ਲੌਕਡਾਊਨ 'ਚ ਵੀ ਨਹੀਂ ਆਇਆ ਟਿਕਾਅ , ਜਲੰਧਰ ਵਿਖੇ ਘਰ 'ਚ ਜੂਆ ਖੇਡਦੀਆਂ ਔਰਤਾਂ ਰੰਗੇ ਹੱਥੀਂ ਕਾਬੂ

By  Kaveri Joshi May 14th 2020 01:56 PM

ਜਲੰਧਰ - ਲੌਕਡਾਊਨ 'ਚ ਵੀ ਨਹੀਂ ਆਇਆ ਟਿਕਾਅ , ਜਲੰਧਰ ਵਿਖੇ ਘਰ 'ਚ ਜੂਆ ਖੇਡਦੀਆਂ ਔਰਤਾਂ ਰੰਗੇ ਹੱਥੀਂ ਕਾਬੂ : ਜਿੱਥੇ ਕੋਰੋਨਾਵਾਇਰਸ ਕਰਕੇ ਦੁਨੀਆਂ ਤ੍ਰਾਹ-ਤ੍ਰਾਹ ਕਰ ਉੱਠੀ ਹੈ , ਉੱਥੇ ਹੀ ਕਈ ਲੋਕ ਆਪਣੀ ਸਿਹਤ ਨਾਲੋਂ ਮਨਪ੍ਰਚਾਵਾ ਜ਼ਿਆਦਾ ਪਿਆਰਾ ਸਮਝਦੇ ਹਨ । ਅਜਿਹੀ ਹੀ ਇੱਕ ਖ਼ਬਰ ਮਿਲੀ ਹੈ , ਜਿਸ 'ਚ ਘਰ 'ਚ ਜੂਆ ਖੇਡਦੀਆਂ 6 ਔਰਤਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ ।

ਇਹ ਮਾਮਲਾ ਜਲੰਧਰ ਦਾ ਹੈ , ਜਿੱਥੇ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਨਿਊ ਰਸੀਲਾ ਨਗਰ ਦੇ ਘਰ 'ਚ ਛਾਪਾ ਮਾਰ ਕੇ ਉਕਤ ਮਹਿਲਾਵਾਂ ਨੂੰ ਜੂਆ ਖੇਡਦੇ ਫੜਿਆ ਗਿਆ ਹੈ ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ 6 ਔਰਤਾਂ ਕੋਲੋਂ 14 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ । ਦੋਸ਼ੀਆਂ ਦੀ ਪਹਿਚਾਣ ਪੂਨਮ ਪਤਨੀ ਦੀਪਕ ਕੁਮਾਰ ਮੀਨੀਆ ਨਿਵਾਸੀ ਰਸੀਲਾ ਨਗਰ, ਅਨੂ ਉਰਫ ਤਨੂੰ ਪਤਨੀ ਰਮਨ ਕੁਮਾਰ ਨਿਵਾਸੀ ਉਜਾਲਾ ਨਗਰ, ਜੋਤੀ ਪਤਨੀ ਸੰਜੀਵ ਕੁਮਾਰ ਨਿਵਾਸੀ ਕਟੜਾ ਮੁਹੱਲਾ, ਸੋਨੂੰ ਪਤਨੀ ਧਰਮਵੀਰ ਵਾਸੀ ਈਸ਼ਵਰ ਨਗਰ ਕਾਲਾ ਸਿੰਗਾ ਰੋਡ, ਨੀਲਮ ਪਤਨੀ ਸੰਜੀਵ ਸਿੰਘ ਨਿਵਾਸੀ ਗੁਰੂ ਨਾਨਕ ਪੁਰਾ ਬਸਤੀ ਬਾਵਾ ਖੇਲ ਅਤੇ ਮੀਨਾ ਰਾਣੀ ਪਤਨੀ ਰੋਸ਼ਨ ਲਾਲ ਨੂੰ ਤੇਲੀਆ ਮੁਹੱਲਾ ਬਸਤੀ ਸ਼ੇਖ ਵਜੋਂ ਹੋਈ ਹੈ ।

ਐੱਸਐੱਚਓ ਡਵੀਜ਼ਨ 5 ਦੇ ਇੰਚਾਰਜ ਰਵਿੰਦਰ ਕੁਮਾਰ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਊ ਰਸੀਲਾ ਨਗਰ ਵਿੱਚ ਕਿਸੇ ਵੱਲੋਂ ਜੂਏ ਦਾ ਅੱਡਾ ਚਲਾਇਆ ਜਾ ਰਿਹਾ ਹੈ। ਸੂਚਨਾ ਮਿਲਣ ਉਪਰੰਤ ਏਐਸਆਈ ਨਿਰਮਲ ਸਿੰਘ ਦੀ ਟੀਮ ਨੇ ਉਕਤ ਸਥਾਨ 'ਤੇ ਛਾਪਾ ਮਾਰਿਆ ਅਤੇ 6 ਔਰਤਾਂ ਨੂੰ ਜੂਆ ਖੇਡਦੇ ਹੋਏ ਕਾਬੂ ਕਰ ਲਿਆ , ਇਹੀ ਨਹੀਂ ਉਕਤ ਔਰਤਾਂ ਕੋਲੋਂ ਕੈਸ਼ ਅਤੇ ਤਾਸ਼ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਇਹਨਾਂ ਦੋਸ਼ੀਆਂ ਵਿਰੁੱਧ ਜੂਆ ਐਕਟ ਤਹਿਤ ਕਾਰਵਾਈ ਕਰਨ ਦੇ ਨਾਲ ਹੀ ਧਾਰਾ 188 ਵੀ ਲਗਾਈ ਗਈ ਹੈ।

ਲੌਕਡਾਊਨ 'ਚ ਜਦੋਂ ਕਿ ਸਰਕਾਰ ਵਲੋਂ ਇਹ ਹਦਾਇਤਾਂ ਹਨ ਕਿ ਕਿਸੇ ਤਰ੍ਹਾਂ ਦੇ ਇੱਕਠ ਤੋਂ ਗੁਰੇਜ਼ ਕੀਤਾ ਜਾਵੇ , ਇਸਦੇ ਬਾਵਜੂਦ ਵੀ ਸਰਕਾਰੀ ਆਦੇਸ਼ਾਂ ਨੂੰ ਤੋੜਦੇ ਹੋਏ ਘਰ 'ਚ ਔਰਤਾਂ ਵਲੋਂ ਜੂਆ ਖੇਡਿਆ ਜਾ ਰਿਹਾ ਸੀ , ਜੋ ਕਿ ਸਰਾਸਰ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਹੈ ।

Related Post