ਬੀਬੀ ਜਗੀਰ ਕੌਰ ਨੇ ਗਲੋਬਲ ਸਿੱਖ ਕੌਂਸਲ ਨਾਲ ਆਨਲਾਈਨ ਮੀਟਿੰਗ ਕਰਕੇ ਵਿਚਾਰੇ ਸਿੱਖ ਮਸਲੇ

By  Shanker Badra August 4th 2021 02:47 PM -- Updated: August 4th 2021 02:48 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗਲੋਬਲ ਸਿੱਖ ਕੌਂਸਲ ਦੇ ਅਹੁਦੇਦਾਰਾਂ ਨਾਲ ਆਨਲਾਈਨ ਮੀਟਿੰਗ ਕਰਕੇ ਪੰਥ ਦੇ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਗਲੋਬਲ ਸਿੱਖ ਕੌਂਸਲ ਦੁਨੀਆਂ ਦੇ 30 ਦੇਸ਼ਾਂ ਦੇ ਸਿੱਖਾਂ ’ਤੇ ਅਧਾਰਿਤ ਸੰਸਥਾ ਹੈ, ਜੋ ਸਿੱਖ ਕੌਮ ਨੂੰ ਗਲੋਬਲ ਪੱਧਰ ’ਤੇ ਉਭਾਰਨ ਲਈ ਯਤਨਸ਼ੀਲ ਹੈ। ਕੌਂਸਲ ਦੇ ਮੈਂਬਰਾਂ ਨਾਲ ਇਕੱਤਰਤਾ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ਵ ਅੰਦਰ ਵੱਸਦੇ ਸਿੱਖਾਂ ਦੇ ਮਸਲਿਆਂ ਸਬੰਧੀ ਚਰਚਾ ਕਰਨ ਦੇ ਨਾਲ-ਨਾਲ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਬਾਰੇ ਵੀ ਵਿਚਾਰ ਲਏ।

ਕੌਂਸਲ ਦੇ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖਾਂ ਦੀਆਂ ਵਿਸ਼ਵੀ ਪ੍ਰਾਪਤੀਆਂ ਦੇ ਨਾਲ-ਨਾਲ ਸਮੇਂ ਸਮੇਂ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਵਿਚ ਦੱਸਿਆ। ਕੌਂਸਲ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿਚ ਕਾਰਸੇਵਾ ਦੌਰਾਨ ਸਾਹਮਣੇ ਆਈ ਇਮਾਰਤ ਸਬੰਧੀ ਸ਼ਾਂਤਮਈ ਢੰਗ ਨਾਲ ਬੈਠ ਕੇ ਢੁੱਕਵਾਂ ਫੈਸਲਾ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਦਾ ਵਿਚਾਰ ਸੀ ਕਿ ਪੁਰਾਣੀਆਂ ਇਮਾਰਤਾਂ ਸਾਨੂੰ ਆਪਣੇ ਮੂਲ ਨਾਲ ਜੋੜਦੀਆਂ ਹਨ ਅਤੇ ਇਤਿਹਾਸਕ ਮਹੱਤਤਾ ਰੱਖਦੀਆਂ ਹਨ ਇਸ ਲਈ ਇਨ੍ਹਾਂ ਦੀ ਸੰਭਾਲ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਉਛਾਲਣਾ ਨਹੀਂ ਚਾਹੀਦਾ, ਸਗੋਂ ਇਸ ਦੇ ਸਰਲੀਕਰਣ ਲਈ ਮਿਲ-ਬੈਠ ਕੇ ਹੱਲ ਕੱਢਣਾ ਚਾਹੀਦਾ ਹੈ।

