ਕੈਪਟਨ ਦੀ ਪੁਕਾਰ 'ਤੇ ਭਾਜਪਾ ਦੀ ਮੋਹਰ, ਹੁਣ ਸਾਂਝੇ ਲੜਨਗੇ ਐਮ.ਸੀ. ਚੋਣਾਂ

By  Jasmeet Singh May 4th 2022 12:58 PM -- Updated: May 4th 2022 01:23 PM

ਚੰਡੀਗੜ੍ਹ, 3 ਮਈ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਹੁਣ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਾਂਝੇ ਤੌਰ 'ਤੇ ਲੜਨਗੀਆਂ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਦੀ ਪਾਰਟੀ ਦੀ ਨਾਮੋਸ਼ੀ ਭਰੀ ਹਾਰ ਮਗਰੋਂ ਭਾਜਪਾ ਨੇ ਆਗਾਮੀ ਐਮ.ਸੀ. ਚੋਣਾਂ ਇੱਕਲੇ ਤੌਰ 'ਤੇ ਲੜਨ ਦਾ ਐਲਾਨ ਕੀਤਾ ਸੀ। ਪਰ ਹੁਣ ਇੰਝ ਜਾਪਦਾ ਹੈ ਕਿ ਕੈਪਟਨ ਦੀ ਪੁਕਾਰ ਨੂੰ ਭਾਜਪਾ ਨੇ ਪ੍ਰਵਾਨ ਕਰ ਲਿਆ ਹੈ ਤੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹੋਣ ਵਾਲੀਆਂ ਚੋਣਾਂ ਹੁਣ ਇਹ ਦੋਵੇਂ ਪਾਰਟੀਆਂ ਸਾਂਝੇ ਤੌਰ 'ਤੇ ਲੜਨਗੀਆਂ।

ਇਹ ਵੀ ਪੜ੍ਹੋ: ਪਟਵਾਰ ਯੂਨੀਅਨ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਪਿੱਛੋਂ ਲੋਕ ਹੋਏ ਖੱਜਲ-ਖੁਆਰ

ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਪੀ.ਐਲ.ਸੀ. ਉਮੀਦਵਾਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਵਿੱਚ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸੂਬੇ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਪਾਈਆਂ ਹਨ, ਉੱਥੇ ਹੀ ਇਸਦੀ ਉਮੀਦ ਤੋਂ ਪਹਿਲਾਂ ਹੀ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪੈਦਾ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਨਾ ਸਿਰਫ਼ ਕਈ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ, ਸਗੋਂ ਇਸ ਨੇ ਪੰਜਾਬੀਆਂ ਦੀ ਤਾਕਤ ਅਤੇ ਅਧਿਕਾਰ ਖੋਹ ਕੇ ਉਨ੍ਹਾਂ ਦੇ ਮਾਣ ਨੂੰ ਵੀ ਠੇਸ ਪਹੁੰਚਾਈ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਟਵੀਟ ਕਰ ਕੇ ਸਮਾਂ ਆਉਣ 'ਤੇ ਜਵਾਬ ਦੇਣ ਦਿੱਤੇ ਸੰਕੇਤ

ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਭਾਵੇਂ ਭਾਜਪਾ-ਪੀਐਲਸੀ ਗਠਜੋੜ ਬਹੁਤ ਸਾਰੀਆਂ ਸੀਟਾਂ ਨਹੀਂ ਜਿੱਤ ਸਕੀਆਂ, ਪਰ ਇਸ ਦੀ ਮਜ਼ਬੂਤ ​​ਨੀਂਹ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ।

-PTC News

Related Post