ਭਾਜਪਾ 'AAP' ਤੋਂ ਡਰਦੀ ਹੈ, 'ਆਪ' ਕਾਂਗਰਸ ਵਾਂਗ ਭਾਜਪਾ ਅੱਗੇ ਨਹੀਂ ਝੁਕੇਗੀ : ਹਰਪਾਲ ਸਿੰਘ ਚੀਮਾ

By  Riya Bawa September 22nd 2022 09:02 PM -- Updated: September 22nd 2022 09:09 PM

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਵਾਉਣ ਲਈ ਆਪਣੀ ਮਨਜ਼ੂਰੀ ਵਾਪਸ ਲੈਣ ਦੀ ਨਿੰਦਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਦਾ 'ਕਾਲਾ ਦਿਨ' ਕਰਾਰ ਦਿੱਤਾ। ਵੀਰਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਰਾਜਪਾਲ ਨੇ ਭਾਜਪਾ ਦੇ ਇਸ਼ਾਰੇ 'ਤੇ ਕਾਰਵਾਈ ਕੀਤੀ ਅਤੇ ਵਿਸ਼ੇਸ਼ ਸੈਸ਼ਨ ਦੀ ਇਜਾਜ਼ਤ ਵਾਪਸ ਲਈ, ਉਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਡਾ ਬੀ ਆਰ ਅੰਬੇਡਕਰ ਦੀਆਂ ਮਾਨਤਾਵਾਂ 'ਤੇ ਆਧਾਰਿਤ ਸੰਸਥਾਵਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।

Punjab govt will seek reduction in GST on bicycles, raw materials: Harpal Cheema

ਰਾਜਪਾਲ 'ਤੇ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਚੀਮਾ ਨੇ ਕਿਹਾ ਕਿ ਰਾਜਪਾਲ ਨੇ ਪੰਜਾਬ ਦੇ ਏਜੀ ਦਫ਼ਤਰ ਨੂੰ ਨਜ਼ਰਅੰਦਾਜ਼ ਕਰਕੇ ਭਾਰਤ ਦੇ ਵਧੀਕ ਸਾਲਿਸਿਟਰ ਜਨਰਲ ਤੋਂ ਇਜਾਜ਼ਤ ਮੰਗੀ ਅਤੇ ਆਪਣੇ ਪੁਰਾਣੇ ਹੁਕਮਾਂ ਨੂੰ ਵਾਪਸ ਲੈ ਲਿਆ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਰਤ ਦੇ ਸੰਵਿਧਾਨ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ 'ਆਪ' ਕਾਂਗਰਸ ਵਾਂਗ ਭਾਜਪਾ ਅੱਗੇ ਝੁਕੇਗੀ ਨਹੀਂ। ਪੰਜਾਬ ਸਰਕਾਰ ਨੇ ਲੋਕਤੰਤਰ ਅਤੇ ਇਸ ਦੇ ਸੰਵਿਧਾਨ ਦੀ ਰਾਖੀ ਲਈ 27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ। ਇਸ ਇਜਲਾਸ ਦੌਰਾਨ ਬਿਜਲੀ ਅਤੇ ਪਰਾਲੀ ਸਾੜਨ ਦੇ ਮੁੱਦੇ ਵਿਚਾਰੇ ਜਾਣਗੇ। ਆਪਣੀ 'ਭਾਰਤ ਜੋੜੋ' ਮੁਹਿੰਮ ਦੌਰਾਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਨੂੰ ਛੱਡਣ ਲਈ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਭਾਜਪਾ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਕੇਂਦਰੀ ਏਜੰਸੀਆਂ ਦੀ ਜਾਂਚ ਤੋਂ ਬਚਣ ਲਈ ਕਾਂਗਰਸੀ ਭਾਜਪਾ ਦੇ ਬੁਲਾਰੇ ਬਣ ਗਏ ਹਨ।

ਭਗਵਾ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਭਾਜਪਾ 'ਆਪ' ਦੀ ਵਧਦੀ ਲੋਕਪ੍ਰਿਅਤਾ ਤੋਂ ਡਰੀ ਹੋਈ ਹੈ ਅਤੇ ਉਨ੍ਹਾਂ ਨੇ ਹੁਣ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ 2024 ਦੀਆਂ ਚੋਣਾਂ 'ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਉਨ੍ਹਾਂ ਦੇ ਸ਼ਾਸਨ ਨੂੰ ਹਿਲਾ ਦੇਵੇਗੀ। ਚੀਮਾ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਸਿਰਫ਼ ‘ਆਪ’ ਤੋਂ ਡਰਦੀ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਤਰੱਕੀ ਨੂੰ ਰੋਕਣਾ ਚਾਹੁੰਦੇ ਹਨ। ਪਰ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਭਾਜਪਾ ਆਪਣੇ ਘਟੀਆ ਏਜੰਡੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਅਤੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਦੇਸ਼ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ।"

ਵਿਰੋਧੀ ਧਿਰ 'ਤੇ ਤਿੱਖੇ ਹਮਲੇ ਕਰਦਿਆਂ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸਮੇਤ ਕਾਂਗਰਸੀ ਆਗੂ ਭਾਜਪਾ ਦੀ ਬੀ-ਟੀਮ ਵਜੋਂ ਕੰਮ ਕਰ ਰਹੇ ਹਨ। ‘ਆਪ੍ਰੇਸ਼ਨ ਲੋਟਸ’ ਦੇ ਨਾਪਾਕ ਏਜੰਡੇ ਵਿਰੁੱਧ ਲੜ ਰਹੀ ‘ਆਪ’ ਸਰਕਾਰ ਦਾ ਸਮਰਥਨ ਕਰਨ ਦੀ ਬਜਾਏ ਕਾਂਗਰਸ ਲੀਡਰਸ਼ਿਪ ਇਸ ਮੁੱਦੇ 'ਤੇ ਲਗਾਤਾਰ ਭਾਜਪਾ ਦਾ ਸਮਰਥਨ ਕਰ ਰਹੀ ਹੈ ਅਤੇ ਸੂਬਾ ਸਰਕਾਰ 'ਤੇ ਸਵਾਲ ਉਠਾ ਰਹੀ ਹੈ।

ਉਨ੍ਹਾਂ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ, ਜੋ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਨਿਕਲੀ ਹੈ। ਚੀਮਾ ਨੇ ਕਿਹਾ, "ਅਸੀਂ ਇਨ੍ਹਾਂ ਵਿਰੁੱਧ ਲੜਾਂਗੇ ਅਤੇ ਦੇਸ਼ ਨੂੰ ਫਿਰ ਤੋਂ ਨੰਬਰ ਇਕ ਬਣਾਉਣ ਲਈ ਕੰਮ ਕਰਾਂਗੇ। ਲੋਕਤੰਤਰ ਲੋਕਾਂ ਦਾ ਹੈ, ਲੋਕਤੰਤਰ ਕਿਸੇ ਪਾਰਟੀ ਜਾਂ ਵਿਅਕਤੀ ਦੀ ਮਲਕੀਅਤ ਨਹੀਂ ਹੈ।"

-PTC News

Related Post