ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਸਿੱਧੂ ਕੋਲ ਸਬੂਤ ਸਨ ਤਾਂ ਉਸ ਨੇ ਵਿਧਾਨ ਸਭਾ ਵਿਚ ਕਿਉਂ ਨਹੀਂ ਪੇਸ਼ ਕੀਤੇ

By  Shanker Badra September 6th 2018 09:53 PM

ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਸਿੱਧੂ ਕੋਲ ਸਬੂਤ ਸਨ ਤਾਂ ਉਸ ਨੇ ਵਿਧਾਨ ਸਭਾ ਵਿਚ ਕਿਉਂ ਨਹੀਂ ਪੇਸ਼ ਕੀਤੇ:ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਵੱਲੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਕੋਟਕਪੂਰਾ ਵਿਖੇ ਇਕੱਠ ਦੌਰਾਨ ਸਥਿਤੀ ਨੂੰ ਸੰਭਾਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਨੂੰ ਸ਼੍ਰੋਮਣੀ ਅਕਾਲੀ ਦਲ ਨੇ 'ਮੌਕਾਪ੍ਰਸਤ ਅਤੇ ਦੋਖੀ ਸਿਆਸਤ' ਦੀ ਸਿਰਕੱਢਵੀਂ ਮਿਸਾਲ ਕਰਾਰ ਦਿੱਤਾ ਹੈ। ਪਾਰਟੀ ਨੇ ਸਿੱਧੂ ਨੂੰ ਉਸ ਦੁਆਰਾ ਲਾਏ ਝੂਠੇ ਅਤੇ ਮਨਘੜਤ ਦੋਸ਼ਾਂ ਦੇ ਸਬੂਤ ਪੇਸ਼ ਕਰਨ ਆਖਦਿਆਂ ਕਿਹਾ ਹੈ ਕਿ ਜੇਕਰ ਉਸ ਦੇ ਦੋਸ਼ਾਂ ਵਿਚ ਰੱਤੀ ਭਰ ਵਿਚ ਸੱਚਾਈ ਹੈ ਤਾਂ ਉਹ ਕਾਰਵਾਈ ਕਰੇ।

ਸਿੱਧੂ ਵੱਲੋਂ ਪਾਈ ਜਾ ਰਹੀ ਫਜ਼ੂਲ ਦੀ ਕਾਵਾਂ ਰੌਲੀ ਉੱਤੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਕੁੱਝ ਅਜਿਹਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ,ਜਿਸ ਦਾ ਜ਼ਿਕਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਵੀ ਨਹੀਂ ਹੈ।ਉਹਨਾਂ ਕਿਹਾ ਕਿ ਰਿਪੋਰਟ ਵਿਚ 50 ਨੰਬਰ ਪੰਨੇ ਉੱਤੇ ਖਾਸ ਤੌਰ ਜ਼ਿਕਰ ਕੀਤਾ ਗਿਆ ਹੈ ਕਿ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਜ਼ਿਲ੍ਹਾ ਪ੍ਰਸਾਸ਼ਨ ਨੂੰ ਹੁਕਮ ਦਿੱਤਾ ਸੀ ਕਿ ਕੋਟਕਪੂਰਾ ਵਿਖੇ ਹੋਏ ਇਕੱਠ ਦੌਰਾਨ ਪੈਦਾ ਹੁੰਦੀ ਕਿਸੇ ਵੀ ਸਥਿਤੀ ਨਾਲ ਬੇਹੱਦ ਸੰਵੇਦਨਸ਼ੀਲਤਾ ਨਾਲ ਨਿਪਟਿਆ ਜਾਵੇ ਅਤੇ ਇਸ ਨੂੰ ਸ਼ਾਂਤਮਈ ਢੰਗ ਨਾਲ ਹੱਲ ਕੀਤਾ ਜਾਵੇ।

ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਇਹ ਵੀ ਭੁੱਲ ਗਿਆ ਹੈ ਕਿ ਐਸਆਈਟੀ ਦੇ ਮੁਖੀ ਰਣਬੀਰ ਸਿੰਘ ਖੱਟੜਾ ਉਸ ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਸਨ, ਜਿਸ ਨੇ ਕੋਟਕਪੂਰਾ ਵਿਖੇ ਸਥਿਤੀ ਨੂੰ ਸ਼ਾਂਤ ਕੀਤਾ ਸੀ।ਉਹਨਾਂ ਕਿਹਾ ਕਿ ਖੱਟੜਾ ਦੀ ਇਸ ਕੰਮ ਲਈ ਵੀ ਸਰਾਹਨਾ ਵੀ ਹੋਈ ਸੀ।ਸਿੱਧੂ ਵੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦਾ ਹਿੱਸਾ ਸੀ।ਉਹ ਖੱਟੜਾ ਵਿਰੁੱਧ ਕਦੇ ਨਹੀਂ ਬੋਲਿਆ ਸੀ।ਹੁਣ ਉਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਖੱਟੜਾ ਨੇ ਸਹੀ ਕਾਰਵਾਈ ਕੀਤੀ ਸੀ ਜਾਂ ਨਹੀਂ ਕੀਤੀ ਸੀ।ਉਹਨਾਂ ਇਹ ਵੀ ਦੱਸਿਆ ਕਿ ਜਦੋਂ ਬਹੁਗਿਣਤੀ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਖਿੰਡਾ ਦਿੱਤਾ ਗਿਆ ਸੀ ਤਾਂ ਉੱਥੇ ਇੱਕ ਛੋਟੀ ਜਿਹੀ ਤਕਰਾਰ ਹੋਈ ਸੀ,ਜਿਸ ਨੂੰ ਬਿਨਾਂ ਕੋਈ ਨੁਕਸਾਨ ਦੇ ਸ਼ਾਂਤ ਕਰ ਦਿੱਤਾ ਸੀ।

