ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜੀਵਨ 'ਤੇ ਛੋਟੀ ਜਿਹੀ ਝਾਤ

By  Jasmeet Singh February 11th 2022 10:38 AM -- Updated: February 11th 2022 01:27 PM

ਜਸਮੀਤ ਸਿੰਘ: ਸਾਹਿਬਜ਼ਾਦਾ ਅਜੀਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ। ਉਹ 11 ਫਰਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਜੀਤੋ ਜੀ (ਮਾਤਾ ਸੁੰਦਰੀ ਜੀ) ਦੀ ਕੁੱਖੋਂ ਪੈਦਾ ਹੋਏ। ਅਗਲੇ ਸਾਲ, ਗੁਰੂ ਗੋਬਿੰਦ ਸਿੰਘ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਾਪਸ ਪਰਤੇ ਜਿੱਥੇ ਸਾਹਿਬਜ਼ਾਦਾ ਦਾ ਪਾਲਣ-ਪੋਸ਼ਣ ਪ੍ਰਵਾਨਿਤ ਸਿੱਖ ਸ਼ੈਲੀ ਵਿੱਚ ਹੋਇਆ।

ਸਾਹਿਬਜ਼ਾਦਾ ਨੂੰ ਧਾਰਮਿਕ ਗ੍ਰੰਥ ਦੀ ਪੜ੍ਹਾਈ, ਇਤਿਹਾਸ ਸਿਖਾਇਆ, ਇਸਤੋਂ ਇਲਾਵਾ ਘੋੜਸਵਾਰੀ, ਤਲਵਾਰਬਾਜ਼ੀ, ਗੱਤਕਾ ਅਤੇ ਤੀਰਅੰਦਾਜ਼ੀ ਵਰਗੀਆਂ ਜੰਗੀ ਕਲਾਵਾਂ ਦੀ ਸਿਖਲਾਈ ਵੀ ਦਿੱਤੀ ਗਈ ਸੀ। ਉਹ ਇੱਕ ਸੋਹਣੇ, ਸੁਡੋਲ, ਬੁੱਧੀਮਾਨ ਅਤੇ ਲੋਕਾਂ ਦੇ ਕੁਦਰਤੀ ਆਗੂ ਬਣ ਉੱਭਰੇ ਸਨ। 1699 ਵਿਚ ਖਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ, ਉਨ੍ਹਾਂ ਆਪਣੀ ਮੁਹਾਰਤ ਦੀ ਪਹਿਲੀ ਪ੍ਰੀਖਿਆ ਦਿੱਤੀ। ਉੱਤਰ-ਪੱਛਮੀ ਪੰਜਾਬ ਦੇ ਪੋਠੋਹਾਰ ਤੋਂ ਆ ਰਹੇ ਸਿੱਖ ਸੰਗਤਾਂ ਨੂੰ ਸਤਲੁਜ ਦਰਿਆ ਦੇ ਪਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਥੋੜ੍ਹੀ ਦੂਰੀ 'ਤੇ ਨੂਹ ਦੇ ਰੰਘੜਾਂ ਨੇ ਰਸਤੇ ਵਿਚ ਹਮਲਾ ਕਰ ਲੁੱਟ ਲਿਆ ਸੀ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਮਹਿਜ਼ 12 ਸਾਲ ਦੀ ਉਮਰ ਦੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸੰਗਤ ਦੀ ਦਖਲਅੰਦਾਜ਼ੀ ਕਰਨ ਅਤੇ ਬਚਾਅ ਕਰਨ ਲਈ ਉਸ ਪਿੰਡ ਭੇਜ ਦਿੱਤਾ ਸੀ। ਸਾਹਿਬਜ਼ਾਦਾ ਅਜੀਤ ਸਿੰਘ 100 ਸਿੱਖਾਂ ਦੀ ਅਗਵਾਈ ਵਿਚ ਉਥੇ ਪਹੁੰਚੇ ਅਤੇ ਰੰਘੜਾਂ ਨੂੰ ਸਜ਼ਾ ਦਿੱਤੀ ਅਤੇ ਲੁੱਟੀ ਹੋਈ ਜਾਇਦਾਦ ਨੂੰ ਵਾਪਸ ਲੈ ਆਏ। ਇਸ ਸਫਲ ਮਿਸ਼ਨ ਤੋਂ ਬਾਅਦ ਅਗਲੇ ਸਾਲ ਜਦੋਂ ਪਹਾੜੀ ਰਾਜਿਆਂ ਨੇ ਸ਼ਾਹੀ ਫੌਜਾਂ ਦੀ ਸਹਾਇਤਾ ਨਾਲ ਸ੍ਰੀ ਆਨੰਦਪੁਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਫਿਰ ਤੋਂ ਸਾਹਿਬਜ਼ਾਦੇ ਨੂੰ ਇੱਕ ਬਹੁਤ ਔਖਾ ਕੰਮ ਸੌਂਪਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਾਰਾਗੜ੍ਹ ਕਿਲ੍ਹੇ ਦੀ ਰੱਖਿਆ ਲਈ ਜ਼ਿੰਮੇਵਾਰ ਬਣਾਇਆ ਗਿਆ ਸੀ ਜੋ ਹਮਲੇ ਦਾ ਪਹਿਲਾ ਨਿਸ਼ਾਨਾ ਸੀ।