ਇਕੱਤਰਤਾ ਦੌਰਾਨ ਆਏ ਸੁਝਾਵਾਂ ਅਤੇ ਵਿਚਾਰਾਂ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸਕ ਮਹੱਤਤਾ ਵਾਲੀਆਂ ਇਮਾਰਤਾਂ ਨੂੰ ਸਾਂਭਣ ਲਈ ਪੰਥਕ ਵਿਦਵਾਨਾਂ ਅਤੇ ਇਤਿਹਾਸਕਾਰਾਂ ਨਾਲ ਸਲਾਹ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੈ, ਪਰੰਤੂ ਕੁਝ ਲੋਕ ਜਾਣਬੁਝ ਕੇ ਸੰਸਥਾ ਨੂੰ ਬਦਨਾਮ ਕਰਨ ਦੇ ਯਤਨ ਵਿਚ ਹਨ। ਅਜਿਹਾ ਹੀ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਕਾਰਸੇਵਾ ਦੌਰਾਨ ਸਾਹਮਣੇ ਆਈ ਇਮਾਰਤ ਦੇ ਮਾਮਲੇ ਵਿਚ ਹੋਇਆ ਹੈ। ਇਹ ਇਮਾਰਤ ਸ਼੍ਰੋਮਣੀ ਕਮੇਟੀ ਵੱਲੋਂ ਕਾਰਸੇਵਾ ਦੌਰਾਨ ਸਾਹਮਣੇ ਆਈ ਹੈ ਅਤੇ ਇਸ ਦੇ ਆਲੇ-ਦੁਆਲੇ ਨੂੰ ਛੱਡ ਕੇ ਬਾਕੀ ਥਾਂ ‘’ਤੇ ਹੀ ਸੇਵਾ ਚੱਲ ਰਹੀ ਹੈ।

ਪਹਿਲੇ ਦਿਨ ਤੋਂ ਹੀ ਇਸ ਨੂੰ ਹੂਬਹੂ ਸਥਿਤੀ ਵਿਚ ਰੱਖਿਆ ਹੋਇਆ ਹੈ। ਇਸ ਦੀ ਪੜਤਾਲ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਚੱਲ ਰਹੀ ਹੈ। ਪਹਿਲਾਂ ਪੁਰਾਤਤਵ ਵਿਭਾਗ ਦੀ ਟੀਮ ਨੇ ਇਸ ਦਾ ਮੁਆਇਨਾ ਕੀਤਾ ਹੈ ਅਤੇ ਹੁਣ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਟੂਰਿਜ਼ਮ ਵਿਭਾਗ ਪਾਸ ਕੇਸ ਭੇਜਿਆ ਜਾ ਚੁੱਕਾ ਹੈ। ਬੀਬੀ ਜਗੀਰ ਕੌਰ ਨੇ ਕੌਂਸਲ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਇਮਾਰਤ ਨੂੰ ਮਾਹਿਰਾਂ ਦੀ ਰਾਇ ਅਨੁਸਾਰ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਮਾਮਲੇ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗਲੋਬਲ ਸਿੱਖ ਕੌਂਸਲ ਦੇ ਮੈਂਬਰਾਂ ਵੱਲੋਂ ਪੰਥਕ ਮਸਲਿਆਂ ‘ਤੇ ਸੰਵਾਦ ਰਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪ੍ਰਧਾਨ ਗਲੋਬਲ ਸਿੱਖ ਕੌਂਸਲ ਤੋਂ ਬੀਬੀ ਕਮਲਜੀਤ ਕੌਰ, ਸਰਦਾਰ ਜਸਪਾਲ ਸਿੰਘ ਬੈਂਸ ਚੇਅਰਮੈਨ ਗਲੋਬਲ ਸਿੱਖ ਕੌਂਸਲ ਹੈਰੀਟੇਜ ਕਮੇਟੀ, ਮੈਂਬਰ ਸ. ਦਵਿੰਦਰਪਾਲ ਸਿੰਘ, ਮੈਂਬਰ ਸ. ਪਰਮਜੀਤ ਸਿੰਘ ਬੇਦੀ, ਹੈਰੀਟੇਜ ਬੋਰਡ ਦੇ ਮੈਂਬਰ ਡਾ. ਰਾਵਲ ਸਿੰਘ ਔਲਖ ਅਤੇ ਸਿਰਦਾਰ ਕਰਮਜੀਤ ਸਿੰਘ ਚਾਹਲ ਸਮੇਤ ਹੋਰ ਮੌਜੂਦ ਸਨ।

-PTCNews

Related Post