ਪਟਿਆਲਾ ਜ਼ਿਲ੍ਹੇ 'ਚ ਬੇਅਦਬੀ ਦੀ ਘਟਨਾ ਹੋਈ, ਪੁਲਿਸ ਵੱਲੋਂ ਜਾਂਚ ਸ਼ੁਰੂ

By  Ravinder Singh May 16th 2022 06:11 PM -- Updated: May 16th 2022 06:58 PM

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਕਰਹਾਲੀ ਸਾਹਿਬ ਵਿਖੇ ਬੇਆਦਬੀ ਨਾਲ ਜੁੜੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਿੰਡ ਕਰਹਾਲੀ ਸਾਹਿਬ ਦੇ ਗੁਰਦੁਆਰਾ ਨਜ਼ਦੀਕ ਤੋਂ ਲੰਘ ਰਹੇ ਨਹਿਰੀ ਰਜਬਾਹੇ ਵਿੱਚੋਂ ਗੁਟਕਾ ਸਾਹਿਬ ਦੇ ਅੰਗ, ਸ੍ਰੀ ਸਾਹਿਬ, ਕੜਾ ਤੇ ਹੋਰ ਸਮਾਨ ਪਿਆ ਮਿਲਿਆ ਹੈ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਰਜਬਾਹੇ ਦੀ ਸਫ਼ਾਈ ਕਰ ਰਹੇ ਮਨਰੇਗਾ ਮਜ਼ਦੂਰਾਂ ਦੀ ਨਜਰ ਇਸ ਉਤੇ ਪਈ। ਜਿਸ ਸਬੰਧੀ ਤੁਰੰਤ ਪੁਲਿਸ ਚੌਂਕੀ ਰਾਮਨਗਰ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਹਰਕਤ ਵਿੱਚ ਆਈ ਸਬੰਧਤ ਚੌਂਕੀ ਦੀ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਭਾਈ ਸਾਹਿਬ ਤੋਂ ਅਰਦਾਸ ਬੇਨਤੀ ਕਰਵਾਉਣ ਤੋਂ ਬਾਅਦ ਗੁਰਬਾਣੀ ਦੇ ਨਿੱਤਨੇਮ ਗੁਟਕਾ ਸਾਹਿਬ ਨੂੰ ਰਜਬਾਹੇ ਤੋਂ ਚੁੱਕ ਕੇ ਨੇੜਲੇ ਇਤਿਹਾਸਕ ਅਸਥਾਨ ਕਰਹਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ।

ਇਸ ਤੋਂ ਬਾਅਦ ਘਟਨਾ ਦਾ ਪਤਾ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਤੋਂ ਸਮੁੱਚੇ ਵਫਦ ਸਮੇਤ ਮੌਕੇ ਉਤੇ ਪਹੁੰਚੇ। ਜਿਨ੍ਹਾਂ ਨੇ ਇਸ ਮੰਦਭਾਗੀ ਘਟਨਾ ਦੀ ਸਖਤ ਨਿਖੇਧੀ ਕੀਤੀ। ਘਟਨਾ ਸਥਾਨ ਉਤੇ ਪੁਲਿਸ ਟੀਮ ਨਾਲ ਮੁਆਇਨਾ ਕਰਨ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਦੀਪਕ ਪਾਰਿਕ, ਐਸ.ਡੀ.ਐਮ ਇਸ਼ਮਤ ਵਿਜੇ ਸਿੰਘ, ਐਸ.ਪੀ (ਸਿਟੀ) ਵਜੀਰ ਸਿੰਘ ਖਹਿਰਾ, ਡੀਐਸਪੀ ਸਮਾਣਾ ਨੇ ਕਿਹਾ ਕਿ ਪੁਲਿਸ ਟੀਮ ਇਸ ਘਟਨਾ ਨਾਲ ਜੁੜੇ ਹਰੇਕ ਪਹਿਲੂ ਨੂੰ ਬੜੀ ਬਰੀਕੀ ਨਾਲ ਜਾਂਚਣ 'ਚ ਲੱਗ ਹੋਈ ਹੈ। ਫੋਰੈਂਸਿਕ ਟੀਮ ਵਲੋਂ ਪਹੁੰਚ ਕੇ ਫਿੰਗਰ ਪ੍ਰਿੰਟ ਆਦਿ ਲਏ ਗਏ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਬੂਤਾਂ ਦੇ ਆਧਾਰ ਉਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ। ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਰਿਪੋਰਟ : ਗਗਨਦੀਪ ਅਹੂਜਾ

ਇਹ ਵੀ ਪੜ੍ਹੋ : ਕਿਸਾਨ ਦੀ ਜ਼ਮੀਨ ਕੁਰਕੀ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਧਰਨਾ

Related Post