Wed, May 15, 2024
Whatsapp

Patiala Lok Sabha: ਪਰਨੀਤ ਕੌਰ ਦੀ ਸਾਖ, ਕਾਂਗਰਸ ਦਾ ਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਚੁਣੌਤੀ, ਜਾਣੋ ਕਿੱਥੇ ਖੜ੍ਹੀ ਹੈ 'ਆਪ' !

ਹੁਣ ਤੱਕ ਪਟਿਆਲਾ ਵਿੱਚ ਮੁਕਾਬਲਾ ਕਾਂਗਰਸ, ਅਕਾਲੀ-ਭਾਜਪਾ ਗਠਜੋੜ ਅਤੇ ‘ਆਪ’ ਵਿਚਾਲੇ ਹੀ ਹੁੰਦਾ ਸੀ। ਪਰ ਇਸ ਵਾਰ ਇਸ ਸੀਟ ’ਤੇ ਸਖਤ ਮੁਕਾਬਲਾ ਹੈ।

Written by  Aarti -- April 29th 2024 03:56 PM -- Updated: April 29th 2024 04:53 PM
Patiala Lok Sabha: ਪਰਨੀਤ ਕੌਰ ਦੀ ਸਾਖ, ਕਾਂਗਰਸ ਦਾ ਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਚੁਣੌਤੀ, ਜਾਣੋ ਕਿੱਥੇ ਖੜ੍ਹੀ ਹੈ 'ਆਪ' !

Patiala Lok Sabha: ਪਰਨੀਤ ਕੌਰ ਦੀ ਸਾਖ, ਕਾਂਗਰਸ ਦਾ ਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਚੁਣੌਤੀ, ਜਾਣੋ ਕਿੱਥੇ ਖੜ੍ਹੀ ਹੈ 'ਆਪ' !

Patiala Lok Sabha Seat: ਸਾਲ 2024 ’ਚ ਬਦਲੇ ਸਿਆਸੀ ਸਮੀਕਰਨਾਂ ਕਾਰਨ ਪੰਜਾਬ ਦੀ ਸਿਆਸਤ 'ਚ ਹੌਟ ਮੰਨੀ ਜਾਂਦੀ ਪਟਿਆਲਾ ਸੀਟ 'ਤੇ ਚਹੁੰਕੋਣੀ ਮੁਕਾਬਲਾ ਹੋਣ ਜਾ ਰਿਹਾ ਹੈ। ਕਾਂਗਰਸ ਦਾ ਗੜ੍ਹ ਰਹੀ ਇਸ ਸੀਟ ਤੋਂ 'ਆਪ' ਨੇ ਆਪਣੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੂੰ ਮੈਦਾਨ 'ਚ ਉਤਾਰਿਆ, ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਭਾਜਪਾ ਨੇ ਚਾਰ ਵਾਰ ਸੰਸਦ ਮੈਂਬਰ ਪਰਨੀਤ ਕੌਰ ਅਤੇ ਅਕਾਲੀ ਦਲ ਨੇ ਐਨ ਕੇ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਹੁਣ ਤੱਕ ਪਟਿਆਲਾ ਵਿੱਚ ਮੁਕਾਬਲਾ ਕਾਂਗਰਸ, ਅਕਾਲੀ-ਭਾਜਪਾ ਗਠਜੋੜ ਅਤੇ ‘ਆਪ’ ਵਿਚਾਲੇ ਹੀ ਹੁੰਦਾ ਸੀ। ਪਰ ਇਸ ਵਾਰ ਇਸ ਸੀਟ ’ਤੇ ਸਖਤ ਮੁਕਾਬਲਾ ਹੈ। 

ਇਸ ਵਾਰ ਚੋਣਾਂ 'ਤੇ ਵੀ ਮੁੱਦੇ ਹਾਵੀ ਹੋ ਸਕਦੇ ਹਨ ਕਿਉਂਕਿ ਪਟਿਆਲਾ ਦੇ ਕਈ ਪ੍ਰਾਜੈਕਟ ਸਾਲਾਂ ਤੋਂ ਲਟਕ ਰਹੇ ਹਨ। ਉਮੀਦਵਾਰ ਹਰ ਚੋਣ ਦੌਰਾਨ ਇਨ੍ਹਾਂ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਬਾਅਦ ਵਿੱਚ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ।


