ਅਧਿਆਪਕ ਮੰਗਾਂ ਤੋਂ ਮੂੰਹ ਫੇਰਨ ਵਾਲੇ ਮੁੱਖ ਮੰਤਰੀ ਨੇ ਆਪਣੇ ਚਹੇਤਿਆਂ ਨਾਲ ਮੁਲਾਕਾਤ ਕਰਨ ਦਾ ਕੀਤਾ ਡਰਾਮਾ : ਅਧਿਆਪਕ ਮੋਰਚਾ

By  Shanker Badra June 10th 2021 08:25 PM

ਚੰਡੀਗੜ੍ਹ  : ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਪਹਿਲਾਂ ਹੀ ਤੈਅ ਕੀਤੇ ਸਿਰਫ਼ 7 ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਸਮੇਂ ਹਾਲਤ ਉਸ ਸਮੇਂ ਨਮੋਸ਼ੀ ਭਰੀ ਬਣ ਗਈ ਜਦੋਂ ਸੋਸ਼ਲ ਮੀਡੀਆ, ਜਿਸ ਰਾਹੀ ਮੁੱਖ ਮੰਤਰੀ ਅਧਿਆਪਕਾਂ ਨਾਲ ਰੂ-ਬ-ਰੂ ਹੋ ਰਹੇ ਸਨ ਉਸ ਉਤੇ ਲਾਇਕ ਨਾਲੋਂ ਡਿਸਲਾਈਕ (ਪਸੰਦ ਕਰਨ ਨਾਲੋਂ ਨਾ ਪਸੰਦ) ਕਰਨ ਵਾਲਿਆਂ ਦੀ ਗਿਣਤੀ ਢਾਈ-ਤਿੰਨ ਗੁਣਾ ਹੋ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਮੌਜ਼ੂਦ ਸਨ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਸਕੂਲਾਂ ਦੀ ਕਾਰਗੁਜਾਰੀ ਸਮੀਖਿਆ ਰਿਪੋਰਟ ਵਿੱਚ ਪੰਜਾਬ ਦੀ ਗਿਣਤੀ A++ ਵਾਲੇ ਮੋਹਰੀ ਸੂਬਿਆਂ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਨਲਾਈਨ ਮੀਟਿੰਗ ਕਰਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸੋਹਲੇ ਗਾਏ ਗਏ ਪਰ ਸੋਸ਼ਲ ਮੀਡੀਆ ਯੂ-ਟਿਊਬ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਅਕਾਊਂਟ ਉਤੇ ਲਾਈਵ ਹੋਣ ਤੋਂ ਚਾਰ ਘੰਟੇ ਬਾਅਦ ਹੀ ਡਿਸਲਾਇਕ ਕਰਨ ਵਾਲਿਆਂ ਦੀ ਗਿਣਤੀ 5000 ਤੋਂ ਵਧੇਰੇ ਪਹੁੰਚ ਗਈ, ਜਦੋਂ ਕਿ ਲਾਇਕ ਕਰਨ ਵਾਲੇ ਸਿਰਫ 1700 ਹੀ ਸਨ।

ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ਉਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਆਪਕਾਂ ਨੇ ਅਨੇਕਾਂ ਸਵਾਲ ਕੀਤੇ ਪ੍ਰੰਤੂ ਉਨਾਂ ਕਿਸੇ ਇਕ ਸਵਾਲ ਦਾ ਜਵਾਬ ਨਹੀਂ ਦਿੱਤਾ। ਕਈ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਇਸ ਲਾਈਵ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਾਸਾ ਵੱਟਣ ਵਾਲੇ, ਲੋਕਾਂ ’ਚੋਂ ਭਗੌੜੇ ਮੁੱਖ ਮੰਤਰੀ ਜੀ, ਚਹੇਤਿਆਂ ਨਾਲ ਮੁਲਾਕਾਤ ਦੀ ਡਰਾਮੇਬਾਜ਼ੀ ਬੰਦ ਕਰੋ। ਕੁੱਝ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਕਿਹਾ ਕਿ ਜਿਨ੍ਹਾਂ ਅੰਕੜਿਆਂ ਉਤੇ ਸਰਕਾਰ ਵਿਖਾਵੇਂ ਕਰ ਰਹੀ ਹੈ, ਉਹ ਅੰਕੜੇ ਨਿਰੇ ਝੂਠੇ ਹਨ।

ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਬਲਜੀਤ ਸਿੰਘ ਸਲਾਣਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੀ ਸਰਕਾਰ ਤੇ ਸਿੱਖਿਆ ਵਿਭਾਗ ਦੇ ਸੋਹਲੇ ਗਾਉਣ ਲਈ ਪਹਿਲਾਂ ਹੀ ਤੈਅ 7 ਅਧਿਆਪਕਾਂ ਦੇ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜਿੱਥੇ ਵਿਵਾਦਾਂ ਦੇ ਘੇਰੇ ਵਿੱਚ ਰਹੀ, ਉਥੇ ਹੀ ਦੂਜੇ ਪਾਸੇ ਇਸ ਮੀਟਿੰਗ ਦਾ ਪ੍ਰਸਾਰਨ ਯੂ ਟਿਊਬ ਤੇ ਵੀ ਕੀਤਾ ਗਿਆ। ਯੂ-ਟਿਊਬ ਤੇ ਕੈਪਟਨ ਅਮਰਿੰਦਰ ਸਿੰਘ ਨਾਮ ਦੇ ਚੈਨਲ ਤੋਂ ਇਸ ਮੀਟਿੰਗ ਦਾ ਲਾਈਵ ਪ੍ਰਸਾਰਣ ਕੀਤਾ ਗਿਆ।

ਇਸ ਲਾਈਵ ਪ੍ਰਸਾਰਣ ਦੇ ਦੌਰਾਨ ਅਧਿਆਪਕਾਂ ਨੇ ਇਸ ਵੀਡੀਓ ਨੂੰ ਲਾਈਕ ਕਰਨ ਦੀ ਬਜਾਏ ਡਿਸਲਾਈਕ ਜ਼ਿਆਦਾ ਕੀਤਾ ਗਿਆ। ਅਧਿਆਪਕਾਂ ਦੁਆਰਾ ਕੀਤੇ ਗਏ ਡਿਸਲਾਇਕ ਨੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਧਿਆਪਕਾਂ ਵਿੱਚ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕਿਉਂ ਵਿਸਾਰੀਆਂ ਗਿਆ? ਕਿਉਂ ਸਿਰਫ਼ ਸੱਤ ਹੀ ਅਧਿਆਪਕਾਂ ਨੂੰ ਮੀਟਿੰਗ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਗਿਆ? ਇਸ ਦੇ ਕਾਰਨ ਜ਼ਿਆਦਾਤਰ ਅਧਿਆਪਕਾਂ ਦੇ ਵੱਲੋਂ ਮੀਟਿੰਗ ਨੂੰ ਲਾਇਕ ਤੋਂ ਵੱਧ ਡਿਸਲਾਈਕ ਕੀਤਾ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਈ ਵੀਡੀਓ ਤੋਂ ਇਲਾਵਾ ਮਨ ਕੀ ਬਾਤ ਪ੍ਰੋਗਰਾਮ ਨੂੰ ਵੀ ਲੋਕਾਂ ਵੱਲੋਂ ਲਾਇਕ ਤੋਂ ਵੱਧ ਡਿਸਲਾਈਕ ਕੀਤਾ ਜਾਂਦਾ ਰਿਹਾ ਹੈ। ਜਿਸਦੇ ਕਾਰਨ ਪ੍ਰਧਾਨਮੰਤਰੀ ਵੀ ਇਸ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰੀਂ ਆਉਂਦਾ ਰਿਹਾ ਹੈ। ਅੱਜ ਦੀ ਮੀਟਿੰਗ ਜੋ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਧਿਆਪਕਾਂ ਦੇ ਨਾਲ ਕੀਤੀ ਗਈ ਅਤੇ ਲਾਇਕ ਤੋਂ ਵੱਧ ਡਿਸਲਾਈਕ ਮਿਲੇ, ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅਧਿਆਪਕਾਂ ਦੇ ਵਿੱਚ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ ਅਤੇ ਉਹ ਆਪਣਾ ਰੋਸ ਵੀਡੀਓ ਨੂੰ ਡਿਸਲਾਈਕ ਕਰਕੇ ਪ੍ਰਗਟਾ ਰਹੇ ਹਨ।

-PTCNews

Related Post