Fri, May 3, 2024
Whatsapp

ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼

ਭਗਤ ਸਾਹਿਬਾਨ ਭਗਤੀ ਲਹਿਰ ਦੀ ਮਾਲਾ ਦੇ ਅਮੁੱਲ ਮੋਤੀ ਬਣੇ ਅਤੇ ਜਿਨ੍ਹਾਂ ਨੇ ਆਪਣੀ ਪ੍ਰਭੂ ਭਗਤੀ ਦੁਆਰਾ ਬਾਣੀ ਦੀ ਰਚਨਾ ਕੀਤੀ ਅਤੇ ਜਿਨ੍ਹਾਂ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸੁਸ਼ੋਭਿਭ ਕੀਤਾ।

Written by  Amritpal Singh -- April 20th 2024 05:05 AM
ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼

ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼

ਭਗਤ ਸਾਹਿਬਾਨ ਭਗਤੀ ਲਹਿਰ ਦੀ ਮਾਲਾ ਦੇ ਅਮੁੱਲ ਮੋਤੀ ਬਣੇ ਅਤੇ ਜਿਨ੍ਹਾਂ ਨੇ ਆਪਣੀ ਪ੍ਰਭੂ ਭਗਤੀ ਦੁਆਰਾ ਬਾਣੀ ਦੀ ਰਚਨਾ ਕੀਤੀ ਅਤੇ ਜਿਨ੍ਹਾਂ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸੁਸ਼ੋਭਿਭ ਕੀਤਾ। ਉਹਨਾਂ ਵਿਚੋਂ ਇਕ ਸਨ: ਸਾਦਗੀ ਅਤੇ ਸ਼ਰਧਾ ਦੇ ਪ੍ਰਤੀਕ - 'ਭਗਤ ਧੰਨਾ ਜੀ'। ਭਗਤ ਧੰਨਾ ਜੀ ਦਾ ਜਨਮ 1416 ਈ: ਨੂੰ ਰਾਜਪੂਤਾਨੇ ਦੇ ਇਕ ਪਿੰਡ ਧੁਆਨ ਵਿਖੇ ਜੱਟ ਪਰਿਵਾਰ ਵਿਚ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਜੀ ਅਨੁਸਾਰ ਟਾਂਕ ਦੇ ਇਲਾਕੇ ਵਿਚ ਦੇਉਲੀ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਇਹ ਪਿੰਡ ਸਥਿਤ ਹੈ। ਭਗਤ ਧੰਨਾ ਜੀ ਨੇ ਬਚਪਨ ਵਿਚ ਹੀ ਆਪਣੇ ਪਿਤਾ-ਪੁਰਖੀ ਧੰਦੇ ਕਿਰਸਾਨੀ ਅਤੇ ਪਸ਼ੂ ਚਾਰਣ ਨੂੰ ਆਪਣਾ ਕਿੱਤਾ ਅਪਣਾਇਆ। ਆਪ ਜੀ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਇਹੀ ਕਾਰਨ ਸੀ ਕਿ ਵੱਡੇ ਹੋ ਕੇ ਆਪ ਜੀ ਇਕ ਮਹਾਨ ਭਗਤ ਬਣੇ।

ਭਾਈ ਕਾਨ੍ਹ ਸਿੰਘ ਨਾਭਾ ਜੀ ਇਹ ਵੀ ਦੱਸਦੇ ਹਨ ਕਿ ਆਪ ਜੀ ਦੀ ਜਾਤੀ ਜੱਟ ਜ਼ਿਮੀਂਦਾਰ ਸੀ ਅਤੇ ਹੋਰ ਕਈ ਇਤਿਹਾਸਕਾਰਾਂ ਨੇ ਵੀ ਆਪ ਜੀ ਦੀ ਜਾਤ ਜੱਟ ਹੋਣ ਦਾ ਵੇਰਵਾ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਵੀ ਆਪ ਜੀ ਦੇ ਜੱਟ ਜ਼ਿਮੀਂਦਾਰ ਹੋਣ ਦਾ ਪਤਾ ਚੱਲਦਾ ਹੈ। ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ :


ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥

ਆਪ ਜੀ ਪਾਲੀ ਦੇ ਤੌਰ 'ਤੇ ਵਿਚਰਦੇ ਸਨ ਅਤੇ ਸਾਰੇ ਨਗਰ ਦੀਆਂ ਗਊਆਂ ਚਾਰਣ ਜਾਂਦੇ ਸਨ। ਇਹ ਗੱਲ ਵੀ ਸੱਚ ਹੈ ਕਿ ਆਪ ਜੀ ਦੇ ਪਿਤਾ ਜੀ ਦਾ ਦੇਹਾਂਤ ਆਪ ਜੀ ਦੇ ਬਚਪਨ ਵਿਚ ਹੀ ਹੋ ਗਿਆ ਸੀ, ਜਿਸ ਕਰਕੇ ਗਰੀਬੀ-ਵੱਸ ਆਪ ਜੀ ਨੂੰ ਗਊਆਂ ਦਾ ਪਾਲੀ ਬਣਨਾ ਪਿਆ ਅਤੇ ਆਪ ਕਿਸਾਨੀ ਕੰਮ ਵੀ ਕਰਦੇ ਸਨ। ਪਰ ਆਪ ਜੀ ਦਾ ਜੀਵਨ ਕਿਰਤੀ ਹੋਣ ਕਾਰਨ ਆਪ ਜੀ ਵਿਚ ਸਾਦਗੀ ਅਤੇ ਸੱਚਾਈ ਵਰਗੇ ਗੁਣ ਮੌਜੂਦ ਹੋ ਗਏ। ਭਗਤ ਧੰਨਾ ਜੀ ਭਾਵੇਂ ਗ੍ਰਹਿਸਥ ਜੀਵਨ ਦੇ ਪੱਕੇ ਹਿਮਾਇਤੀ ਸਨ ਪਰ ਆਪ ਜੀ ਦੇ ਵਿਆਹ ਅਤੇ ਸੰਤਾਨ ਬਾਰੇ ਕੋਈ ਵੇਰਵਾ ਨਹੀਂ ਮਿਲਦਾ। ਆਪ ਜੀ ਨੇ ਚੰਗੀ ਪਤਨੀ ਪ੍ਰਾਪਤ ਕਰਨ ਦੀ ਇੱਛਾ ਨੂੰ ਆਪਣੀ ਬਾਣੀ ਦੇ ਵਿਚ ਵੀ ਦਰਸਾਇਆ ਹੈ। 