ਮਜੀਠੀਆ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਜਿਹੜਾ ਵਿਅਕਤੀ 1984 ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨਾਲ ਉੱਠਦਾ ਬੈਠਦਾ ਸੀ ਅਤੇ ਆਸਾਰਾਮ ਬਾਪੂ ਅਤੇ ਰਾਧੇ ਮਾਂ ਦਾ ਚੇਲਾ ਸੀ, ਉਹ ਹੁਣ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਕਿਰਦਾਰ ਉੱਤੇ ਉਂਗਲ ਉਠਾ ਰਿਹਾ ਹੈ।ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਸਦਾ ਉੱਚੇ ਸੁੱਚੇ ਸਿੱਖ ਸਿਧਾਂਤਾਂ ਉੱਤੇ ਪਹਿਰਾ ਦਿੱਤਾ ਹੈ ਅਤੇ ਉਹ ਹਮੇਸ਼ਾਂ ਹੀ ਸੰਕਟ ਸਮੇਂ ਸਿੱਖ ਪੰਥ ਦੇ ਨਾਲ ਖੜੇ ਹਨ।ਉਹਨਾਂ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿਚ ਸਰਦਾਰ ਬਾਦਲ ਖ਼ਿਲਾਫ ਇੱਕ ਵੀ ਸ਼ਬਦ ਨਾ ਹੋਣ ਦੇ ਬਾਵਜੂਦ ਸਿੱਧੂ ਉਹਨਾਂ ਖ਼ਿਲਾਫ ਝੂਠੇ ਅਤੇ ਮਨਘੜਤ ਦੋਸ਼ ਲਗਾ ਰਿਹਾ ਹੈ।ਉਹਨਾਂ ਕਿਹਾ ਕਿ ਇੱਥੋਂ ਤੱਕ ਏਟੀਆਰ ਵਿਚ ਵੀ ਸਰਦਾਰ ਬਾਦਲ ਖ਼ਿਲਾਫ ਕੋਈ ਗੱਲ ਨਹੀਂ ਕਹੀ ਗਈ ਹੈ। ਉਹਨਾਂ ਕਿਹਾ ਕਿ ਕੀ ਸਿੱਧੂ ਨੇ ਕੋਈ ਵੱਖਰੀ ਜਾਂਚ ਕੀਤੀ ਹੈ ? ਜੇਕਰ ਉਸ ਕੋਲ ਪਿਛਲੀ ਖ਼ਿਲਾਫ ਕੋਈ ਸਬੂਤ ਹੈ ਤਾਂ ਉਸ ਨੇ ਵਿਧਾਨ ਸਭਾ ਵਿਚ ਕਿਉਂ ਨਹੀਂ ਪੇਸ਼ ਕੀਤਾ ? ਕੀ ਉਸ ਨੇ ਅਸੰਬਲੀ ਨੂੰ ਗੁੰਮਰਾਹ ਕੀਤਾ ਹੈ ? ਉਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਇਹ ਟਿੱਪਣੀ ਕਰਦਿਆਂ ਕਿ ਸਿੱਧੂ ਨੇ ਹਮੇਸ਼ਾਂ ਮੌਕਾ ਪ੍ਰਸਤ ਰਾਜਨੀਤੀ ਕੀਤੀ ਹੈ,ਮਜੀਠੀਆ ਨੇ ਕਿਹਾ ਕਿ ਪਹਿਲਾਂ ਸਿੱਧੂ ਅਤੇ ਉਸ ਦੀ ਪਤਨੀ ਨੇ ਅਕਾਲੀ-ਭਾਜਪਾ ਗਠਜੋੜ ਦਾ ਹਿੱਸਾ ਬਣ ਕੇ ਸੱਤਾ ਦੇ ਸੁੱਖ ਮਾਣੇ।ਹੁਣ ਕਾਂਗਰਸ ਵਿਚ ਸ਼ਾਮਿਲ ਹੋਣ ਮਗਰੋਂ ਉਸ ਨੂੰ ਮੁੱਖ ਮੰਤਰੀ ਬਣਨ ਦੀ ਕਾਹਲ ਹੈ,ਜਿਸ ਵਾਸਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਲਈ ਸੌੜੀ ਰਾਜਨੀਤੀ ਕਰ ਰਿਹਾ ਹੈ। ਇਸ ਤੋਂ ਉਸ ਦਾ ਅਸਲੀ ਕਿਰਦਾਰ ਝਲਕਦਾ ਹੈ।

-PTCNews

Related Post