ਭੱਟ ਵਹੀਆਂ ਅਨੁਸਾਰ ਇਹ 29 ਅਗਸਤ 1700 ਨੂੰ ਵਾਪਰਿਆ ਸੀ। ਭਾਈ ਉਦੇ ਸਿੰਘ ਦੀ ਮਦਦ ਨਾਲ ਇੱਕ ਤਜਰਬੇਕਾਰ ਸਿਪਾਹੀ ਅਜੀਤ ਸਿੰਘ ਨੇ ਹਮਲੇ ਨੂੰ ਰੋਕ ਦਿੱਤਾ। ਉਹ ਅਕਤੂਬਰ 1700 ਵਿਚ ਨਿਰਮੋਹਗੜ੍ਹ ਦੀਆਂ ਲੜਾਈਆਂ ਵਿਚ ਵੀ ਬਹਾਦਰੀ ਨਾਲ ਲੜੇ। 15 ਮਾਰਚ 1701 ਨੂੰ ਦਾਰਾਪ ਖੇਤਰ (ਸਿਆਲਕੋਟ ਜ਼ਿਲ੍ਹਾ, ਪਾਕਿਸਤਾਨ) ਤੋਂ ਆਈ ਸੰਗਤ ਨੂੰ ਗੁੱਜਰਾਂ ਅਤੇ ਰੰਘੜਾਂ ਨੇ ਘੇਰ ਲਿਆ ਸੀ। ਉਦੋਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਉਹਨਾਂ ਵਿਰੁੱਧ ਇੱਕ ਸਫਲ ਮੁਹਿੰਮ ਦੀ ਅਗਵਾਈ ਕੀਤੀ।

ਇੱਕ ਵਾਰ ਇੱਕ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ। ਉਸ ਨੇ ਸ਼ਿਕਾਇਤ ਕੀਤੀ ਕਿ ਹੁਸ਼ਿਆਰਪੁਰ ਨੇੜੇ ਬੱਸੀ ਦੇ ਕੁਝ ਪਠਾਣਾਂ ਨੇ ਉਸ ਦੀ ਨਵ-ਵਿਆਹੀ ਪਤਨੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਹਨ। ਉਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਬ੍ਰਾਹਮਣ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। 7 ਮਾਰਚ 1703 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਉਹ ਹੁਸ਼ਿਆਰਪੁਰ ਨੇੜੇ ਬੱਸੀ ਵੱਲ 100 ਘੋੜਸਵਾਰ ਲੈ ਕੇ ਗਏ। ਨੌਜਵਾਨ ਬਹਾਦਰ ਸਿੰਘਾਂ ਦੇ ਇਸ ਜਥੇ ਨਾਲ ਬਾਬਾ ਅਜੀਤ ਸਿੰਘ ਰਾਤ ਵੇਲੇ ਬੱਸੀ 'ਤੇ ਟੁੱਟ ਪਏ। ਉਨ੍ਹਾਂ ਬ੍ਰਾਹਮਣ ਦੀ ਪਤਨੀ ਨੂੰ ਬਰਾਮਦ ਕਰ ਅਗਲੀ ਸਵੇਰ ਦੁਸ਼ਟ ਪਠਾਣਾਂ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਲੈ ਆਏ। ਬ੍ਰਾਹਮਣ ਦੀ ਪਤਨੀ ਨੂੰ ਉਸਦੇ ਸੁਹਾਗ ਦੇ ਨਾਲ ਬਹਾਲ ਕਰ ਦੁਸ਼ਟ ਪਠਾਣਾਂ ਨੂੰ ਢੁਕਵੀਂ ਅਤੇ ਸਖ਼ਤ ਸਜ਼ਾ ਦਿੱਤੀ ਗਈ।

ਨਾਨਕਸ਼ਾਹੀ ਕਲੈਂਡਰ ਦੇ ਮੁਤਾਬਕ ਪੋਹ (ਦਸੰਬਰ) ਮਹੀਨੇ ਦੇ ਪੰਦਰਵਾੜੇ ਦੇ ਦਰਮਿਆਨ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦੀ ਜਾਮ ਪੀ ਗਏ ਉਨ੍ਹਾਂ ਤੋਂ ਪਹਿਲਾਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਝੁਝਾਰ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਚਮਕੌਰ ਦੀ ਗੜ੍ਹੀ ਵਿਖੇ ਮੁਗ਼ਲ ਫੌਜਾਂ ਵਿਰੁੱਧ ਜੰਗ-ਏ-ਮੈਦਾਨ ਲੜਦਿਆਂ ਸ਼ਹੀਦੀ ਪਾ ਗਏ। ਅੱਜ ਵੀ ਇਨ੍ਹਾਂ ਦਿਨਾਂ ਦੌਰਾਨ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿਚ ਗੁ. ਸ੍ਰੀ ਚਮਕੌਰ ਸਾਹਿਬ ਵਿਖੇ ਤਿੰਨ ਦਿਹਾਈ ਸਾਲਾਨਾ ਮੇਲਾ ਲਗਾਇਆ ਜਾਂਦਾ ਹੈ। ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੁੰਦੀਆਂ ਨੇ ਅਤੇ ਸਾਹਿਬਦਿਆਂ ਤੇ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹਨ।

-PTC News

Related Post