ਬੰਦੀ ਸਿੱਖ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ ਜਾਨਣ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

By  Riya Bawa July 4th 2022 07:47 PM

ਅੰਮ੍ਰਿਤਸਰ: ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ ’ਚ ਨਜ਼ਰਬੰਦ ਚਲੇ ਆ ਰਹੇ ਸਿੱਖ ਭਾਈ ਗੁਰਦੀਪ ਸਿੰਘ ਖੈੜਾ ਜੋ ਸਿਹਤ ਠੀਕ ਨਾ ਹੋਣ ਕਾਰਨ ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ-ਇਲਾਜ਼ ਹਨ, ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਸਪਤਾਲ ਪਹੁੰਚ ਕੇ ਹਾਲ ਜਾਣਿਆ। ਉਨ੍ਹਾਂ ਭਾਈ ਖੈੜਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਐਡਵੋਕੇਟ ਧਾਮੀ ਨੇ ਉਨ੍ਹਾਂ ਨਾਲ ਕੁਝ ਸਮਾਂ ਵਿਚਾਰ-ਚਰਚਾ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਸਟਾਫ਼ ਨੂੰ ਭਾਈ ਖੈੜਾ ਦੀ ਦੇਖਭਾਲ ਲਈ ਸੰਜੀਦਾ ਯਤਨ ਕਰਨ ਲਈ ਕਿਹਾ।

ਬੰਦੀ ਸਿੱਖ ਭਾਈ ਖੈੜਾ ਦਾ ਹਾਲ ਚਾਲ ਪੁੱਛਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਦੇਸ਼ ਦੀਆਂ ਜੇਲ੍ਹਾਂ ਵਿਚ 30-30 ਸਾਲਾਂ ਤੋਂ ਸਜ਼ਾਂ ਭੁਗਤ ਰਹੇ ਬੰਦੀ ਸਿੰਘਾਂ ਨੂੰ ਸਰਕਾਰਾਂ ਵੱਲੋਂ ਰਿਹਾਅ ਨਾ ਕਰਨਾ, ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ, ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਸਿੱਖਾਂ ਨੇ ਆਪਣੀਆਂ ਸਜ਼ਾਵਾਂ ਤੋਂ ਜ਼ਿਆਦਾ ਸਮਾਂ ਜ਼ੇਲ੍ਹਾਂ ਵਿਚ ਕੱਟਿਆ ਹੈ। ਉਨ੍ਹਾਂ ਕਿਹਾ ਕਿ ਭਾਈ ਖੈੜਾ ਵੀ ਇਨ੍ਹਾਂ ਸਿੰਘਾਂ ਵਿੱਚੋਂ ਇਕ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਚੁੱਕੇ ਹਾਂ, ਪਰ ਅਜੇ ਤੀਕ ਕੋਈ ਸਾਰਥਕ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਬੰਦੀ ਸਿੰਘਾਂ ਦੇ ਮਾਮਲੇ ’ਤੇ ਹਮਦਰਦੀ ਨਾਲ ਗੌਰ ਕਰਨਾ ਚਾਹੀਦਾ ਹੈ ਅਤੇ ਲੰਮੀਆਂ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਭਾਈ ਖੈੜਾ ਦਾ ਹਾਲ ਜਾਨਣ ਮੌਕੇ ਐਡਵੋਕੇਟ ਧਾਮੀ ਨੇ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ  ਸੁਖਰਾਜ ਸਿੰਘ ਤੋਂ ਇਲਾਵਾ ਸਿੱਖ ਆਗੂ ਪ੍ਰੋ. ਬਲਜਿੰਦਰ ਸਿੰਘ ਵੀ ਮੌਜੂਦ ਸਨ।

-PTC News

Related Post