ਕੈਪਟਨ ਅਮਰਿੰਦਰ ਧਾਰਮਿਕ ਵਾਅਦਿਆਂ ਤੋਂ ਵੀ ਭੱਜਿਆ, ਲੰਗਰ 'ਤੇ ਜੀ.ਐਸ.ਟੀ ਮੋੜਣ ਤੋਂ ਮੁਕਰਿਆ: ਹਰਸਿਮਰਤ ਕੌਰ ਬਾਦਲ

By  Jashan A September 21st 2019 08:43 PM

ਕੈਪਟਨ ਅਮਰਿੰਦਰ ਧਾਰਮਿਕ ਵਾਅਦਿਆਂ ਤੋਂ ਵੀ ਭੱਜਿਆ, ਲੰਗਰ 'ਤੇ ਜੀ.ਐਸ.ਟੀ ਮੋੜਣ ਤੋਂ ਮੁਕਰਿਆ: ਹਰਸਿਮਰਤ ਕੌਰ ਬਾਦਲ

ਕਿਹਾ ਕਿ 2002 ਤੋਂ ਲੈ ਕੇ ਅਮਰਿੰਦਰ ਦਾ ਸਾਰਾ ਇਤਿਹਾਸ ਝੂਠ ਅਤੇ ਧੋਖਿਆਂ ਦੀ ਦਾਸਤਾਂ ਹੈ

ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲ ਲੰਗਰ ਜੀਐਸਟੀ ਦਾ ਬਕਾਇਆ 3.25 ਕਰੋੜ ਰੁਪਏ ਤੋਂ ਟੱਪ ਗਿਆ ਹੈ

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਝਾੜ ਪਾਉਂਦਿਆਂ ਉਸ ਉੱਤੇ ਪਵਿੱਤਰ ਗੁਰੂ ਘਰ ਨੂੰ ਲੁੱਟਣ ਅਤੇ ਸਿੱਖ ਧਰਮ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਇਸ ਗੱਲ ਦਾ ਸਬੂਤ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਲੰਗਰ ਰਸਦ ਉੱਤੇ ਜੀਐਸਟੀ 'ਚੋਂ ਆਪਣੀ ਹਿੱਸੇਦਾਰੀ ਮੋੜਣ ਸੰਬੰਧੀ ਵਾਅਦੇ ਤੋਂ ਮੁਕਰੀ ਕੈਪਟਨ ਸਰਕਾਰ ਦੀ ਵਤੀਰੇ ਤੋਂ ਮਿਲਦਾ ਹੈ।

ਲੰਗਰ ਰਸਦ ਉੱਤੇ ਵਸੁਲਿਆ ਜੀਐਸਟੀ ਮੋੜਣ ਸੰਬੰਧੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਗਾਤਾਰ ਵਧ ਰਹੀ ਬਕਾਇਆ ਰਾਸ਼ੀ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਵਤੀਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਬਿਲਕੁੱਲ ਉਲਟ ਹੈ, ਜਿਸ ਨੇ ਸਿੱਖਾਂ ਦੇ ਹਰ ਮਸਲੇ ਬੜੀ ਸੰਵੇਦਨਸ਼ੀਲਤਾ ਨਾਲ ਹੱਲ ਕੀਤਾ ਹੈ। ਇਹਨਾਂ ਵਿੱਚ ਐਸਜੀਪੀਸੀ ਵੱਲੋਂ ਸੰਗਤ ਲਈ ਲੰਗਰ ਵਾਸਤੇ ਰਸਦ ਖਰੀਦਣ ਉੱਤੇ ਜੀਐਸਟੀ ਵਜੋਂ ਦਿੱਤੀ ਰਾਸ਼ੀ ਨੂੰ ਵਾਪਸ ਕਰਨਾ ਵੀ ਸ਼ਾਮਿਲ ਹੈ।

ਬੀਬਾ ਬਾਦਲ ਨੇ ਕਿਹਾ ਕਿ ਮਿਸਾਲ ਵਜੋਂ ਕੇਂਦਰ ਸਰਕਾਰ ਆਪਣੇ ਹਿੱਸੇ ਦਾ ਜੀਐਸਟੀ ਹਮੇਸ਼ਾਂ ਐਸਜੀਪੀਸੀ ਨੂੰ ਵਾਪਸ ਕੀਤਾ ਹੈ, ਪਰ ਅਮਰਿੰਦਰ ਸਿੰਘ ਸਰਕਾਰ ਵੱਲੋਂ ਉੱਚ-ਪੱਧਰ ਉੱਤੇ ਵਾਰ ਵਾਰ ਜੀਐਸਟੀ ਦੀ ਵਾਪਸੀ ਦਾ ਭਰੋਸਾ ਦੇਣ ਬਾਵਜੂਦ ਅਜੇ ਤੀਕ ਇਹ ਰਾਸ਼ੀ ਐਸਜੀਪੀਸੀ ਨੂੰ ਵਾਪਸ ਨਹੀਂ ਕੀਤੀ ਗਈ ਹੈ। ਇਹ ਬਕਾਇਆ ਹੁਣ 325 ਕਰੋੜ ਰੁਪਏ ਤੋਂ ਟੱਪ ਗਿਆ ਹੈ।

