ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਕੌਫੀ ਟੇਬਲ ਬੁੱਕ ਦੀ ਪਹਿਲੀ ਜਿਲਦ ਜਾਰੀ

By  Jashan A July 24th 2019 07:14 PM

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਕੌਫੀ ਟੇਬਲ ਬੁੱਕ ਦੀ ਪਹਿਲੀ ਜਿਲਦ ਜਾਰੀ,ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਵਜੋਂ ਅੱਜ ਸੂਬਾ ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕੌਫੀ ਟੇਬਲ ਬੁੱਕ ਦੀ ਪਹਿਲੀ ਜਿਲਦ ਜਾਰੀ ਕੀਤੀ।ਇਹ ਕਿਤਾਬ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਜਾਰੀ ਕੀਤੀ ਗਈ। 70 ਸਫ਼ਿਆਂ ਦੀ ਇਹ ਕਿਤਾਬ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਲੜੀ ਵਿੱਚ ਨਵੰਬਰ, 2018 ਤੋਂ ਜੂਨ, 2019 ਤੱਕ ਹੋਏ ਵਿਸ਼ੇਸ਼ ਸਮਾਗਮਾਂ ਦਾ ਵਿਸਥਾਰ ਵਿੱਚ ਵਰਨਣ ਕਰਦੀ ਹੈ।

ਇਨਾਂ ਸਮਾਗਮਾਂ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਹੋਰ ਕਾਰਜ ਸ਼ਾਮਲ ਹਨ। ਇਸੇ ਤਰਾਂ ਸੂਬਾ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮੌਕੇ ਵਿੱਢੇ ਹੋਰ ਕਾਰਜਾਂ ਨੂੰ ਵੀ ਇਸ ਕਿਤਾਬ ਵਿੱਚ ਵਿਧੀਪੂਰਵਕ ਢੰਗ ਨਾਲ ਉਜਾਗਰ ਕੀਤਾ ਗਿਆ ਹੈ। ਇਨਾਂ ਵਿੱਚ ਪਿੰਡ ਬਾਬੇ ਨਾਨਕ ਦਾ, ਬੇਬੇ ਨਾਨਕੀ ਕਾਲਜ ਫਾਰ ਗਰਲਜ਼, ਆਲਾ ਦਰਜੇ ਦਾ ਆਡੀਟੋਰੀਅਮ, ਹਰੇਕ ਪਿੰਡ ਵਿੱਚ 550 ਬੂਟੇ ਲਾਉਣੇ, ਨਾਨਕ ਬਗੀਚੀ, ਸਰਬੱਤ ਸਿਹਤ ਬੀਮਾ ਯੋਜਨਾ ਅਤੇ ਪਵਿੱਤਰ ਕਾਲੀ ਵੇਈਂ ਦੀ ਸਫਾਈ ਦੇ ਉਪਰਾਲੇ ਮੁੱਖ ਤੌਰ ’ਤੇ ਸ਼ਾਮਲ ਹਨ।

ਇਹ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਪਾਸਾਰ ਕਰਨ ਲਈ ਸੈਮੀਨਾਰ, ਵਿਚਾਰ-ਗੋਸ਼ਟੀਆਂ, ਕਵੀ ਦਰਬਾਰ, ਲੇਖ ਲਿਖਣ ਦੇ ਮੁਕਾਬਲਿਆਂ ਅਤੇ ਹਫ਼ਤੇ ਦੇ ਅਖੀਰ ਵਿੱਚ ਲੀਗ ਖੇਡਾਂ ਰਾਹੀਂ ਕੀਤੀਆਂ ਹੋਰ ਗਤੀਵਿਧੀਆਂ/ਪ੍ਰੋਗਰਾਮਾਂ ’ਤੇ ਵੀ ਚਾਨਣਾ ਪਾਉਂਦੀ ਹੈ।

ਹੋਰ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਨਾਭਾ ਤੋਂ ਅਗਲੇ ਪੜਾਅ ਲਈ ਹੋਈ ਰਵਾਨਾ

ਇਸੇ ਤਰਾਂ ਯਾਦਗਾਰੀ ਸਿੱਕੇ, ਦਸਤਾਵੇਜ਼ੀ ਫਿਲਮਾਂ ਤੇ ਨਾਟਕ, ਗੁਰਮਤਿ ਸੰਗੀਤ ਸੰਮੇਲਨ, ਗੀਤ, ਵਿਚਾਰ-ਚਰਚਾ ਤੇ ਕਾਵਿ ਰਚਨਾ, ਸਵਾਲ-ਜਵਾਬ, ਰਬਾਬ ਉਤਸਵ ਅਤੇ ਦਸਤਾਰਬੰਦੀ ਵਰਗੀਆਂ ਹੋਰ ਵਿਸ਼ੇਸ਼ ਸਰਗਰਮੀਆਂ ਵੀ ਕਿਤਾਬ ਦਾ ਮੁੱਖ ਆਕਰਸ਼ਨ ਹਨ।

ਇਸ ਕੌਫੀ ਟੇਬਲ ਬੁੱਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ’ਤੇ ਲਾਏ ਗਏ ਕਿਤਾਬ ਮੇਲਿਆਂ ਦੇ ਵੇਰਵੇ ਦੇਣ ਤੋਂ ਇਲਾਵਾ ਹੱਥ ਲਿਖਤ ਖਰੜਿਆਂ, ਭਾਈ ਮਰਦਾਨਾ ਜੀ ਦੀ ਰਬਾਬ ਆਦਿ ਦਾ ਵੀ ਜ਼ਿਕਰ ਕੀਤਾ ਗਿਆ ਹੈ।ਇਸ ਕੌਫੀ ਟੇਬਲ ਬੁੱਕ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਤਿਆਰ ਕੀਤਾ ਗਿਆ ਅਤੇ ਇਸ ਦੀ ਪ੍ਰਕਾਸ਼ਨਾ ਕੰਟਰੋਲਰ ਪਿ੍ਰੰਟਿੰਗ ਤੇ ਸਟੇਸ਼ਨਰੀ, ਪੰਜਾਬ ਨੇ ਕੀਤੀ ਹੈ।

ਕਿਤਾਬ ਰਿਲੀਜ਼ ਕਰਨ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਰਾਣੀ ਗੁਰਮੀਤ ਸਿੰਘ ਸੋਢੀ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ ਵੀ ਹਾਜ਼ਰ ਸਨ।

ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਗੁਰਕਿਰਤ ਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਐਡੀਸ਼ਨਲ ਡਾਇਰੈਕਟਰ ਸੇਨੂੰ ਦੁੱਗਲ ਵੀ ਹਾਜ਼ਰ ਸਨ।

-PTC News

Related Post