ਘਰੇਲੂ ਝਗੜੇ ਦਾ ਭਿਆਨਕ ਨਤੀਜਾ, ਔਰਤ ਨੇ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੀਤੀ ਖ਼ੁਦਕੁਸ਼ੀ

By  Panesar Harinder May 8th 2020 04:39 PM

ਜਲਾਲਾਬਾਦ - ਪਰਿਵਾਰਕ ਝਗੜਿਆਂ ਵਿੱਚ ਸਹਿਣਸ਼ੀਲਤਾ ਦਾ ਪੱਲਾ ਛੱਡ ਦੇਣ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ, ਇਸ ਦੀ ਇੱਕ ਉਦਾਹਰਣ ਜਲਾਲਾਬਾਦ ਵਿਖੇ ਸਾਹਮਣੇ ਆਈ ਜਿੱਥੇ ਇੱਕ ਔਰਤ ਆਪਣੀ ਜਾਨ ਤੋਂ ਹੱਥ ਧੋ ਬੈਠੀ ਅਤੇ ਇੱਕ ਮਾਸੂਮ ਬੱਚੇ ਦੇ ਸਿਰੋਂ ਮਾਂ ਦਾ ਸਾਇਆ ਉੱਠ ਗਿਆ। ਜਲਾਲਾਬਾਦ ਸ਼ਹਿਰ ਦੀ ਸ਼੍ਰੀਰਾਮ ਸ਼ਰਨਮ ਕਾਲੋਨੀ 'ਚ ਸਹੁਰੇ ਘਰ 'ਚ ਹੋਏ ਝਗੜੇ ਕਾਰਨ ਪਰੇਸ਼ਾਨ ਹੋਈ ਇੱਕ ਵਿਆਹੁਤਾ ਨੇ ਆਪਣੇ ਪੇਕੇ ਘਰ ਜਾ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮਿ੍ਤਕਾ ਦੀ ਪਛਾਣ ਨਾਜ਼ ਕੱਕੜ (30) ਪੁੱਤਰੀ ਰਾਕੇਸ਼ ਕੱਕੜ ਵਜੋਂ ਹੋਈ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਾਜ਼ ਦਾ ਵਿਆਹ ਕਰੀਬ 4 ਸਾਲ ਪਹਿਲਾਂ ਸਮੀਰ ਵਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਜਲਾਲਾਬਾਦ ਨਾਲ ਹੋਇਆ ਸੀ। ਇਸ ਵਿਆਹ ਤੋਂ ਉਸ ਕੋਲ ਇੱਕ ਬੇਟਾ ਵੀ ਹੈ। ਪਰਿਵਾਰਕ ਕਲੇਸ਼ ਤੇ ਘਰੇਲੂ ਝਗੜਿਆਂ ਦੇ ਚੱਲਦਿਆਂ, ਨਾਜ਼ ਦਾ ਸਹੁਰੇ ਪਰਿਵਾਰ ਨਾਲ ਅਕਸਰ ਵਿਵਾਦ ਛਿੜਿਆ ਰਹਿੰਦਾ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਨਾਜ਼ ਦਾ ਮੁੜ ਸਹੁਰੇ ਪਰਿਵਾਰ ਨਾਲ ਝਗੜਾ ਹੋਇਆ ਤੇ ਇਸੇ ਝਗੜੇ ਕਾਰਨ ਰੁੱਸ ਕੇ ਉਹ ਆਪਣੇ ਪੇਕੇ ਘਰ ਆ ਗਈ ਤੇ ਵੀਰਵਾਰ ਤੜਕਸਾਰ ਆਪਣੇ ਬੇਟੇ ਨੂੰ ਲੈਣ ਲਈ ਸਹੁਰੇ ਘਰ ਗਈ। ਪਰ ਸਹੁਰੇ ਪਰਿਵਾਰ ਵੱਲੋਂ ਉਸ ਦੇ ਬੇਟੇ ਨੂੰ ਉਸ ਨਾਲ ਨਹੀਂ ਆਉਣ ਦਿੱਤਾ ਗਿਆ, ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਨਾਜ਼ ਆਪਣੇ ਘਰ ਵਾਪਸ ਆਈ ਤੇ ਕਰੀਬ 12.30 ਵਜੇ ਉਸ ਨੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ।

ਇਸ ਮਾਮਲੇ ਸਬੰਧੀ ਗੱਲ ਕਰਦਿਆਂ ਐੱਸ.ਐੱਚ.ਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਘਰੇਲੂ ਝਗੜੇ 'ਚੋਂ ਉਪਜੇ ਕਲੇਸ਼ ਨੇ ਇੱਕ ਬੱਚੇ ਨੂੰ ਮਾਂ ਤੋਂ, ਇੱਕ ਪਤੀ ਨੂੰ ਉਸ ਦੀ ਜੀਵਨ ਸਾਥਣ ਤੋਂ ਤੇ ਮਾਪਿਆਂ ਨੂੰ ਉਨ੍ਹਾਂ ਦੀ ਧੀ ਨਾਲੋਂ ਸਦਾ ਵਾਸਤੇ ਵਿਛੋੜ ਦਿੱਤਾ। ਪੰਜਾਬੀ 'ਚ ਇੱਕ ਕਹਾਵਤ ਆਮ ਬੋਲੀ ਜਾਂਦੀ ਹੈ ਕਿ 'ਕਲੇਸ਼ ਦਾ ਮੂੰਹ ਕਾਲ਼ਾ'। ਸੋ ਪਰਿਵਾਰ ਦੇ ਹਰ ਜੀਅ ਦਾ ਫ਼ਰਜ਼ ਹੈ ਕਿ ਸੁੱਖ ਸ਼ਾਂਤੀ ਬਣਾਏ ਰੱਖਣ ਲਈ ਆਪਣੇ ਬਣਦੇ ਫ਼ਰਜ਼ ਇਮਾਨਦਾਰੀ ਨਾਲ ਨਿਭਾਵੇ।

Related Post