ਇਸ ਸੰਬੰਧੀ ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਲੋਕਾਂ ਦੇ ਅਧਿਕਾਰ ਖੋਹਣ ਅਤੇ ਚੋਣਾਂ ਸਮੇਂ ਉਹਨਾਂ ਨਾਲ ਕੀਤੇ ਹਰ ਵਾਅਦੇ ਤੋਂ ਮੁਕਰਨ ਮਗਰੋਂ ਮੁੱਖ ਮੰਤਰੀ ਹੁਣ ਗੁਰੂ ਘਰ ਨੂੰ ਵੀ ਨਹੀਂ ਬਖ਼ਸ਼ ਰਿਹਾ ਹੈ। ਉਹਨਾਂ ਕਿਹਾ ਕਿ ਅਮਰਿੰਦਰ ਸੱਚਾ ਸਿੱਖ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਨੂੰ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੇ ਵਾਅਦੇ ਤੋ ਮੁਕਰਨ ਦੀ ਕੋਈ ਪਰਵਾਹ ਨਹੀਂ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੀਐਸਟੀ 'ਚੋਂ ਆਪਣਾ ਹਿੱਸਾ ਐਸਜੀਪੀਸੀ ਨੂੰ ਵਾਪਸ ਦੇਣ ਸੰਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ, ਪਰੰਤੂ ਅਮਰਿੰਦਰ ਹੁਣ ਦੋਵੇਂ ਗੱਲਾਂ ਆਪਣਾ ਵਾਅਦਾ ਨਿਭਾਉਣ ਅਤੇ ਸਰਕਾਰ ਦਾ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਮੁਕਰ ਰਿਹਾ ਹੈ।

ਬੀਬਾ ਬਾਦਲ ਨੇ ਕਿਹਾ ਕਿ ਅਮਰਿੰਦਰ ਨੂੰ ਇਸ ਦਾ ਕੋਈ ਇਲਮ ਨਹੀਂ ਹੈ ਕਿ ਲੰਗਰ ਸਾਹਿਬ ਗੁਰੂ ਸਾਹਿਬਾਨ ਦੇ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਦੇ ਸੰਕਲਪ ਦਾ ਇਕ ਬਹੁਤ ਜਰੂਰੀ ਹਿੱਸਾ ਹੈ ਅਤੇ ਉਹ ਸਿੱਖ ਵਿਰਸੇ ਦੀਆਂ ਕਦਰਾਂ-ਕੀਮਤਾਂ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ। ਉਸ ਵੱਲੋਂ ਸਿੱਖ ਮਰਿਆਦਾ ਅਤੇ ਸਿੱਖ ਸਿਧਾਂਤਾਂ ਬਾਰੇ ਵਿਖਾਇਆ ਜਾਂਦਾ ਫ਼ਿਕਰ ਹੁਣ ਕਿੱਥੇ ਹੈ?

ਬੀਬਾ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਜਦੋਂ ਲੋਕਾਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਉਸ ਨੂੰ ਵੱਡੇ ਵੱਡੇ ਵਾਅਦੇ ਕਰਨ ਦੀ ਆਦਤ ਹੈ। ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਉਹ ਅਜਿਹਾ ਕਰਕੇ ਲੋਕਾਂ ਨੂੰ ਠੱਗ ਚੁੱਕਿਆ ਹੈ। ਉਹਨਾਂ ਕਿਹਾ ਕਿ ਪਰ 2002 ਤੋਂ ਲੈ ਕੇ ਅਮਰਿੰਦਰ ਦਾ ਇਤਿਹਾਸ ਲੋਕਾਂ ਨਾਲ ਝੂਠ ਅਤੇ ਫਰੇਬ ਦੀ ਦਾਸਤਾਂ ਹੈ। ਜਦੋਂ ਇੱਕ ਵਾਰ ਉਹ ਚੋਣ ਜਿੱਤ ਕੇ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਨਾ ਉਹ ਸਿਰਫ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਜਾਂਦਾ ਹੈ, ਸਗੋਂ ਖੁਦ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਲੈਂਦਾ ਹੈ।

ਲੋਕਾਂ ਨਾਲ ਜੁੜੇ ਹੰਗਾਮੀ ਮੁੱਦਿਆਂ ਨੂੰ ਲੈ ਕੇ ਉਸ ਦੇ ਕੈਬਨਿਟ ਸਾਥੀ ਵੀ ਕੈਪਟਨ ਨੂੰ ਮਿਲ ਨਹੀਂ ਸਕਦੇ। ਉਹ ਹਮੇਸ਼ਾਂ ਇਸੇ ਤਰ੍ਹਾਂ ਕਰਦਾ ਹੈ। ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਉਹ ਗੁਰੂ ਘਰ ਤੋਂ ਦੂਰ ਨਹੀਂ ਹੋਵੇਗਾ ਅਤੇ ਨਾ ਹੀ ਗੁਰੂ ਘਰ ਨੂੰ ਧੋਖਾ ਨਹੀਂ ਦੇਵੇਗਾ। ਉਹਨਾਂ ਕਿਹਾ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਧਰਮ ਸੰਬੰਧੀ ਮਾਮਲਿਆਂ ਨੂੰ ਲੈ ਕੇ ਵੀ ਉੰਨਾ ਹੀ ਗੈਰ-ਜ਼ਿੰਮੇਵਾਰ ਹੈ, ਜਿੰਨਾ ਸੂਬੇ ਦੇ ਲੋਕਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਲੈ ਕੇ ਹੈ।

-PTC News

Related Post