CBI ਨੇ ਚੰਡੀਗੜ੍ਹ 'ਚ ਮਹਿਲਾ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ

By  Riya Bawa September 18th 2021 01:43 PM

ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚੰਡੀਗੜ੍ਹ ਵਿੱਚ ਛਾਪੇਮਾਰੀ ਦੌਰਾਨ ਇੱਕ ਮਹਿਲਾ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਸ ਮਹਿਲਾ ਸਬ-ਇੰਸਪੈਕਟਰ ਦਾ ਨਾਂ ਸਰਬਜੀਤ ਕੌਰ ਹੈ। ਜਾਂਚ ਦੇ ਦੌਰਾਨ ਪਤਾ ਲੱਗਿਆ ਹੈ ਕਿ ਮਹਿਲਾ ਪੁਲਿਸ ਐਫਆਈਆਰ ਵਿੱਚੋਂ ਨਾਮ ਹਟਾਉਣ ਦੇ ਬਦਲੇ ਮੁਲਜ਼ਮਾਂ ਤੋਂ ਦਸ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੀ ਸੀ। ਮਹਿਲਾ ਸਬ-ਇੰਸਪੈਕਟਰ ਚੰਡੀਗੜ੍ਹ ਦੇ ਸੈਕਟਰ 34 ਥਾਣੇ ਵਿੱਚ ਤਾਇਨਾਤ ਸੀ।

ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਦੇ ਅਨੁਸਾਰ, ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਮੈਨੂੰ ਪਤਾ ਲੱਗਾ ਕਿ ਉਸਦਾ ਨਾਮ ਸੈਕਟਰ 34 ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਐਫਆਈਆਰ ਵਿੱਚ ਹੈ। ਇਸ ਲਈ ਉਸ ਨੇ ਸੈਕਟਰ 34 ਥਾਣੇ ਵਿੱਚ ਤਾਇਨਾਤ ਜਾਂਚ ਅਧਿਕਾਰੀ ਸਰਬਜੀਤ ਕੌਰ ਨਾਲ ਸੰਪਰਕ ਕੀਤਾ।

ਸ਼ਿਕਾਇਤ ਦੇ ਅਨੁਸਾਰ, ਸ਼ਿਕਾਇਤਕਰਤਾ ਨੇ ਦੋਸ਼ੀ ਸਬ-ਇੰਸਪੈਕਟਰ ਨੂੰ ਦੱਸਿਆ ਕਿ ਉਸ ਦਾ ਨਾਂ ਐਫਆਈਆਰ ਵਿੱਚ ਗਲਤ ਤਰੀਕੇ ਨਾਲ ਲਿਖਿਆ ਗਿਆ ਹੈ ਅਤੇ ਉਸਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੋਸ਼ ਹੈ ਕਿ ਮਹਿਲਾ ਸਬ-ਇੰਸਪੈਕਟਰ ਨੇ ਉਸ ਦਾ ਨਾਂ ਐਫਆਈਆਰ ਵਿੱਚੋਂ ਹਟਾਉਣ ਦੇ ਬਦਲੇ ਵਿੱਚ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸੂਚਨਾ ਦੇ ਆਧਾਰ 'ਤੇ ਸੀਬੀਆਈ ਨੇ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਅਤੇ ਮੁੱਢਲੀ ਜਾਂਚ ਦੌਰਾਨ ਤੱਥਾਂ ਦਾ ਪਤਾ ਲੱਗਣ 'ਤੇ ਜਾਲ ਵਿਛਾ ਕੇ ਰਿਸ਼ਵਤ ਲੈਣ ਵਾਲੀ ਮਹਿਲਾ ਸਬ-ਇੰਸਪੈਕਟਰ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

-PTC News

Related Post