ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਈ ਗਈ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਬਰਸੀ

By  Jasmeet Singh October 9th 2022 11:10 AM -- Updated: October 9th 2022 11:14 AM

ਅੰਮ੍ਰਿਤਸਰ, 9 ਅਕਤੂਬਰ: ਸ੍ਰੀ ਅਕਾਲ ਤਖ਼ਤ ਸਹਾਿਬ ਦੇ ਸਨਮੁੱਖ ਸ਼ਹੀਦ ਭਾਈ ਸੁੱਖਾ-ਜਿੰਦਾ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਮਨਾਇਆ ਗਿਆ। ਦੱਸ ਦਈਏ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਗੁ. ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਵਿਚ ਸਿੱਖ ਸੰਗਤ ਸਮੇਤ ਕਈ ਮਾਣਯੋਗ ਪੰਥਕ ਸਖ਼ਸ਼ੀਅਤਾਂ ਨੇ ਹਾਜਰੀ ਭਰੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਭਾਈ ਸੁੱਖੇ ਤੇ ਭਾਈ ਜਿੰਦੇ ਦੇ ਪਰਿਵਾਰਕ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਈ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਨੇ ਆਜ਼ਾਦ ਸਿੱਖ ਰਾਸ਼ਟਰ ਦੀ ਸਿਰਜਣਾ ਲਈ ਆਪਣੇ ਸਿਰ ਦਿੱਤੇ ਸਨ ਅਤੇ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਭਾਈ ਸੁੱਖਾ ਭਾਈ ਜਿੰਦਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ 'ਚ ਗੁਰੁਦਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਮੁੱਚੀਆਂ ਸਿੱਖ ਜਥੇਬੰਦੀਆਂ ਮਿਲ ਕੇ ਵਿਸ਼ਾਲ ਸਮਾਗਮ ਦਾ ਅਯੋਜਿਨ ਹਰ ਸਾਲ ਕਰਨ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਹੀ ਸਿੱਖ ਕੌਮ ਲੋਕਾਂ ਦੇ ਹਿੱਤ ਲਈ ਖੜ੍ਹਦੀ ਰਹੀ ਅਤੇ ਹਮੇਸ਼ਾ ਖੜ੍ਹਦੀ ਰਹੇਗੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ।

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ 20ਵੀਂ ਸਦੀ ਦੇ ਸਿੱਖ ਇਤਿਹਾਸ ਦੇ ਦੋ ਸ਼ਹੀਦ ਹਨ। ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਨੇ ਸੱਚਾਈ ਲਈ ਖੜ੍ਹੇ ਹੋ ਕੇ ਸਿੱਖ ਕੌਮ ਦੇ ਦੁਸ਼ਮਣਾਂ ਵਿਰੁੱਧ ਕਾਰਵਾਈ ਕਰਨ ਦੀ ਸਿੱਖ ਇਤਿਹਾਸਿਕ ਰਵਾਇਤ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਇਤਿਹਾਸ ਨੂੰ ਦੁਹਰਾਇਆ ਅਤੇ ਸਾਬਤ ਕੀਤਾ ਕਿ ਅਤੀਤ ਦੀ ਸਿੱਖ ਭਾਵਨਾ ਵਰਤਮਾਨ ਵਿੱਚ ਵੀ ਜ਼ਿੰਦਾ ਹੈ। ਉਹ ਚੱਲ ਰਹੇ ਸਿੱਖ ਇਤਿਹਾਸ ਦੇ ਨਵੇਂ ਅਧਿਆਏ ਦਾ ਹਿੱਸਾ ਹਨ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਸਿੱਖ ਇਤਿਹਾਸ ਤੋਂ ਪ੍ਰੇਰਿਤ ਹੋ ਹਥਿਆਰ ਚੁੱਕੇ ਤੇ ਸਿੱਖ ਧਰਮ ਅਤੇ ਸਿੱਖ ਕੌਮ ਲਈ ਸ਼ਹੀਦੀਆਂ ਪਾਈਆਂ। ਉਹ ਆਪਣੇ ਬਚਨਾਂ ਦੇ ਬਲੀ ਸਨ। ਦੋਹਾਂ ਨੂੰ ਮੌਤ ਦਾ ਕੋਈ ਡਰ ਨਹੀਂ ਸੀ।

ਇਹ ਵੀ ਕਿਹਾ ਜਾਂਦਾ ਵੀ ਮੈਜਿਸਟਰੇਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਇੱਕ ਦੂਜੇ ਅਤੇ ਜੇਲ੍ਹ ਸਟਾਫ ਨੂੰ ਮਠਿਆਈਆਂ ਵੰਡੀਆਂ ਸਨ। ਉਨ੍ਹਾਂ ਨੇ ਮੈਜਿਸਟਰੇਟ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਕਬੂਲਿਆ ਅਤੇ ਆਪਣੇ ਕੰਮਾਂ ਦੇ ਨਤੀਜਿਆਂ ਨੂੰ ਸਵੀਕਾਰ ਕੀਤਾ। ਇਹ ਲੋਕ ਇਕੱਲੇ ਵਿਅਕਤੀ ਜਾਂ ਧਰਮ ਦੇ ਵਿਰੁੱਧ ਨਹੀਂ ਲੜ ਰਹੇ ਸਨ ਪਰ ਭ੍ਰਿਸ਼ਟ ਹੋ ਚੁੱਕੀ ਰਾਜਸੀ ਸ਼ਕਤੀਆਂ ਦੇ ਵਿਰੁੱਧ ਖੜੇ ਹੋਏ, ਜਿਨ੍ਹਾਂ ਨੇ ਲੋਕਾਂ ਵਿਚ ਪਾੜਾ ਪਾ ਕੇ ਨਿਰਦੋਸ਼ ਲੋਕਾਂ ਨੂੰ ਮਾਰਿਆ ਅਤੇ ਬੇਇਨਸਾਫ਼ੀ ਨੂੰ ਉਤਸ਼ਾਹਿਤ ਕੀਤਾ ਸੀ, ਭਾਈ ਸੁੱਖਾ ਤੇ ਭਾਈ ਜਿੰਦਾ ਨੇ ਨਿਆਂ ਦਿਵਾਉਣ ਦੀ ਸਿੱਖ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਸੀ।

-PTC News

Related Post