ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਗਈ ਨਿਗਮ ਦੀ ਟੀਮ ’ਤੇ ਹਮਲਾ

By  Jasmeet Singh August 31st 2022 08:07 PM

ਗਗਨਦੀਪ ਸਿੰਘ ਅਹੂਜਾ (ਪਟਿਆਲਾ, 31 ਅਗਸਤ): ਕਰੀਬ ਦੋ ਮਹੀਨੇ ਪਹਿਲਾਂ ਨਗਰ ਨਿਗਮ ਦੀ ਲੈਂਡ ਬ੍ਰਾਂਚ ਟੀਮ ਨੇ ਪਟਿਆਲਾ ਦੇ ਵੱਡੇ ਅਰਾਈ ਮਾਜਰਾ ਵਿਖੇ ਨਾਜਾਇਜ਼ ਕਬਜ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਸੀ। ਜਿਸ ਤਹਿਤ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਨਿਗਮ ਦੀ ਜ਼ਮੀਨ ’ਤੇ ਨਿਗਮ ਦੀ ਮਾਲਕੀ ਸਬੰਧੀ ਬੋਰਡ ਵੀ ਲਾਇਆ ਗਿਆ ਸੀ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਿਗਮ ਦੀ ਜ਼ਮੀਨ ਵਿੱਚ ਲੱਗੇ ਸੂਚਨਾ ਬੋਰਡ ਨੂੰ ਚੋਰੀ ਕਰਕੇ ਕਰੀਬ 600 ਗਜ਼ ਜ਼ਮੀਨ ’ਤੇ ਨਾਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ ਗਈ ਸੀ।

ਜਿਸਦੀ ਸੂਚਨਾ ਮਿਲਦੇ ਹੀ ਅੱਜ ਨਗਰ ਨਿਗਮ ਦੇ ਲੈਂਡ ਬ੍ਰਾਂਚ ਇੰਚਾਰਜ ਸੁਪਰਡੈਂਟ ਵਿਸ਼ਾਲ ਸਿਆਲ ਸਮੇਤ ਇੰਸਪੈਕਟਰ ਮੁਨੀਸ਼ ਪੁਰੀ, ਜਤਿੰਦਰ ਕੁਮਾਰ ਪ੍ਰਿੰਸ, ਗੁਰਮੇਲ ਸਿੰਘ ਅਤੇ ਨਿਗਮ ਦੇ ਸੱਤ ਪੁਲਿਸ ਮੁਲਾਜ਼ਮ ਉਨ੍ਹਾਂ ਨਾਲ ਮੌਕੇ 'ਤੇ ਪਹੁੰਚੇ। ਜਿਵੇਂ ਹੀ ਨਿਗਮ ਦੀ ਟੀਮ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਬਜ਼ਾ ਕਰਨ ਵਾਲਿਆਂ ਨੇ ਨਿਗਮ ਦੀ ਟੀਮ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵਿਰੋਧ ਦੇ ਬਾਵਜੂਦ ਜਦੋਂ ਨਿਗਮ ਦੀ ਟੀਮ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਅੱਗੇ ਵੱਧੀ ਤਾਂ ਕਬਜ਼ਾਧਾਰੀਆਂ ਨੇ ਨਿਗਮ ਟੀਮ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਪੱਥਰਬਾਜ਼ੀ ਦੇ ਨਾਲ ਨਗਰ ਨਿਗਮ ਦੀ ਜੇਸੀਬੀ ਮਸ਼ੀਨ ਸਮੇਤ ਪੰਜ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।

ਇਸ ਦੇ ਨਾਲ ਹੀ ਨਿਗਮ ਟੀਮ 'ਤੇ ਦਬਾਅ ਬਣਾਉਣ ਲਈ ਦੋਸ਼ੀ ਪੱਖ ਦੇ ਦੋ ਵਿਅਕਤੀਆਂ ਨੇ ਪਹਿਲਾਂ ਤੋਂ ਰੱਖਿਆ ਡੀਜ਼ਲ ਆਪਣੇ 'ਤੇ ਪਾ ਕੇ ਆਤਮਦਾਹ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਤ ਨੂੰ ਵਿਗੜਦਿਆਂ ਦੇਖ ਨਿਗਮ ਦੀ ਟੀਮ ਪੁਲਿਸ ਪਾਰਟੀ ਨਾਲ ਵਾਪਸ ਪਰਤ ਗਈ।

ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ ਪਟਿਆਲਾ ਨੂੰ ਦੇ ਦਿੱਤੀ ਹੈ। ਨਗਰ ਨਿਗਮ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਸੰਭਵ ਹੈ ਕਿ ਵੀਰਵਾਰ ਨੂੰ ਨਿਗਮ ਦੀ ਟੀਮ ਵਾਧੂ ਪੁਲਿਸ ਫੋਰਸ ਨਾਲ ਮੌਕੇ ਤੋਂ ਪੂਰੀ ਤਰ੍ਹਾਂ ਨਾਲ ਕਬਜ਼ੇ ਹਟਾ ਕੇ ਦੁਬਾਰਾ ਸੂਚਨਾ ਬੋਰਡ ਲਗਾਵੇ।

ਇਸ ਦੇ ਨਾਲ ਹੀ ਨਿਗਮ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਜਾਂ ਆਤਮਦਾਹ ਦੀ ਧਮਕੀ ਦੇਣ ਵਾਲਿਆਂ ਖ਼ਿਲਾਫ਼ ਵੀ ਪੁਲਿਸ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਫਿਲਹਾਲ ਕਬਜ਼ਾਧਾਰਕਾਂ ਵੱਲੋਂ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ।

ਸਰਕਾਰੀ ਰਿਕਾਰਡ ਅਨੁਸਾਰ ਸਨੌਰ ਰੋਡ ਤੋਂ ਲੈ ਕੇ ਅਰਾਈ ਮਾਜਰਾ ਦੀ ਮੁੱਖ ਸੜਕ ਦੇ ਸਿਰੇ ਤੱਕ ਸੱਜੇ ਪਾਸੇ ਬੰਧਾ ਰੋਡ ਦੇ ਨਾਲ ਵਾਲੀ ਸਾਰੀ ਜ਼ਮੀਨ ਨਗਰ ਨਿਗਮ ਦੀ ਹੈ। ਇਸ ਜ਼ਮੀਨ ਵਿੱਚ ਸਿਰਫ਼ ਇੱਕ ਹੀ ਐਲੀਮੈਂਟਰੀ ਸਕੂਲ ਹੈ ਪਰ ਹੋਰ ਜ਼ਮੀਨ ’ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: ਵਿੱਤ ਮੰਤਰੀ ਚੀਮਾ ਵੱਲੋਂ ਯੂਜੀਸੀ ਦੀ ਸਿਫਾਰਿਸ਼ਾਂ ਅਨੁਸਾਰ ਤਨਖ਼ਾਹਾਂ 'ਤੇ ਵਿਚਾਰ ਕਰਨ ਦਾ ਭਰੋਸਾ

-PTC News

Related Post