ਅਜਨਾਲਾ, ਆਵਾਨ, ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਮੁੜ ਵਿਕਸਿਤ ਕਰਨ ਲਈ ਮੰਨਜੂਰੀ

By  Jasmeet Singh September 5th 2022 05:41 PM

ਨਵੀਂ ਦਿੱਲੀ, 5 ਸਤੰਬਰ: ਪੰਜਾਬ ਦੇ ਸਰਹੱਦੀ ਖੇਤਰ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਲੈ ਕੇ ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਮਾਮਲਿਆਂ ਅਤੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਸਥਾਨਕ ਟ੍ਰਾਂਸਪੋਰਟ ਭਵਨ ਵਿਖੇ ਅਹਿਮ ਮੀਟਿੰਗ ਕੀਤੀ ਗਈ।

ਮੀਟਿੰਗ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਅਤੇ ਅਪਗਰੇਡੇਸ਼ਨ ਲਈ ਮੰਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਧੁੱਸੀ ਬੰਨ ਨਜ਼ਦੀਕ ਤੋਂ ਘੋਨੇਵਾਲਾ ਰਾਮਦਾਸ ਰੋਡ਼ ਤੋਂ ਗੁਲਗੜ ਸੜਕ ਦੇ ਨਿਰਮਾਣ ਅਤੇ ਸਰਹੱਦੀ ਬਲਾਕ ਅਜਨਾਲਾ ਵਿਚ ਅਜਨਾਲਾ-ਫਤਿਹਗੜ੍ਹ ਚੂੜੀਆਂ-ਰਾਮਦਾਸ ਸੜਕ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਕੇਂਦਰੀ ਰੋਡ ਫੰਡ (ਸੀ.ਆਰ.ਐਫ) ਤਹਿਤ ਮੰਨਜ਼ੂਰੀ ਦੇ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਹਨਾਂ ਦੋਵਾਂ ਸੜਕਾਂ ਦੇ ਵਿਕਸਿਤ ਨਾ ਹੋਣ ਕਾਰਨ ਇਸ ਇਲਾਕੇ ਦੇ ਕਰੀਬ 100 ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਨੇਪਰੇ ਚੜਨ ਨਾਲ ਇਸ ਇਲਾਕੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।

ਉਨ੍ਹਾਂ ਦੱਸਿਆ ਕਿ ਉਸਾਰੂ ਮਾਹੌਲ ਵਿਚ ਹੋਈ ਇਸ ਮੀਟਿੰਗ ਵਿਚ ਗਡਕਰੀ ਵੱਲੋਂ ਅਜਨਾਲਾ ਸ਼ਹਿਰ ਅਤੇ ਤਿੰਨ ਪਿੰਡਾਂ ਆਵਾਨ, ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਵੀ ਰੀਹੈਬਲੀਟੇਸ਼ਨ ਤਹਿਤ ਵਿਕਸਿਤ ਕਰਨ ਲਈ ਮੰਨਜ਼ੂਰੀ ਦੇ ਦਿੱਤੀ ਗਈ ਹੈ ਜਿਸਦੇ ਫੰਡ ਹਫਤੇ ਦੇ ਅੰਦਰ-ਅੰਦਰ ਜਾਰੀ ਕਰਨ ਸਬੰਧੀ ਗਡਕਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਡਕਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੂਬੇ ਦੀਆਂ ਹੋਰ ਸੜਕਾਂ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਵੀ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇਗਾ।

-PTC News

Related Post