ਭਗਤ ਧੰਨਾ ਜੀ ਦਾ ਪਰਮਾਤਮਾ ਵਿਚ ਅਨਿੰਨ ਵਿਸ਼ਵਾਸ ਸੀ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਉਸ  ਵਿਚ ਗੁਰੂ ਅਰਜਨ ਸਾਹਿਬ ਜੀ ਨੇ ਵੀ "ਧੰਨਾ ਸੇਵਿਆ ਬਾਲ ਬੁਧਿ" ਆਖ ਕੇ ਧੰਨੇ ਦਾ ਪ੍ਰਭੂ ਮਿਲਾਪ ਦਾ ਜ਼ਿਕਰ ਵੀ ਕੀਤਾ ਹੈ। ਧੰਨਾ ਭਗਤ ਭਾਵੇਂ ਸ਼ੁਰੂ-ਸ਼ੁਰੂ ਵਿਚ ਮੂਰਤੀ ਪੂਜਾ ਕਰਦੇ ਸਨ ਪਰ ਬਾਅਦ ਵਿਚ ਆਪ ਨਿਰੰਕਾਰ ਦੀ ਭਗਤੀ ਵਿਚ ਲੀਨ ਹੋ ਗਏ। ਭਗਤ ਧੰਨਾ ਜੀ ਨੇ ਵੀ ਗੁਰੂ ਧਾਰਨ ਕਰਕੇ ਬ੍ਰਹਮ-ਗਿਆਨ ਪ੍ਰਾਪਤ ਕਰ ਲਿਆ ਸੀ ਅਤੇ ਉਹ ਉੱਚੀ ਅਧਿਆਤਮਿਕ ਸ਼ਕਤੀ ਨੂੰ ਪ੍ਰਾਪਤ ਹੋ ਕੇ ਆਮ ਲੋਕਾਂ ਤੋਂ ਬਹੁਤ ਉੱਚੇ ਉੱਠ ਗਏ। ਕਿਹਾ ਜਾਂਦਾ ਹੈ ਕਿ ਜਦੋਂ ਬ੍ਰਾਹਮਣ ਨੇ ਭਗਤ ਧੰਨਾ ਜੀ ਨੂੰ ਪ੍ਰਭੂ ਦੇ ਦਰਸ਼ਨ ਕਰਵਾਉਣ ਲਈ ਕਿਹਾ ਤਾਂ ਬ੍ਰਾਹਮਣ ਦੇ ਵਾਰ-ਵਾਰ ਕਹਿਣ 'ਤੇ ਅਤੇ ਧੰਨਾ ਜੀ ਦੀ ਅਰਜ਼ੋਈ ਸਦਕਾ ਪ੍ਰਭੂ ਨੇ ਬ੍ਰਾਹਮਣ ਨੂੰ ਵੀ ਦਰਸ਼ਨ ਦੇ ਦਿੱਤੇ। 

ਭਗਤ ਧੰਨਾ ਜੀ ਦੇ ਤਿੰਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਬਦ ਆਸਾ ਰਾਗ ਵਿਚ ਅਤੇ ਇਕ ਸ਼ਬਦ ਧਨਾਸਰੀ ਰਾਗ ਦੇ ਵਿਚ ਹੈ। ਆਪਣੀ ਬਾਣੀ ਵਿਚ ਧੰਨਾ ਜੀ ਨੇ ਪਰਮਾਤਮਾ ਨੂੰ ਕਈ ਨਾਂਵਾਂ ਨਾਲ ਸੰਬੋਧਿਤ ਕੀਤਾ ਹੈ : ਜਿਵੇਂ ਪਰਮ ਪੁਰਖ, ਅਛਲੀ, ਪ੍ਰਭੂ, ਧਰਣੀਧਰ, ਦਯਾਲ, ਕਰਤਾ, ਖਸਮੁ, ਪਰਮਾਨੰਦ, ਗੋਪਾਲ, ਮਨੋਹਰ, ਦਮੋਦਰ ਆਦਿ। ਆਪ ਜੀ ਆਪਣੀ ਬਾਣੀ 'ਚ ਸਮਝਾਉਣ ਦਾ ਯਤਨ ਕਰਦੇ ਹਨ ਕਿ ਸਭ ਜੀਵਾਂ ਦੀ ਰੱਖਿਆ ਕਰਨ ਵਾਲਾ ਅਤੇ ਪਾਲਣਹਾਰ ਪ੍ਰਭੂ ਪਰਮਾਤਮਾ ਇਕ ਹੀ ਹੈ, ਜੋ ਹਰ ਥਾਂ 'ਤੇ ਹਰ ਪ੍ਰਾਣੀ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ। 

ਭਗਤ ਧੰਨਾ ਜੀ ਸਾਨੂੰ ਇਹ ਵੀ ਸਮਝਾਉਂਦੇ ਹਨ ਕਿ ਪਰਮਾਤਮਾ ਕਰਤਾ ਪੁਰਖ ਹੈ ਤੇ ਸਭ ਕੁਝ ਉਹੀ ਹੁੰਦਾ ਹੈ, ਜੋ ਉਹ ਕਰਦਾ ਹੈ। ਉਹੀ ਆਪਣੇ ਭਗਤਾਂ ਦੇ ਸਾਰੇ ਕਾਰਜ ਸੰਵਾਰਦਾ ਹੈ ਤੇ ਇਸ ਲਈ ਉਹ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਨ :

ਗੋਪਾਲ ਤੇਰਾ ਆਰਤਾ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥

 ਭਗਤ ਧੰਨਾ ਜੀ ਦਾ ਜੀਵਨ ਸਰਬ-ਸੰਤੋਖ ਨਾਲ ਭਰਿਆ ਹੋਇਆ ਹੈ। ਉਹ ਕੋਈ ਲਾਲਚ ਨਾ ਕਰਦੇ ਹੋਏ ਲੋੜ ਅਨੁਸਾਰ ਹੀ ਪਰਮਾਤਮਾ ਤੋਂ ਮੰਗ ਕਰਦੇ ਹਨ ਪਰ ਉਹ ਹਰ ਉੱਤਮ ਚੀਜ਼ ਦੀ ਮੰਗ ਕਰਦੇ ਹਨ ਤਾਂ ਕਿ ਇਸ ਜੀਵਨ ਨੂੰ ਉੱਤਮ ਬਣਾਇਆ ਜਾਵੇ। ਜੀਵਨ ਦੀਆਂ ਨਿਤਾ-ਪ੍ਰਤੀ ਦੀਆਂ ਲੋੜਾਂ ਦੀ ਮੰਗ ਕਰਦੇ ਪ੍ਰਭੂ ਅੱਗੇ ਬੇਨਤੀ ਕਰਦੇ ਹਨ। ਜਿਨ੍ਹਾਂ ਦਾ ਜ਼ਿਕਰ ਅਸੀਂ ਰੋਜ਼ ਸ਼ਾਮ ਨੂੰ ਆਰਤੀ ਦੇ ਸ਼ਬਦ ਵਿਚ ਵੀ ਕਰਦੇ ਹਾਂ। ਭਗਤ ਧੰਨਾ ਜੀ ਅਨੁਸਾਰ:

ਦਾਲਿ ਸੀਧਾ ਮਾਗਉ ਘੀਉ॥

ਹਮਰਾ ਖੁਸੀ ਕਰੈ ਨਿਤ ਜੀਉ॥

ਪਨੑੀਆ ਛਾਦਨੁ ਨੀਕਾ॥

ਅਨਾਜੁ ਮਗਉ ਸਤ ਸੀ ਕਾ॥

ਗਊ ਭੈਸ ਮਗਉ ਲਾਵੇਰੀ॥

ਇਕ ਤਾਜਨਿ ਤੁਰੀ ਚੰਗੇਰੀ॥

ਘਰ ਕੀ ਗੀਹਨਿ ਚੰਗੀ॥

ਜਨੁ ਧੰਨਾ ਲੇਵੈ ਮੰਗੀ॥

ਭਗਤ ਜੀ ਪਰਮਾਤਮਾ ਪਾਸੋਂ ਮੰਗੀਆਂ ਇਹਨਾਂ ਸਾਰੀਆਂ ਵਸਤਾਂ ਨੂੰ ਜ਼ਰੂਰੀ ਮੰਨਦੇ ਹਨ। ਭਗਤ ਕਬੀਰ ਜੀ ਦੀ ਬਾਣੀ ਵਿਚ ਵੀ ਜ਼ਿਕਰ ਆਉਂਦਾ ਹੈ ਕਿ ਭਗਤੀ ਵੀ ਭੁਖਿਆਂ ਤੋਂ ਨਹੀਂ ਹੁੰਦੀ। ਜੀਵਨ ਗੁਜ਼ਾਰਨ ਲਈ ਕੁਝ ਲੋੜਾਂ ਦੀ ਪੂਰਤੀ ਅਤਿ ਜ਼ਰੂਰੀ ਹੁੰਦੀ ਹੈ। ਭਗਤ ਕਬੀਰ ਜੀ ਦੇ ਇਸ ਪਵਿੱਤਰ ਕਥਨ ਬਾਰੇ ਗੁਰਬਾਣੀ ਵਿਚ ਜ਼ਿਕਰ ਮਿਲਦਾ ਹੈ :