ਪਟਿਆਲਾ ਸੀਟ ’ਤੇ ਇੱਕ ਝਾਂਤ

ਪਟਿਆਲਾ ਲੋਕ ਸਭਾ ਹਲਕੇ ਵਿੱਚ ਰਾਜਪੁਰਾ, ਘਨੌਰ, ਸਨੌਰ, ਪਟਿਆਲਾ (ਸ਼ਹਿਰੀ), ਪਟਿਆਲਾ (ਦਿਹਾਤੀ), ਨਾਭਾ, ਸਮਾਣਾ, ਸ਼ੁਤਰਾਣਾ ਅਤੇ ਡੇਰਾਬੱਸੀ 9 ਵਿਧਾਨ ਸਭਾ ਹਲਕੇ ਸ਼ਾਮਲ ਹਨ। ਇਸ ਸਮੇਂ ਸਾਰੇ ਹਲਕਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਪਟਿਆਲਾ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1796352 ਹੈ  ਜਿਨ੍ਹਾਂ ਵਿੱਚੋਂ 939319 ਮਰਦ, 8,56,955 ਔਰਤਾਂ ਅਤੇ 78 ਤੀਜੇ ਲਿੰਗ ਦੇ ਹਨ। 

ਸ਼ਾਹੀ ਸ਼ਹਿਰ ਕਾਂਗਰਸ ਦਾ ਗੜ੍ਹ

ਪਟਿਆਲਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਜੋ ਕਾਂਗਰਸ ਦਾ ਗੜ੍ਹ ਹੈ, 1952 ਤੋਂ ਲੈ ਕੇ ਹੁਣ ਤੱਕ ਇੱਥੇ 17 ਵਾਰ ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 11 ਵਾਰ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਕਾਂਗਰਸ ਦੇ ਰਾਮ ਪ੍ਰਤਾਪ ਗਰਗ 1952 ਵਿੱਚ ਇੱਥੋਂ ਦੇ ਪਹਿਲੇ ਸੰਸਦ ਮੈਂਬਰ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਇੱਥੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਪਹਿਲਾਂ ਉਨ੍ਹਾਂ ਨੇ 1999 ਵਿੱਚ ਪਟਿਆਲਾ ਤੋਂ ਲੋਕ ਸਭਾ ਚੋਣ ਜਿੱਤੀ ਅਤੇ ਉਸ ਤੋਂ ਬਾਅਦ ਉਹ 2004, 2009 ਅਤੇ ਫਿਰ 2019 ਵਿੱਚ ਚੁਣੀ ਗਈ।

2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ 

2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਵੋਟ ਫੀਸਦ 67.79 ਫੀਸਦੀ ਰਹੀ ਸੀ। 2019 ਦੀਆਂ ਚੋਣਾਂ ਵਿੱਚ ਪਰਨੀਤ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 162718 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪਰਨੀਤ ਕੌਰ ਨੂੰ 532027 ਅਤੇ ਰੱਖੜਾ ਨੂੰ 369309 ਵੋਟਾਂ ਮਿਲੀਆਂ। ਤੀਜੇ ਨੰਬਰ 'ਤੇ ਰਹੇ ਡਾ: ਧਰਮਵੀਰ ਗਾਂਧੀ ਨੂੰ 161645 ਵੋਟਾਂ ਮਿਲੀਆਂ। 

