Bypoll Results 2021: ਹਿਮਾਚਲ ਪ੍ਰਦੇਸ਼ 'ਚ BJP ਨੂੰ ਵੱਡਾ ਝਟਕਾ, ਕਾਂਗਰਸ 4 'ਚੋਂ 3 ਸੀਟਾਂ 'ਤੇ ਅੱਗੇ

By  Riya Bawa November 2nd 2021 03:40 PM -- Updated: November 2nd 2021 03:43 PM

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਸੂਬੇ ਦੀ ਮੰਡੀ ਲੋਕ ਸਭਾ ਸੀਟ 'ਤੇ ਕਾਂਗਰਸ ਨੇ ਜਿੱਤ ਲਈ ਹੈ। ਇਸ ਦੇ ਨਾਲ ਹੀ ਤਿੰਨ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਅੱਗੇ ਚਲ ਰਹੀ ਹੈ। ਇਸ ਦੇ ਨਾਲ ਹੀ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਖੁਸ਼ਹਾਲ ਠਾਕੁਰ ਨੂੰ 8766 ਵੋਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਜੈ ਰਾਮ ਠਾਕੁਰ ਸਰਕਾਰ ਦੀ ਚਿੰਤਾ ਵਧ ਗਈ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀ ਇੱਕ ਲੋਕ ਸਭੀ ਸੀਟ ਤੇ ਤਿੰਨ ਵਿਧਾਨ ਸਭਾ ਸੀਟਾਂ ਉੱਪਰ ਜ਼ਿਮਨੀ ਚੋਣ ਹੋਈ ਹੈ। ਹਿਮਾਚਲ ਵਿੱਚ ਬੀਜੇਪੀ ਦੀ ਸਰਕਾਰ ਹੈ। ਇਸ ਲਈ ਅਕਸਰ ਹੀ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਹ ਜ਼ਿਮਨੀ ਚੋਣ ਜਿੱਤਦੀ ਹੈ ਪਰ ਚੋਣ ਨਤੀਜਿਆਂ ਨੇ ਬੀਜੇਪੀ ਨੂੰ ਹੈਰਾਨ ਕਰ ਦਿੱਤਾ ਹੈ। ਫਤਿਹਪੁਰ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਸਾਬਕਾ ਮੰਤਰੀ ਸ. ਸੁਜਾਨ ਸਿੰਘ ਪਠਾਨੀਆ ਦੇ ਪੁੱਤਰ ਭਵਾਨੀ ਸਿੰਘ ਪਠਾਨੀਆ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਭਾਜਪਾ ਨੇ ਬਲਦੇਵ ਠਾਕੁਰ ’ਤੇ ਸੱਟਾ ਖੇਡਿਆ ਹੈ। ਭਾਜਪਾ ਉਮੀਦਵਾਰ 9 ਸੌ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਅਰਕੀ ਵਿਧਾਨ ਸਭਾ ਸੀਟ 'ਤੇ ਕਾਂਗਰਸ ਦੇ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਸੰਜੇ ਅਵਸਥੀ ਅਤੇ ਭਾਜਪਾ ਦੇ ਰਤਨ ਸਿੰਘ ਪਾਲ ਆਹਮੋ-ਸਾਹਮਣੇ ਹਨ। ਅਜਿਹੇ 'ਚ ਕਾਂਗਰਸੀ ਉਮੀਦਵਾਰ 4 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗੌਰਤਲਬ ਹੈ ਕਿ ਦੇਸ਼ ਦੀਆਂ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਵਿੱਚ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ 30 ਅਕਤੂਬਰ ਨੂੰ ਪਈਆਂ ਸਨ। -PTC News

Related Post