ਪਦਮਾਵਤੀ ਫਿਲਮ ਬਾਰੇ ਬਿਆਨ 'ਤੇ ਪਲਟੇ ਕੈਪਟਨ ਅਮਰਿੰਦਰ ਸਿੰਘ

By  Joshi November 21st 2017 09:26 PM -- Updated: November 22nd 2017 12:24 AM

captain amarinder singh padmavati film statement: ‘ਕਿਸੇ ਵੀ ਤਰਾਂ ਦੀ ਧਮਕੀ ਦਿੱਤੇ ਜਾਣ ਦਾ ਵਿਰੋਧ ਕਰਦਾ ਹਾਂ’

ਚੰਡੀਗੜ: ਫਿਲਮ ‘ਪਦਮਾਵਤੀ’ ’ਤੇ ਪਾਬੰਦੀ ਦੇ ਸੁਝਾਵਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕੁਝ ਸਵਾਰਥੀ ਹਿੱਤਾਂ ਨੇ ਇਸ ਮੁੱਦੇ ’ਤੇ ਉਨਾਂ ਦੇ ਬਿਆਨ ਦੀ ਗਲਤ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਚੱਲ ਰਹੀ ਚਰਚਾ ਦੇ ਸਬੰਧ ’ਚ ਸੰਜਮ ਵਰਤੇ ਜਾਣ ਦੀ ਗੱਲ ਕਰਦੇ ਹੋਏ ਕਿਹਾ ਕਿ ਉਨਾਂ ਨੇ ਨਾ ਤਾਂ ਫਿਲਮ ’ਤੇ ਪਾਬੰਦੀ ਦੀ ਹਮਾਇਤ ਕੀਤੀ ਸੀ ਅਤੇ ਨਾ ਹੀ ਪਦਮਾਵਤੀ ਦੇ ਐਕਟਰਾਂ ਅਤੇ ਹੋਰ ਮੈਂਬਰਾਂ ਨੂੰ ਧਮਕਾਉਣ ਵਾਲਿਆਂ ਦੀ ਹਮਾਇਤ ਕੀਤੀ ਸੀ।

ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਫਿਲਮ ਦੇ ਅਭਿਨੇਤਾਵਾਂ ਅਤੇ ਡਾਇਰੈਕਟਰਾਂ ਨੂੰ ਕੁਝ ਕੱਟੜ ਤੱਤਾਂ ਵੱਲੋਂ ਧਕਮੀਆਂ ਦੇਣ ਦਾ ਪੂਰੀ ਤਰਾਂ ਵਿਰੋਧ ਕਰਦੇ ਹਨ ਪਰ ਉਨਾਂ ਨੇ ਦੁਹਰਾਇਆ ਕਿ ਇਤਿਹਾਸਕ ਤੱਥਾਂ ’ਚ ਤੋੜ-ਭੰਨ ਕਰਨ ਕਰਕੇ ਜੇ ਕਿਸੇ ਨੂੰ ਦੁੱਖ ਹੋਇਆ ਹੈ ਤਾਂ ਉਸ ਨੂੰ ਸ਼ਾਂਤੀਪੂਰਨ ਅੰਦੋਲਨ ਕਰਨ ਦਾ ਅਧਿਕਾਰ ਹੈ। ਉਨਾਂ ਕਿਹਾ ਕਿ ਧਮਕੀਆਂ ਅਤੇ ਰੋਸ ਵਿਚ ਇਕ ਫਰਕ ਕੀਤੇ ਜਾਣ ਦੀ ਲੋੜ ਹੈ।

ਕੈਪਟਨ ਅਮਰਿੰਦਰ ਨੇ ਕਿਹਾ, ‘‘ਮੈਂ ਫਿਲਮ ’ਤੇ ਪਾਬੰਦੀ ਦੀ ਕਿਸ ਤਰਾਂ ਮੰਗ ਜਾਂ ਸਮਰਥਨ ਕਰ ਸਕਦਾ ਹਾਂ ਜਦਕਿ ਮੈਂ ਇਹ ਫਿਲਮ ਦੇਖੀ ਹੀ ਨਹੀਂ ਹੈ’’। ਉਨਾਂ ਨੇ ਆਪਣੇ ਬਿਆਨ ਵਿਚੋਂ ਇਹ ਸਿੱਟਾ ਕੱਢੇ ਜਾਣ ਨੂੰ ਨਕਾਰਿਆ ਹੈ। ਉਨਾਂ ਕਿਹਾ ਕਿ ਜੇ ਇਤਿਹਾਸ ਨੂੰ ਤੋੜਣ ਮਰੋੜਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਵਿਰੁੱਧ ਵਿਰੋਧ ਜਾਇਜ਼ ਹੈ।

ਉਨਾਂ ਕਿਹਾ ਕਿ ਇਕ ਸੱਭਿਅਕ ਅਤੇ ਜਮਹੂਰੀ ਸਮਾਜ ਵਿਚ ਸ਼ਾਂਤੀਪੂਰਨ ਵਿਰੋਧ ਕਰਨ ਦੇ ਅਧਿਕਾਰ ਨਾਲ ਕੋਈ ਵੀ ਅਸਹਿਮਤੀ ਨਹੀਂ ਪ੍ਰਗਟ ਕਰ ਸਕਦਾ ਅਤੇ ਨਾ ਹੀ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕਿਸੇ ਨਾਲ ਅਸਹਿਮਤ ਹੋਣ ਕਰਕੇ ਉਸ ਨੂੰ ਧਮਕੀਆਂ ਦੇਣ ਦਾ ਅਧਿਕਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨਾਂ ਸਾਰੇ ਲੋਕਾਂ ਦੀ ਪੂਰੀ ਤਰਾਂ ਨਿੰਦਾ ਕਰਦੇ ਹਨ ਜੋ ਧਮਕੀਆਂ ਦੇ ਰਹੇ ਹਨ ਅਤੇ ਉਨਾਂ ਦੇ ਵਿਰੁੱਧ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਇਸ ਦੀ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟੇ ਜਾਣ ਦੀ ਜਰੂਰਤ ਹੈ।

ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਇੱਕ ਫੌਜੀ ਇਤਿਹਾਸਕਾਰ ਹੋਣ ਦੇ ਨਾਤੇ, ਜਿਸ ਨੇ ਇਤਿਹਾਸ ਦਾ ਅਧਿਐਨ ਕੀਤਾ ਹੈ ਅਤੇ ਚਿਤੌੜ ਵੀ ਗਿਆ ਹੈ, ਉਨਾਂ ਦੇ ਵਾਸਤੇ ਇਤਿਹਾਸਕ ਤੱਥਾਂ ਨੂੰ ਤੋੜਣ-ਮਰੋੜਣ ਦੀ ਗੱਲ ਅਸਵੀਕਾਰਨਯੋਗ ਹੈ। ਉਨਾਂ ਅੱਗੇ ਕਿਹਾ ਕਿ ਸਿਨੇਮੈਟਿਕ ਲਾਇਸੈਂਸ ਨੇ ਕਿਸੇ ਨੂੰ ਇਤਿਹਾਸਕ ਤੱਥ ਬਦਲਣ ਦਾ ਹੱਕ ਨਹੀਂ ਦਿਤਾ ਹੈ ਅਤੇ ਕਿਹਾ ਕਿ ਜਮਹੂਰੀ ਪ੍ਰਣਾਲੀ ਵਿੱਚ ਰੋਸ ਪੂਰੀ ਤਰਾਂ ਜਾਇਜ਼ ਹੈ।

Related Post