ਸਾਰੀਆਂ ਪਾਰਟੀਆਂ ਲਈ ਚੁਣੌਤੀ ਬਣੀ ਪਟਿਆਲਾ ਦੀ ਸੀਟ 

ਹੁਣ ਪਟਿਆਲਾ ਸੀਟ 'ਤੇ ਚੋਣ ਸਮੀਕਰਣ ਬਦਲ ਗਏ ਹਨ। ਪਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਹਨ। ਹਾਲਾਂਕਿ ਇਸ ਵਾਰ ਪਰਨੀਤ ਲਈ ਜਿੱਤ ਦਾ ਰਸਤਾ ਪਹਿਲਾਂ ਨਾਲੋਂ ਜ਼ਿਆਦਾ ਚੁਣੌਤੀਪੂਰਨ ਹੈ। ਇੱਕ ਪਾਸੇ ਚੋਣ ਪ੍ਰਚਾਰ ਦੌਰਾਨ ਉਸ ਨੂੰ ਸਾਰੇ ਹਲਕਿਆਂ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪਰਨੀਤ ਦੇ ਚੋਣ ਪ੍ਰਚਾਰ ਤੋਂ ਟਕਸਾਲੀ ਭਾਜਪਾ ਵਰਕਰ ਵੀ ਗਾਇਬ ਹਨ, ਜੋ ਉਨ੍ਹਾਂ ਨੂੰ ਟਿਕਟ ਮਿਲਣ ਤੋਂ ਨਾਖੁਸ਼ ਹਨ। ਸਾਬਕਾ ਕੈਪਟਨ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ 'ਤੇ ਖਰਾ ਨਾ ਉਤਰਨ ਨੂੰ ਲੈ ਕੇ ਲੋਕਾਂ 'ਚ ਅਜੇ ਵੀ ਗੁੱਸਾ ਹੈ ਪਰ ਪਰਨੀਤ ਕੌਰ ਦਾ ਪਟਿਆਲਾ ਦੇ ਲੋਕਾਂ 'ਚ ਕਾਫੀ ਪ੍ਰਭਾਵ ਹੈ, ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋ ਸਕਦਾ ਹੈ।

ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਦਿਲ ਦੇ ਮਾਹਿਰ ਹਨ ਅਤੇ ਸਾਫ਼-ਸੁਥਰੀ ਸ਼ਖ਼ਸੀਅਤ ਵਾਲੇ ਆਗੂ ਮੰਨੇ ਜਾਂਦੇ ਹਨ। ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਵਿੱਚ ਇੱਕ ਸਿਆਸਤਦਾਨ ਦੇ ਨਾਲ-ਨਾਲ ਡਾਕਟਰ ਵਜੋਂ ਵੀ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ, ਪਰ ਉਨ੍ਹਾਂ ਦਾ ਆਪਣੇ ਹੀ ਲੋਕਾਂ ਦਾ ਵਿਰੋਧ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ। 

ਦੂਜੇ ਪਾਸੇ ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਤੋਂ ਬਾਅਦ ਅਕਾਲੀ ਦਲ ਨੇ ਇੱਥੋਂ ਹਿੰਦੂ ਚਿਹਰੇ ਐਨ ਕੇ ਸ਼ਰਮਾ ਨੂੰ ਟਿਕਟ ਦਿੱਤੀ ਹੈ। ਡੇਰਾਬੱਸੀ ਦੇ ਸਾਬਕਾ ਵਿਧਾਇਕ ਸ਼ਰਮਾ ਬਾਰੇ ਪਟਿਆਲਾ ਦੇ ਲੋਕ ਬਹੁਤਾ ਨਹੀਂ ਜਾਣਦੇ। ਹਾਲਾਂਕਿ ਪਾਰਟੀ ਦੇ ਹੁਕਮਾਂ 'ਤੇ ਉਹ ਪਿਛਲੇ ਕੁਝ ਸਮੇਂ ਤੋਂ ਪਟਿਆਲਾ 'ਚ ਸਰਗਰਮ ਸਨ। ਅਕਾਲੀ ਦਲ ਸ਼ਰਮਾ ਰਾਹੀਂ ਹਿੰਦੂ ਵੋਟ ਬੈਂਕ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗਾ। 

ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਹਨ। 2020 ਦੇ ਦਿੱਲੀ ਮੋਰਚੇ ਵਿੱਚ ਡਾ. ਬਲਬੀਰ ਨੇ ਲੰਗਰ ਲਗਾਇਆ ਅਤੇ ਮੁਫਤ ਮੈਡੀਕਲ ਕੈਂਪ ਵੀ ਲਗਾਇਆ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Lok Sabha Elections 2024: ਕਾਂਗਰਸ ਨੇ ਪੰਜਾਬ ਦੀਆਂ 4 ਹੋਰ ਸੀਟਾਂ ਤੋਂ ਉਮੀਦਵਾਰਾਂ ਦਾ ਕੀਤਾ ਐਲਾਨ

- PTC NEWS

Top News view more...

Latest News view more...