ ਪਰ ਹੁਣ ਨਵੇਂ ਫੈਸਲੇ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਆਰਜ਼ੀ ਤੌਰ ਉੱਤੇ ਅਗਲੀ ਜਮਾਤ ਵਿਚ ਪ੍ਰਮੋਟ ਕੀਤਾ ਗਿਆ ਹੈ।

ਦੱਸ ਦਈਏ ਕਿ ਪੰਜਾਬ ਬੋਰਡ ਨੇ 5ਵੀਂ ਤੇ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਲਾਕਡਾਊਨ ਕਾਰਨ ਫਿਲਹਾਲ ਰੋਕ ਦਿੱਤਾ ਹੈ। ਇਨ੍ਹਾਂ ਜਮਾਤਾਂ ਦੀਆਂ ਉੱਤਰ ਕਾਪੀਆਂ ਦੀ ਜਾਂਚ ਪ੍ਰੀਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ। ਪੰਜਾਬ ਬੋਰਡ ਦੇ ਇਸ ਫੈਸਲਾ ਨਾਲ 6ਵੀਂ ਅਤੇ 9ਵੀਂ ਜਮਾਤ ਵਿਚ ਆਰਜ਼ੀ ਤੌਰ ਉੱਤੇ ਪ੍ਰਮੋਟ ਕੀਤੇ ਗਏ ਵਿਦਿਆਰਥੀ ਅਗਲੀ ਜਮਾਤ ਵਿਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਕਲਾਸਾਂ ਲੈ ਸਕਣਗੇ।

-PTCNews

Related Post