ਭੂਖੇ ਭਗਤਿ ਨ ਕੀਜੈ॥

ਯਹ ਮਾਲਾ ਅਪਨੀ ਲੀਜੈ॥

 ਹਉ ਮਾਂਗਉ ਸੰਤਨ ਰੇਨਾ॥

 ਮੈ ਨਾਹੀ ਕਿਸੀ ਕਾ ਦੇਨਾ॥

ਮਾਧੋ ਕੈਸੀ ਬਨੈ ਤੁਮ ਸੰਗੇ॥

ਆਪਿ ਨ ਦੇਹੁ ਤ ਲੇਵਉ ਮੰਗੇ॥

ਭਗਤ ਜੀ ਦਾ ਵਿਚਾਰ ਸੀ ਕਿ ਸਰੀਰ ਨੂੰ ਕਸ਼ਟ ਦੇਣਾ, ਭੁੱਖੇ-ਨੰਗੇ ਰਹਿਣਾ, ਨੰਗੇ ਪੈਰੀਂ ਫਿਰਨਾ, ਚੁੱਪ ਸਾਧਨਾ ਜਾਂ ਹੋਰ ਕਈ ਤਰ੍ਹਾਂ ਦੇ ਤਨ ਨੂੰ ਕਸ਼ਟ ਦੇਣ ਨਾਲ ਅਸੀਂ ਕਿਸੇ ਨੂੰ ਤਿਆਗੀ ਨਹੀਂ ਕਹਿ ਸਕਦੇ। ਕੇਵਲ ਸਬਰ-ਸੰਤੋਖ ਹੀ ਮਨੁੱਖ ਨੂੰ ਵਾਧੂ ਇਛਾਵਾਂ ਤੋਂ ਬਚਾ ਸਕਦੇ ਹਨ। ਮਾਇਆ ਦੀ ਤ੍ਰਿਸ਼ਨਾ ਨੂੰ ਭਗਤ ਧੰਨਾ ਜੀ ਨੇ 'ਬਿਖ ਫਲ' ਦਾ ਨਾਮ ਹੀ ਦਿੱਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਮੂਰਖ ਲੋਕਾਂ ਨੂੰ ਮਾਇਆ ਦਾ ਇਹ 'ਬਿਖ ਫਲ' ਮਿੱਠਾ ਲੱਗਦਾ ਹੈ ਅਤੇ ਇਸ ਤਰ੍ਹਾਂ ਉਸ ਮਨੁੱਖ ਦਾ ਮਨ ਚੰਗੇ ਵਿਚਾਰਾਂ ਤੋਂ ਦੂਰ ਚਲਿਆ ਜਾਂਦਾ ਹੈ। ਉਹ ਫ਼ੁਰਮਾਉਂਦੇ ਹਨ:

ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ॥

ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ॥

ਇਸ ਤਰ੍ਹਾਂ ਭਗਤ ਜੀ ਆਪਣੇ ਤਿੰਨ ਸ਼ਬਦਾਂ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ ਭਗਤੀ ਰਾਹੀਂ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ ਅਤੇ ਮਨੁੱਖ ਜਨਮ-ਮਰਨ ਦੇ ਚੱਕਰਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਤਰ੍ਹਾਂ ਭਗਤ ਜੀ ਦੀ ਬਾਣੀ ਬਹੁਤ ਅਧਿਆਤਮਕ ਹੈ ਤੇ ਜੀਵਨ ਦੀਆਂ ਲੋੜਾਂ ਨੂੰ ਸੀਮਤ ਰੱਖ ਕੇ ਮਨ ਦੀ ਤ੍ਰਿਪਤੀ ਤੱਕ ਪਹੁੰਚਿਆ ਜਾ ਸਕਦਾ ਹੈ। ਭਗਤ ਧੰਨਾ ਜੀ ਦੀ ਬਾਣੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ 694-95 'ਤੇ ਦਰਜ਼ ਹੈ, ਮਨੁੱਖੀ ਜੀਵਨ ਲਈ ਬਹੁਤ ਹੀ ਸਾਰਥਕ ਹੈ। ਇੱਕ ਲੇਖਕ ਅਨੁਸਾਰ ਜਦੋਂ ਭਗਤ ਧੰਨਾ ਜੀ ਦੀ ਬਾਣੀ ਵੱਲ ਝਾਤ ਮਾਰਦੇ ਹਾਂ ਤਾਂ ਭਗਤ ਧੰਨਾ ਜੀ ਦੀ ਬਾਣੀ ਦੀ ਕਾਵਿ-ਸ਼ੈਲੀ ਬਾਰੇ ਪਤਾ ਲੱਗਦਾ ਹੈ ਕਿ ਭਗਤ ਜੀ ਨੇ ਸਾਧ ਭਾਸ਼ਾ ਦੇ ਨਾਲ ਅਰਬੀ ਤੇ ਸੰਸਕ੍ਰਿਤ ਭਾਸ਼ਾ ਦੀ ਵੀ ਵਰਤੋਂ ਕੀਤੀ ਹੈ ਜਿਸ ਤਰ੍ਹਾਂ ਤਾਜਨਿ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਮਨੋਹਰ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ। ਪਰ ਆਮ ਤੌਰ 'ਤੇ ਭਗਤ ਜੀ ਦੀ ਬਾਣੀ ਵਿਚ ਆਮ ਲੋਕਾਂ ਦੀ ਭਾਸ਼ਾ ਵਧੇਰੇ ਵਰਤੀ ਗਈ ਹੈ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਭਗਤ ਧੰਨਾ ਜੀ ਕਾਵਿ ਸ਼ੈਲੀ ਬਾਕੀ ਭਗਤ ਸਾਹਿਬਾਨਾਂ ਦੀ ਕਾਵਿ-ਸ਼ੈਲੀ ਨਾਲ ਮਿਲਦੀ-ਜੁਲਦੀ ਹੈ। ਆਪ ਜੀ ਦੀ ਬਾਣੀ ਬਹੁਤ ਹੀ ਰਸਮਈ ਅਤੇ ਮਿੱਠੀ ਹੋਣ ਕਾਰਣ ਆਮ ਕਰਕੇ ਗੁਰੂ ਘਰਾਂ ਵਿਚ ਕੀਰਤਨ ਲਈ ਗਾਈ ਜਾਂਦੀ ਹੈ। ਇਸ ਤਰ੍ਹਾਂ ਆਪਣੀ ਬਾਣੀ ਸਦਕਾ ਆਪ ਜੀ ਭਗਤੀ ਲਹਿਰ ਦੀ ਮਾਲਾ ਦੇ ਅਨਮੋਲ ਮੋਤੀ ਬਣ ਗਏ ਅਤੇ ਆਪ ਜੀ ਨੂੰ ਵੱਡੇ ਭਾਗਾਂ ਵਾਲਾ ਕਹਿ ਕੇ ਵਡਿਆਈ ਦਿੱਤੀ ਜਾਂਦੀ ਹੈ। ਆਪਣੀ ਭਗਤੀ, ਸਾਦਗੀ, ਨਿਮਰਤਾ ਅਤੇ ਸੰਤੋਖ ਦੇ ਕਾਰਣ ਧੰਨਾ ਜੀ ਸੱਚਮੁੱਚ ਸੰਸਾਰ ਵਿਚ ਧੰਨ-ਧੰਨ ਹੋ ਗਏ।


- PTC NEWS

Top News view more...

Latest News view more...