ਬੀਬੀ ਜੰਗੀਰ ਕੌਰ ਵੱਲੋਂ ਸਰਕਾਰ ਨੂੰ ਜਬਰ ਵਿਰੋਧੀ ਰੈਲੀ 'ਚ ਅੜਿੱਕੇ ਨਾ ਪਾਉਣ ਲਈ ਚਿਤਾਵਨੀ

By  Shanker Badra October 6th 2018 03:27 PM -- Updated: October 6th 2018 04:00 PM

ਬੀਬੀ ਜੰਗੀਰ ਕੌਰ ਵੱਲੋਂ ਸਰਕਾਰ ਨੂੰ ਜਬਰ ਵਿਰੋਧੀ ਰੈਲੀ 'ਚ ਅੜਿੱਕੇ ਨਾ ਪਾਉਣ ਲਈ ਚਿਤਾਵਨੀ:ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕੱਲ ਨੂੰ ਪਟਿਆਲਾ ਵਿਖੇ 'ਜਬਰ ਵਿਰੋਧੀ ਰੈਲੀ' ਵਿਚ ਸ਼ਾਮਿਲ ਹੋਣ ਜਾਂਦੀਆਂ ਮਹਿਲਾ ਕਾਰਕੁੰਨਾਂ ਦੇ ਰਾਹ ਵਿਚ ਅੜਿੱਕੇ ਖੜੇ ਨਾ ਕਰੇ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਇਸ ਜਬਰ ਵਿਰੋਧੀ ਰੈਲੀ ਵਿਚ ਭਾਗ ਲੈਣ ਵਾਸਤੇ ਰਾਜ ਭਰ ਵਿਚ ਮਹਿਲਾ ਕਾਰਕੁੰਨਾਂ ਅੰਦਰ ਭਾਰੀ ਜੋਸ਼ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।ਉਹਨਾਂ ਨੂੰ ਉਮੀਦ ਹੈ ਕਿ ਇਸ ਰੈਲੀ ਔਰਤਾਂ ਦੀ ਭਾਰੀ ਗਿਣਤੀ ਹੋਵੇਗੀ।

ਪੰਜਾਬ ਸਰਕਾਰ ਵੱਲੋਂ ਪਾਰਟੀ ਕਾਰਕੁੰਨਾਂ ਦੀਆਂ ਗਤੀਵਿਧੀਆਂ ਉੱਤੇ ਰੋਕਾਂ ਲਾਉਣ ਸੰਬੰਧੀ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚੋਂ ਮਿਲ ਰਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਬੀਬੀ ਜੰਗੀਰ ਕੌਰ ਨੇ ਸਾਰੀਆਂ ਮਹਿਲਾ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਘਟੀਆ ਹਥਕੰਡਿਆਂ ਅੱਗੇ ਨਾ ਝੁਕਣ ਅਤੇ ਪੂਰੀ ਤਰ੍ਹਾਂ ਡਟ ਕੇ ਪਾਰਟੀ ਦਾ ਸਾਥ ਦੇਣ।ਉਹਨਾਂ ਕਿਹਾ ਕਿ ਇਹ ਬਹੁਤ ਹੀ ਨਾਜ਼ੁਕ ਸਮਾਂ ਹੈ ਜਦੋਂ ਸੂਬਾ ਸਰਕਾਰ ਨੇ ਧੱਕੇਸ਼ਾਹੀਆਂ ਦੀ ਹੱਦ ਮੁਕਾ ਦਿੱਤੀ ਹੈ ਅਤੇ ਸਾਨੂੰ ਸਾਰਿਆਂ ਨੇ ਰਲ ਕੇ ਅਮਰਿੰਦਰ ਸਿੰਘ ਦੀ ਤਾਨਾਸ਼ਾਹ ਸਰਕਾਰ ਦਾ ਮੁਕਾਬਲਾ ਕਰਨਾ ਪੈਣਾ ਹੈ।ਉਹਨਾਂ ਕਿਹਾ ਕਿ ਔਰਤਾਂ ਆਪਣੀ ਪੰਥਕ ਪਾਰਟੀ ਦੀ ਸੇਵਾ ਵਾਸਤੇ 'ਮਾਈ ਭਾਗੋ' ਦਾ ਰੂਪ ਧਾਰਨ ਕਰ ਲਿਆ ਹੈ।

ਉਹਨਾਂ ਕਿਹਾ ਕਿ ਰੈਲੀ ਦੇ ਪ੍ਰਬੰਧਕਾਂ ਨੂੰ ਵੱਡੀ ਗਿਣਤੀ ਵਿਚ ਮਹਿਲਾ ਕਾਰਕੁੰਨਾਂ ਦੇ ਰੈਲੀ 'ਚ ਭਾਗ ਲੈਣ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਰੈਲੀ ਵਾਲੀ ਜਗ੍ਹਾ 'ਤੇ ਔਰਤਾਂ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਉਹਨਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਲਈ ਖਾਸ ਪੰਡਾਲ ਤਿਆਰ ਕੀਤੇ ਜਾਣ ਪਰੰਤੂ ਇਸ ਦੇ ਨਾਲ ਹੀ ਜੰਗੀਰ ਕੌਰ ਨੇ ਇਹ ਵੀ ਸਵੀਕਾਰ ਕੀਤੀ ਔਰਤਾਂ ਨੂੰ ਰੈਲੀ ਵਾਸਤੇ ਪਟਿਆਲਾ ਲਿਜਾਣ ਵਾਸਤੇ ਬੱਸਾਂ ਦੀ ਕਮੀ ਹੈ।ਉਹਨਾਂ ਨੇ ਸੀਨੀਅਰ ਪਾਰਟੀ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ 'ਤੇ ਆਪਣੇ ਵੱਲੋਂ ਵਾਹਨਾਂ ਦਾ ਪ੍ਰਬੰਧ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਸ ਇਤਿਹਾਸਤਕ ਰੈਲੀ ਵਿਚ ਭਾਗ ਲੈਣ ਦੀਆਂ ਚਾਹਵਾਨ ਸਾਰੀਆਂ ਔਰਤਾਂ ਨੂੰ ਰੈਲੀ ਵਿਚ ਪਹੁੰਚਾਇਆ ਜਾਵੇ।

-PTCNews

Related Post